ਸੁਤੰਤਰਤਾ ਦਿਵਸ ਤੋਂ ਪਹਿਲਾਂ ਨਾਕਾਮ ਹੋਈ ਵੱਡੀ ਸਾਜ਼ਿਸ਼, ਅੰਮ੍ਰਿਤਸਰ ‘ਚ KLF ਦੇ 4 ਸ਼ੱਕੀ ਕਾਬੂ

Published: 

31 Jul 2026 14:23 PM IST

ਸੁਤੰਤਰਤਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਅਜਨਾਲਾ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਜੁੜੇ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਮੁਢਲੀ ਜਾਂਚ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਮੁਲਜ਼ਮ ਆਜ਼ਾਦੀ ਦਿਹਾੜੇ ਦੇ ਨੇੜੇ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।

ਸੁਤੰਤਰਤਾ ਦਿਵਸ ਤੋਂ ਪਹਿਲਾਂ ਨਾਕਾਮ ਹੋਈ ਵੱਡੀ ਸਾਜ਼ਿਸ਼, ਅੰਮ੍ਰਿਤਸਰ ਚ KLF ਦੇ 4 ਸ਼ੱਕੀ ਕਾਬੂ

ਸੰਕੇਤਕ ਤਸਵੀਰ

ਸੁਤੰਤਰਤਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਅਜਨਾਲਾ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਜੁੜੇ ਚਾਰ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਮੁਢਲੀ ਜਾਂਚ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਮੁਲਜ਼ਮ ਆਜ਼ਾਦੀ ਦਿਹਾੜੇ ਦੇ ਨੇੜੇ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਫਿਲਹਾਲ ਚਾਰੇ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦੀ ਭਾਲ ਵੀ ਤੇਜ਼ ਕਰ ਦਿੱਤੀ ਗਈ ਹੈ।

ਰਾਮਦਾਸ ਇਲਾਕੇ ਦੇ ਰਹਿਣ ਵਾਲੇ ਹਨ ਮੁਲਜ਼ਮ

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਮਦਾਸ ਇਲਾਕੇ ਦੇ ਰਹਿਣ ਵਾਲੇ ਕਰਨਵੀਰ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ ਅਤੇ ਪ੍ਰਦੀਪ ਸਿੰਘ ਵਜੋਂ ਹੋਈ ਹੈ। ਐੱਸ.ਐੱਸ.ਪੀ. (SSP) ਕੰਵਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਗਿਰੋਹ ਪਹਿਲਾਂ ਵੀ ਪੁਲਿਸ ਥਾਣਿਆਂ ਅਤੇ ਸੁਰੱਖਿਆ ਅਦਾਰਿਆਂ ‘ਤੇ ਬੋਤਲ ਬੰਬ ਅਤੇ ਗ੍ਰਨੇਡ ਨਾਲ ਕੀਤੇ ਗਏ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ। ਦੋਸ਼ ਹੈ ਕਿ ਇਹ ਗਤੀਵਿਧੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. (ISI) ਦੇ ਇਸ਼ਾਰੇ ‘ਤੇ ਚਲਾਈਆਂ ਜਾ ਰਹੀਆਂ ਸਨ।

ਚਮਿਆਰੀ ਪੁਲਿਸ ਚੌਂਕੀ ਹਮਲੇ ਵਿੱਚ ਵੀ ਸ਼ਾਮਲ ਸੀ ਇਹ ਗਿਰੋਹ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਬੀਤੀ 23 ਜੁਲਾਈ ਦੀ ਅੱਧੀ ਰਾਤ ਨੂੰ ਅਜਨਾਲਾ ਥਾਣਾ ਅਧੀਨ ਪੈਂਦੀ ਚਮਿਆਰੀ ਪੁਲਿਸ ਚੌਕੀ ‘ਤੇ ਹੋਏ ਬੋਤਲ ਬੰਬ ਹਮਲੇ ਵਿੱਚ ਵੀ ਇਸੇ ਗਿਰੋਹ ਦਾ ਹੱਥ ਸੀ। ਹਾਲਾਂਕਿ ਉਸ ਘਟਨਾ ਸਮੇਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਸਮੇਂ ਹਮਲੇ ਦੀ ਅਧਿਕਾਰਤ ਪੁਸ਼ਟੀ ਵੀ ਨਹੀਂ ਕੀਤੀ ਗਈ ਸੀ। ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਆਧਾਰ ‘ਤੇ ਉਸ ਪੁਰਾਣੀ ਘਟਨਾ ਦੇ ਤਾਰ ਵੀ ਆਪਸ ਵਿੱਚ ਜੋੜੇ ਜਾ ਰਹੇ ਹਨ।

ASI ਜੋਗਾ ਸਿੰਘ ਹੱਤਿਆਕਾਂਡ ਅਤੇ ਖਾਸਾ ਧਮਾਕੇ ‘ਚ ਵੀ ਆਇਆ ਨਾਮ

ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਏ.ਐੱਸ.ਆਈ. (ASI) ਜੋਗਾ ਸਿੰਘ ਦੀ ਹੱਤਿਆ ਅਤੇ ਖਾਸਾ ਸਥਿਤ ਫੌਜੀ ਇਲਾਕੇ ਦੇ ਬਾਹਰ ਹੋਏ ਧਮਾਕੇ ਵਿੱਚ ਵੀ ਇਸੇ ਮੋਡੀਊਲ ਦਾ ਹੱਥ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ, ਜਿਸ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਨੈੱਟਵਰਕ ਨਾਲ ਜੁੜੇ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਵੀ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਰਿਮਾਂਡ ਦੌਰਾਨ ਫੰਡਿੰਗ ਅਤੇ ਪਾਕਿਸਤਾਨੀ ਹੈਂਡਲਰਾਂ ਬਾਰੇ ਹੋਵੇਗੀ ਪੁੱਛਗਿੱਛ

ਚਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮੰਡ ਹਾਸਲ ਕਰਨ ਦੀ ਤਿਆਰੀ ਕਰ ਲਈ ਗਈ ਹੈ। ਰਿਮੰਡ ਦੌਰਾਨ ਹਥਿਆਰਾਂ ਦੀ ਸਪਲਾਈ, ਫੰਡਿੰਗ, ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨਾਲ ਸੰਭਾਵਿਤ ਸੰਪਰਕ ਅਤੇ ਪੂਰੇ ਮੋਡੀਊਲ ਦੇ ਹੋਰ ਮੈਂਬਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਜਲਦੀ ਹੀ ਇੱਕ ਵਿਸਤ੍ਰਿਤ ਪ੍ਰੈੱਸ ਕਾਨਫਰੰਸ ਕਰਕੇ ਇਸ ਕਾਰਵਾਈ ਨਾਲ ਜੁੜੇ ਹੋਰ ਅਹਿਮ ਤੱਥ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।

Follow Us
Related Stories