ਆਨੰਦ ਮਹਿੰਦਰਾ ਦਾ ਜੱਦੀ ਘਰ ਢਹਿਆ: ਸਾਲਾਂ ਤੋਂ ਖਾਲੀ ਸੀ ਮਕਾਨ, ਨਾਨਕਸ਼ਾਹੀ ਇੱਟਾਂ ਤੋਂ ਬਣੀ ਸੀ ਇਮਾਰਤ
Anand Mahindra ancestral house collapsed: ਮੰਗਲਵਾਰ ਨੂੰ ਲੁਧਿਆਣਾ ਵਿੱਚ ਭਾਰੀ ਮੀਂਹ ਕਾਰਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦਾ ਪੁਸ਼ਤੈਨੀ ਘਰ ਢਹਿ ਗਿਆ। ਆਨੰਦ ਮਹਿੰਦਰਾ ਦਾ ਇਹ ਘਰ ਲੁਧਿਆਣਾ ਦੇ ਮੋਹੱਲਾ ਨੌਘਰਾ ਵਿੱਚ ਸਥਿਤ ਸੀ ਜੋ ਹੁਣ ਧਰਾਸ਼ਾਈ ਹੋ ਚੁੱਕਾ ਹੈ।
ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਹੜਾਂ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਮੰਗਲਵਾਰ ਨੂੰ ਲੁਧਿਆਣਾ ਵਿੱਚ ਭਾਰੀ ਮੀਂਹ ਕਾਰਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦਾ ਪੁਸ਼ਤੈਨੀ ਘਰ ਢਹਿ ਗਿਆ। ਆਨੰਦ ਮਹਿੰਦਰਾ ਦਾ ਇਹ ਤਿੰਨ ਮੰਜ਼ਿਲਾ ਘਰ ਲੁਧਿਆਣਾ ਦੇ ਮੋਹੱਲਾ ਨੌਘਰਾ ਵਿੱਚ ਸਥਿਤ ਸੀ, ਜੋ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਜਿਸ ਹਿੱਸੇ ਦੀ ਇਮਾਰਤ ਡਿੱਗੀ ਹੈ, ਉੱਥੇ ਕੋਈ ਵੀ ਨਹੀਂ ਰਹਿੰਦਾ ਸੀ। ਕਈ ਸਾਲਾਂ ਤੋਂ ਇਹ ਇਮਾਰਤ ਖਾਲੀ ਪਈ ਸੀ, ਪਰ ਮਹਿੰਦਰਾ ਕੰਪਨੀ ਦੇ ਅਧਿਕਾਰੀ ਕਦੇ-ਕਦੇ ਇਸ ਦੀ ਦੇਖਭਾਲ ਲਈ ਆਉਂਦੇ ਰਹਿੰਦੇ ਸਨ। ਮੁਰੰਮਤ ਦੀ ਕਮੀ ਕਾਰਨ ਇਮਾਰਤ ਬਹੁਤ ਜਰਜਰ ਹੋ ਚੁੱਕੀ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਨਾਨਕਸ਼ਾਹੀ ਇੱਟਾਂ ਨਾਲ ਬਣਿਆ ਸੀ ਮਕਾਨ
ਆਨੰਦ ਮਹਿੰਦਰਾ ਦੇ ਬਜ਼ੁਰਗ ਨੇ ਜਦੋਂ ਮਹਿੰਦਰਾ ਕੰਪਨੀ ਸ਼ੁਰੂ ਕੀਤੀ ਤਾਂ ਆਪਣੇ ਵਧਦੇ ਕਾਰੋਬਾਰ ਕਾਰਨ ਉਨ੍ਹਾਂ ਨੂੰ ਲੁਧਿਆਣਾ ਛੱਡਣਾ ਪਿਆ। ਜਿਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਏ। ਜਿਸ ਕਾਰਨ ਉਨ੍ਹਾਂ ਨੇ ਲੁਧਿਆਣਾ ਵਿੱਚ ਆਪਣਾ ਜੱਦੀ ਘਰ ਬੰਦ ਕਰ ਦਿੱਤਾ। ਨਾਨਕਸ਼ਾਹੀ ਇੱਟਾਂ ਨਾਲ ਬਣਿਆ ਇਹ ਮਕਾਨ ਲਗਭਗ 400-500 ਗਜ਼ ਵਿੱਚ ਫੈਲਿਆ ਹੋਇਆ ਸੀ।
ਇਹ ਵੀ ਪੜ੍ਹੋ
ਕਈ ਸਾਲਾਂ ਤੋਂ ਸੁੰਨਾ ਪਿਆ ਘਰ
ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਠਾਪਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਰ ਕਈ ਸਾਲਾਂ ਤੋਂ ਸੁੰਨਾ ਪਿਆ ਸੀ। ਇਸ ਘਰ ਵਿੱਚ ਆਨੰਦ ਮਹਿੰਦਰਾ ਦੇ ਬਜ਼ੁਰਗ ਰਹਿੰਦੇ ਸਨ। ਲੋਕਾਂ ਨੇ ਕਈ ਵਾਰ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਘਰ ਨੂੰ ਵੇਚਣ ਲਈ ਕਿਹਾ, ਪਰ ਹਰ ਵਾਰ ਉਨ੍ਹਾਂ ਨੂੰ ਮਨਾਂ ਕਰ ਦਿੱਤਾ ਜਾਂਦਾ ਸੀ। ਇਸ ਇਮਾਰਤ ਦੇ ਡਿੱਗਣ ਦੀ ਜਾਣਕਾਰੀ ਵੀ ਕੰਪਨੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਹੁਣ ਇਸ ਘਰ ਦਾ ਕੀ ਕਰਨਾ ਹੈ ਇਹ ਕੰਪਨੀ ਦੇ ਲੋਕਾਂ ਵੱਲੋਂ ਹੀ ਫੈਸਲਾ ਲਿਆ ਜਾਵੇਗਾ।
ਜਾਣੋ ਕੌਣ ਹਨ ਆਨੰਦ ਮਹਿੰਦਰਾ?
ਆਨੰਦ ਮਹਿੰਦਰਾ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਹਨ, ਜੋ ਭਾਰਤ ਦੀਆਂ ਸਭ ਤੋਂ ਵੱਡੀਆਂ ਆਟੋਮੋਬਾਈਲ ਅਤੇ ਬਿਜ਼ਨਸ ਕੰਪਨੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਆਪਣੇ ਦੂਰਦਰਸ਼ੀ ਕਾਰੋਬਾਰੀ ਫ਼ੈਸਲਿਆਂ ਨਾਲ ਕੰਪਨੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ। ਆਨੰਦ ਮਹਿੰਦਰਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਹਾਜ਼ਰਜਵਾਬ ਪੋਸਟਾਂ ਲਈ ਮਸ਼ਹੂਰ ਹਨ। ਉਹ ਖੇਤੀਬਾੜੀ, ਆਟੋਮੋਬਾਈਲ, ਟੈਕਨਾਲੋਜੀ ਅਤੇ ਮਨੋਰੰਜਨ ਖੇਤਰਾਂ ਵਿੱਚ ਕੰਪਨੀ ਦਾ ਵਿਸ਼ਤਾਰ ਕਰ ਚੁੱਕੇ ਹਨ। ਸਮਾਜਸੇਵਾ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ ਅਤੇ ਉਹ ਭਾਰਤ ਦੇ ਪ੍ਰੇਰਕ ਉਦਯੋਗਪਤੀਆਂ ਵਿੱਚ ਗਿਣੇ ਜਾਂਦੇ ਹਨ।
