ਅੰਮ੍ਰਿਤਸਰ ਨਿਊਜ: ਸ਼੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟ੍ਰੀਟ (Haritage Street) ਵਿੱਚ ਲਗਾਤਾਰ ਹੋਏ ਦੋ ਧਮਾਕਿਆਂ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਗਾਤਾਰ ਐਕਸ਼ਨ ਵਿੱਚ ਹਨ। ਇੱਕ ਪਾਸੇ ਜਿੱਥੇ ਐਨਆਈਏ ਅਤੇ ਐਨਐਸਜੀ ਧਮਾਕੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ ਤਾਂ ਦੂਜੇ ਪਾਸੇ ਪੁਲਿਸ ਵੀ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਪੂਰਾ ਜੋਰ ਲਗਾ ਰਹੀਆਂ ਹਨ। ਇਸੇ ਦੇ ਚਲਦਿਆਂ ਸੋਮਵਾਰ ਨੂੰ ਹੈਰੀਟੇਜ ਸਟ੍ਰੀਟ ਵਿੱਚ ਫਲੈਗ ਮਾਰਚ ਕੱਢਣ ਤੋਂ ਬਾਅਦ ਮੰਗਲਵਾਰ ਨੂੰ ਵੀ ਪੰਜਾਬ ਪੁਲਿਸ, ਨੀਮ ਫੌਜੀ ਦਸਤੇ ਅਤੇ ਆਰਏਐਫ ਜਵਾਨਾਂ ਨੇ ਫਲੈਗ ਮਾਰਚ ਕੱਢਿਆ।
ਇਸ ਮੌਕੇ ਗੱਲਬਾਤ ਏਡੀਸੀਪੀ ਮਹਿਤਾਬ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਨਾਲ ਹੀ ਉਨ੍ਹਾਂ ਨੂੰ ਯਕੀਨ ਦੁਆਉਣਾ ਹੈ ਕਿ ਇਥੋਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਸ਼ਾਂਤ ਹੈ।
ਕੱਲ੍ਹ ਐਨਆਈਏ ਅਤੇ ਅੱਜ ਐਨਐਸਜੀ ਕਰ ਰਹੀ ਜਾਂਚ
ਏਡੀਸੀਪੀ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਐਨਆਈਏ ਨੇ ਧਮਾਕੇ ਵਾਲੀ ਥਾਂ ਤੋਂ ਸੈਂਪਲ ਲਏ ਸਨ, ਜਿਸਤੋਂ ਬਾਅਦ ਅੱਜ ਸਵੇਰੇ ਐਨਐਸਜੀ ਦੀ ਟੀਮ ਵੀ ਇੱਥੇ ਪਹੁੰਚੀ ਅਤੇ ਮੌਕੇ ਦਾ ਮੁਆਇਨਾ ਕਰਕੇ ਜਰੂਰੀ ਸੈਂਪਲ ਲਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਸਦੀ ਜਾਨਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫੇਕ ਨਿਊਜ ਨਾ ਚਲਾਈ ਜਾਵੇ।
ਲੋਕਾਂ ਨੂੰ ਅਪੀਲ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਕਿਸੇ ਵੀ ਅਫਵਾਹ ਤੇ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਬੰਬ ਸਕਵਾਇਡ, ਐੱਫਐਸਐਲ ਅਤੇ ਅੰਟੀ ਸਕਵਾਇਡ ਟੀਮਾਂ ਵੀ ਜਾਂਚ ਵਿੱਚ ਲੱਗੀਆਂ ਹੋਈਆ ਹਨ। ਜਿਵੇਂ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾਵੇਗਾ, ਤੁਰੰਤ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
SGPC ਨੇ ਛੇਤੀ ਨਤੀਜੇ ਤੇ ਪਹੁੰਚਣ ਦੀ ਕੀਤੀ ਅਪੀਲ
ਉੱਧਰ, ਇਨ੍ਹਾਂ ਧਮਾਕਿਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫ਼ੀ ਚਿੰਤਿਤ ਹੈ। ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਨ੍ਹਾਂ ਧਮਾਕਿਆਂ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ, ਤਾਂ ਜੋ ਸ਼ਰਧਾਲੂ ਮੁੜ ਤੋਂ ਬੇਖੋਫ ਹੋ ਕੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆ ਸਕਣ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ