ਦਹਿਸ਼ਤ ਦੇ ਸਾਏ ‘ਚ ਰਹਿ ਰਹੇ ਪੰਜਾਬ ‘ਚ ਕਿਹੜਾ ਨਿਵੇਸ਼ਕ ਕਰੇਗਾ ਨਿਵੇਸ਼: ਅਵਿਨਾਸ਼ ਰਾਏ ਖੰਨਾ
Avinash Rai Khanna ਨੇ ਕਿਹਾ ਕਿ ਭਾਜਪਾ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਬਹੁਤ ਦੁਖੀ ਅਤੇ ਚਿੰਤਤ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਇੱਕ ਸਾਲ ਦੇ ਰਾਜ ਦੌਰਾਨ ਸੂਬੇ ਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ।
ਸਰਕਾਰ ਅਤੇ ਪੁਲਿਸ-ਪ੍ਰਸ਼ਾਸ਼ਨ ਦੀਆਂ ਕਾਰਵਾਈਆਂ ਦੀ ਪੋਲ ਖੁਲ੍ਹੀ
ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਏਜੰਡਾ ਪੰਜਾਬੀਆਂ ਦਾ ਹਿੱਤ, ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਤਰੀਕੇ ਨਾਲ ਵਾਰ-ਵਾਰ ਇੰਟਰਵਿਊ ਦੇ ਕੇ ਧਮਕੀਆਂ ਦੇ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਅਤੇ ਪੁਲਿਸ-ਪ੍ਰਸ਼ਾਸ਼ਨ ਦੀਆਂ ਕਾਰਵਾਈਆਂ ਦੀ ਪੋਲ ਖੋਲ ਦਿੱਤੀ ਹੈ।ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ
ਉਨ੍ਹਾਂ ਕਿਹਾ ਕਿ ਬਿਸ਼ਨੋਈ ਨੇ ਜਿਸ ਤਰ੍ਹਾਂ ਇਕ ਨਿੱਜੀ ਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਉਸ ਤੋਂ ਹਰ ਕੋਈ ਹੈਰਾਨ ਅਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ, ਦੇਸ਼ ਵਿਰੋਧੀ ਤਾਕਤਾਂ ਸੱਤਾ ਵਿੱਚ ਹਨ। ਹਰ ਰੋਜ਼ ਕਤਲ ਹੋ ਰਹੇ ਹਨ। ‘ਆਪ’ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮੋਹਾਲੀ ‘ਚ ਪੰਜਾਬ ਪੁਲਿਸ ਇੰਟੈਲੀਜੈਂਸ ਦੀ ਮੁੱਖ ਇਮਾਰਤ ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਗਏ। ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆ ਦਾ ਕਤਲ ਕਰ ਦਿੱਤਾ ਗਿਆ, ਪਰ ਉਸ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਉਸ ਤੋਂ ਬਾਅਦ ਵੀ ਪੰਜ ਹੋਰ ਕਬੱਡੀ ਖਿਡਾਰੀ ਮਾਰੇ ਗਏ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਉਸਦੇ ਪਰਿਵਾਰ ਵਾਲੇ ਅੱਜ ਵੀ ਇਨਸਾਫ਼ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਲਾਈ ਬੈਠੇ ਹਨ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਦੇ ਸਾਹਮਣੇ ਗੋਲੀ ਮਾਰ ਕੇ ਮਾਰਿਆ ਗਿਆ। ਅੰਮ੍ਰਿਤਸਰ ‘ਚ ਹੀ ਇਕ ਹੋਰ ਘਟਨਾ ‘ਚ ‘ਆਪ’ ਨੇਤਾ ਦੇ ਬੇਟੇ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਗੋਲੀ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਹੁਣ ਗੈਂਗਸਟਰ ਜੇਲ੍ਹਾਂ ਵਿੱਚੋਂ ਇੰਟਰਵਿਊ ਦੇ ਰਹੇ ਹਨ। ਗੋਇੰਦਵਾਲ ਸਾਹਿਬ ਜੇਲ ‘ਚ ਆਪਸੀ ਲੜਾਈ ‘ਚ ਜੇਲ ਦੇ ਅੰਦਰ 2 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜੇਲ੍ਹਾਂ ਵਿੱਚ ਗੈਂਗਵਾਰ ਕਰਵਾ ਕੇ ਕਤਲ ਕੀਤੇ ਜਾ ਰਹੇ ਹਨ ਤਾਂ ਜੋ ਸਬੂਤ ਮਿਟਾਏ ਜਾ ਸਕਣ। ਥਾਣਾ ਅਜਨਾਲਾ ਦੀ ਘਟਨਾ ਨੇ ਪੁਲਿਸ ਪ੍ਰਸ਼ਾਸਨ ਦੀ ਬੇਵਸੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
