ਬਰਨਾਲਾ ‘ਚ 600 ਕਿਲੋ ਮਿਲਾਵਟੀ ਅਤੇ ਨਕਲੀ ਪਨੀਰ ਬਰਾਮਦ, ਸਾਂਝੇ ਆਪ੍ਰੇਸ਼ਨ ਵਿੱਚ ਇੱਕ ਗ੍ਰਿਫ਼ਤਾਰ

Updated On: 

05 Sep 2026 17:56 PM IST

ਜਾਣਕਾਰੀ ਦਿੰਦਿਆਂ ਸੀ. ਸਟਾਫ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ, ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਖੋਰਾ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 600 ਕਿਲੋਗ੍ਰਾਮ ਪਨੀਰ ਬਰਾਮਦ ਹੋਇਆ।

ਬਰਨਾਲਾ ਚ 600 ਕਿਲੋ ਮਿਲਾਵਟੀ ਅਤੇ ਨਕਲੀ ਪਨੀਰ ਬਰਾਮਦ, ਸਾਂਝੇ ਆਪ੍ਰੇਸ਼ਨ ਵਿੱਚ ਇੱਕ ਗ੍ਰਿਫ਼ਤਾਰ

ਬਰਨਾਲਾ 'ਚ 600 ਕਿਲੋ ਮਿਲਾਵਟੀ ਪਨੀਰ ਬਰਾਮਦ (Photo Credit: ChatGpt)

ਮਿਲਾਵਟਖੋਰੀ ਖਿਲਾਫ ਚਲਾਈ ਗਈ ਮੁਹਿੰਮ ਦੇ ਹਿੱਸੇ ਵਜੋਂ, ਬਰਨਾਲਾ CIA ਸਟਾਫ ਅਤੇ ਫੂਡ ਸੇਫਟੀ ਵਿਭਾਗ ਨੇ ਸਾਂਝੇ ਤੌਰ ‘ਤੇ ਇੱਕ ਵਿਅਕਤੀ ਨੂੰ 600 ਕਿਲੋਗ੍ਰਾਮ ਸ਼ੱਕੀ ਪਨੀਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਨਕਲੀ ਮਠਿਆਈਆਂ ਅਤੇ ਪਕਵਾਨ ਬਣਾਉਣ ਲਈ ਨਕਲੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।

600 ਕਿਲੋਗ੍ਰਾਮ ਨਕਲੀ ਪਨੀਰ ਅਤੇ ਇੱਕ ਗੱਡੀ ਜ਼ਬਤ

ਇਸ ਦੌਰਾਨ ਬਰਨਾਲਾ ਦੇ ਸੀਆਈਏ ਸਟਾਫ ਦੀ ਇੱਕ ਟੀਮ ਨੇ 600 ਕਿਲੋਗ੍ਰਾਮ ਨਕਲੀ ਪਨੀਰ ਅਤੇ ਇੱਕ ਗੱਡੀ ਜ਼ਬਤ ਕੀਤੀ। ਪੁਲਿਸ ਦੀ ਇਸ ਪਹਿਲ ਨਾਲ ਕਈ ਲੋਕਾਂ ਦੀ ਸਿਹਤ ਖਰਾਬ ਹੋਣ ਤੋਂ ਬੱਚ ਜਾਵੇਗੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਨੀਰ ਨੂੰ ਸੰਗਰੂਰ ਤੋਂ ਬਠਿੰਡਾ ਲਿਜਾ ਰਿਹਾ ਸੀ।

ਜਾਣਕਾਰੀ ਦਿੰਦਿਆਂ ਸੀ. ਸਟਾਫ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ, ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਖੋਰਾ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 600 ਕਿਲੋਗ੍ਰਾਮ ਪਨੀਰ ਬਰਾਮਦ ਹੋਇਆ। ਮੌਕੇ ‘ਤੇ ਮੌਜੂਦ ਫੂਡ ਸੇਫਟੀ ਅਫਸਰ ਨੇ ਪਨੀਰ ਦੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ, ਜਦੋਂ ਕਿ ਬਾਕੀ ਸਾਮਾਨ ਨਿਯਮਾਂ ਅਨੁਸਾਰ ਜ਼ਬਤ ਕਰ ਲਿਆ ਗਿਆ।

ਮੁਲਜ਼ਮ ਪਨੀਰ ਵੇਚਣ ਲਈ ਬਠਿੰਡਾ ਜਾ ਰਿਹਾ ਸੀ

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਸੰਗਰੂਰ ਸ਼ਹਿਰ ਤੋਂ ਪਨੀਰ ਲਿਆਇਆ ਸੀ ਅਤੇ ਇਸ ਨੂੰ ਵੇਚਣ ਲਈ ਬਠਿੰਡਾ ਲਿਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਖਿਲਾਫ ਭਾਰਤੀ ਦੰਡਾਵਲੀ (IPC) ਦੀ ਧਾਰਾ 318(4), 274 ਅਤੇ 275 ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਅਤੇ ਹੋਰ ਜਾਂਚ ਜਾਰੀ ਹੈ।

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਮਿਲਾਵਟਖੋਰਾਂ ਖਿਲਾਫ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

Loading...
Unable to load recommendations.
Follow Us