ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੀ ਵਿਕਰੀ ‘ਚ ਇਕ ਕਰੋੜ ਦਾ ਘੁਟਾਲਾ, ਜਿੰਮੇਦਾਰ ਮੁਲਾਜ਼ਮਾਂ ਤੋਂ ਹੋਵੇਗੀ ਵਸੂਲੀ

Updated On: 

01 Jul 2023 11:14 AM

Roti Scam in Golden Temple: ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਤੇ ਜੋ ਵੀ ਅਧਿਕਾਰੀ ਜਾਂ ਮੁਲਾਜ਼ਮ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਪਾਇਆ ਗਿਆ, ਉਸ ਕੋਲੋਂ ਇਸ ਸਾਰੇ ਪੈਸੇ ਦੀ ਭਰਪਾਈ ਕੀਤੀ ਜਾਵੇਗੀ।

ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੀ ਵਿਕਰੀ ਚ ਇਕ ਕਰੋੜ ਦਾ ਘੁਟਾਲਾ, ਜਿੰਮੇਦਾਰ ਮੁਲਾਜ਼ਮਾਂ ਤੋਂ ਹੋਵੇਗੀ ਵਸੂਲੀ
Follow Us On

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਅਤੇ ਝੂਠੀਆਂ ਰੋਟੀਆਂ ਦੀ ਨਿਲਾਮੀ ਅਤੇ ਵਿਕਰੀ ਵਿੱਚ ਇੱਕ ਕਰੋੜ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਉਡਣ ਦਸਤਾ ਇਸ ਦੀ ਜਾਂਚ ਕਰ ਰਿਹਾ ਹੈ। ਵਿੰਗ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਲੰਗਰ ਦੀਆਂ ਸੁੱਕੀਆਂ ਅਤੇ ਜੂਠੀਆਂ ਰੋਟਆ, ਛਾਨਬੂਰ, ਸਫਾਈ ਤੋਂ ਬਾਅਦ ਬਚੀ ਸਮੱਗਰੀ ਅਤੇ ਝੋਨੇ ਆਦਿ ਦੀ ਵਿਕਰੀ ਅਤੇ ਨਿਲਾਮੀ ਵਿੱਚ 62 ਲੱਖ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ, ਪਰ ਹੁਣ ਇਹ ਘਪਲਾ ਇੱਕ ਕਰੋੜ ਤੱਕ ਪਹੁੰਚ ਗਿਆ ਹੈ।

ਇਸ ਘੁਟਾਲੇ ਲਈ ਡੇਢ ਦਰਜਨ ਦੇ ਕਰੀਬ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ ਤੇ ਇੰਸਪੈਕਟਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਮਾਮਲੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਮੇਤ ਤਿੰਨ ਸੇਵਾਮੁਕਤ ਮੈਨੇਜਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ਫਲਾਇੰਗ ਸਕੁਐਡ ਨੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਵੱਖ-ਵੱਖ ਮੁਲਾਜ਼ਮਾਂ ਅਤੇ ਅਧਿਕਾਰੀਆਂ ਕੋਲੋਂ ਗਬਨ ਦੀ ਰਕਮ ਵਸੂਲਣ ਲਈ ਕਿਹਾ ਹੈ।

ਸਟੋਰਕੀਪਰਾਂ ਨੂੰ ਮੁਅੱਤਲ ਕਰਕੇ ਵਸੂਲੀ ਦੇ ਹੁਕਮ

ਵਿੰਗ ਨੇ ਦੋ ਸਟੋਰਕੀਪਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਤੋਂ ਵਸੂਲੀ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਧਾਂਦਲੀ ਵਾਲੇ ਵਾਊਚਰਾਂ ‘ਤੇ ਦਸਤਖਤ ਕਰਨ ਵਾਲੇ ਸਾਰੇ ਪ੍ਰਬੰਧਕਾਂ ਨੂੰ ਦੋਵੇਂ ਧਿਰਾਂ ਵੱਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਪਹਿਲਾਂ ਸਿਰਫ਼ ਦੋ ਸਟੋਰਕੀਪਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਪਰ ਹੌਲੀ-ਹੌਲੀ ਹੋਰ ਨਾਂ ਸਾਹਮਣੇ ਆਏ। ਉੱਧਰ, ਮੈਨੇਜਰ ਸਮੇਤ ਕੁਝ ਮੁਲਾਜ਼ਮ ਆਪਣੇ ਆਪ ਨੂੰ ਬੇਕਸੂਰ ਦੱਸ ਕੇ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਧਾਂਦਲੀ ਕੀਤੀ ਹੈ, ਉਨ੍ਹਾਂ ਕੋਲੋਂ ਵਸੂਲੀ ਕੀਤੀ ਜਾਣੀ ਚਾਹੀਦੀ ਹੈ।

ਇੰਝ ਹੋਇਆ ਘੁਟਾਲਾ

ਰੋਜ਼ਾਨਾ ਲੰਗਰ ਤੋਂ ਵੱਡੀ ਮਾਤਰਾ ਵਿਚ ਸੁੱਕੀਆਂ ਰੋਟੀਆਂ ਬੱਚ ਜਾਂਦੀਆਂ ਹਨ, ਜੋ ਇਕ ਥਾਂ ‘ਤੇ ਰੱਖੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਆਟਾ, ਦਾਲ ਅਤੇ ਚੌਲਾਂ ਦੇ ਬਰੀਕ ਟੁਕੜੇ ਵੀ ਇਕੱਠੇ ਕੀਤੇ ਜਾਂਦੇ ਹਨ। ਇਨ੍ਹਾਂ ਦੀ ਵਿਕਰੀ ਲਈ ਟੈਂਡਰ ਮੰਗੇ ਜਾਂਦੇ ਹਨ। ਇਹ ਸਮੱਗਰੀ ਅੱਗੇ ਪਸ਼ੂਆਂ ਦੇ ਫੀਡ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲੀਭੁਗਤ ਨਾਲ ਤੈਅ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰਕੇ ਟੈਂਡਰ ਦਿੱਤੇ ਅਤੇ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਟੈਂਡਰ ਦੀ ਰਕਮ ਵੱਧ ਦੱਸ ਕੇ ਬਾਕੀ ਰਕਮ ਹੜੱਪ ਲਈ।

ਜੋ ਵੀ ਜ਼ਿੰਮੇਵਾਰ ਹੋਵੇਗਾ, ਉਸਤੋਂ ਹੋਵੇਗੀ ਵਸੂਲੀ

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹਿਣ ਵਾਲਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ, ਜਿਸ ਦਾ ਨਾਂ ਜਾਂਚ ਵਿੱਚ ਸਾਹਮਣੇ ਆਇਆ, ਉਸ ਤੋਂ ਹਰਜਾਨੇ ਦੀ ਭਰਪਾਈ ਕੀਤੀ ਜਾਵੇਗੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ