ਅੰਮ੍ਰਿਤਸਰ ‘ਚ ਰੈਸਟੋਰੈਂਟ ਰੋਡ ‘ਤੇ ਫਾਇਰਿੰਗ ਮਾਮਲਾ, 12 ਦਿਨਾਂ ਬਾਅਦ ਵੀ ਮੁਲਜ਼ਮ ਫ਼ਰਾਰ; ਪਰਿਵਾਰ ਨੇ ਲਾਇਆ ਧਰਨਾ

Updated On: 

02 Nov 2026 14:37 PM IST

ਪੀੜਤ ਕਾਰੋਬਾਰੀ ਨਵਦੀਪ ਸਿੰਘ ਆਪਣੇ ਰੈਸਟੋਰੈਂਟ ਦੀਆਂ ਚਾਬੀਆਂ ਹੱਥ 'ਚ ਲੈ ਕੇ ਸੜਕ 'ਤੇ ਉਤਰ ਆਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆ ਤੇ ਇਨਸਾਫ਼ ਨਹੀਂ ਮਿਲ ਸਕਦਾ ਤਾਂ ਉਹ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦੇਣਗੇ।

ਅੰਮ੍ਰਿਤਸਰ ਚ ਰੈਸਟੋਰੈਂਟ ਰੋਡ ਤੇ ਫਾਇਰਿੰਗ ਮਾਮਲਾ, 12 ਦਿਨਾਂ ਬਾਅਦ ਵੀ ਮੁਲਜ਼ਮ ਫ਼ਰਾਰ; ਪਰਿਵਾਰ ਨੇ ਲਾਇਆ ਧਰਨਾ

ਰੈਸਟੋਰੈਂਟ 'ਤੇ ਫਾਇਰਿੰਗ ਮਾਮਲਾ: ਇਨਸਾਫ਼ ਲਈ ਸੜਕਾਂ 'ਤੇ ਉਤਰਿਆ ਪਰਿਵਾਰ

ਅੰਮ੍ਰਿਤਸਰ-ਮਹਿਤਾ ਰੋਡ ‘ਤੇ ਪਿੰਡ ਉਧੋਨੰਗਲ ਨੇੜੇ ਸਥਿਤ ਇੱਕ ਰੈਸਟੋਰੈਂਟ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ‘ਚ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਪੀੜਤ ਪਰਿਵਾਰ ਦਾ ਗੁੱਸਾ ਫੁੱਟ ਪਿਆ। ਘਟਨਾ ਨੂੰ ਕਰੀਬ 11 ਤੋਂ 12 ਦਿਨ ਬੀਤ ਜਾਣ ਦੇ ਬਾਵਜੂਦ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਾ ਹੋਣ ‘ਤੇ ਪੀੜਤ ਪਰਿਵਾਰ ਨੇ ਆਪਣੇ ਪੂਰੇ ਪਰਿਵਾਰਕ ਮੈਂਬਰਾਂ ਸਮੇਤ ਮਹਿਤਾ ਚੌਕ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪੀੜਤ ਕਾਰੋਬਾਰੀ ਨਵਦੀਪ ਸਿੰਘ ਆਪਣੇ ਰੈਸਟੋਰੈਂਟ ਦੀਆਂ ਚਾਬੀਆਂ ਹੱਥ ‘ਚ ਲੈ ਕੇ ਸੜਕ ‘ਤੇ ਉਤਰ ਆਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆ ਤੇ ਇਨਸਾਫ਼ ਨਹੀਂ ਮਿਲ ਸਕਦਾ ਤਾਂ ਉਹ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦੇਣਗੇ।

ਪੀੜਤ ਰੈਸਟੋਰੈਂਟ ਮਾਲਕ ਨਵਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 20 ਤਾਰੀਖ਼ ਦੀ ਸ਼ਾਮ ਨੂੰ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਕੂੜਾ ਸੁੱਟਣ ਦੀ ਮਾਮੂਲੀ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਦਾ ਵਿਵਾਦ ਹੋ ਗਿਆ ਸੀ। ਇਹ ਵਿਵਾਦ ਪਹਿਲਾਂ ਗਾਲੀ-ਗਲੋਚ ਤੋਂ ਸ਼ੁਰੂ ਹੋਇਆ ਤੇ ਬਾਅਦ ‘ਚ ਕੁੱਟਮਾਰ ਤੱਕ ਪਹੁੰਚ ਗਿਆ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ।

ਇਸ ਤੋਂ ਤੁਰੰਤ ਬਾਅਦ ਪੀੜਤ ਵੱਲੋਂ 112 ਐਮਰਜੈਂਸੀ ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਨਵਦੀਪ ਸਿੰਘ ਅਨੁਸਾਰ ਉਸੇ ਰਾਤ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਰੈਸਟੋਰੈਂਟ ‘ਤੇ ਦੋ ਤੋਂ ਤਿੰਨ ਰਾਊਂਡ ਫਾਇਰਿੰਗ ਕੀਤੀ। ਇਸ ਪੂਰੀ ਘਟਨਾ ਤੇ ਹਮਲਾਵਰਾਂ ਦੀਆਂ ਗਤੀਵਿਧੀਆਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈਆਂ ਹਨ।

ਨਵਦੀਪ ਸਿੰਘ ਦਾ ਇਲਜ਼ਾਮ ਹੈ ਕਿ ਫਾਇਰਿੰਗ ਵਰਗੀ ਗੰਭੀਰ ਘਟਨਾ ਤੇ ਸੀਸੀਟੀਵੀ ਫੁਟੇਜ ਮੌਜੂਦ ਹੋਣ ਦੇ ਬਾਵਜੂਦ ਪਿਛਲੇ 11-12 ਦਿਨਾਂ ਤੋਂ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਰੈਸਟੋਰੈਂਟ ਬੰਦ ਪਿਆ ਹੈ ਤੇ ਉਨ੍ਹਾਂ ਦਾ ਪਰਿਵਾਰ ਡਰ ਦੇ ਮਾਹੌਲ ‘ਚ ਜੀਅ ਰਿਹਾ ਹੈ।

ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮੁਲਜ਼ਮਾਂ ਨੂੰ ਸਿਆਸੀ ਪਹੁੰਚ ਤੇ ਆਗੂਆਂ ਦੀ ਸਰਪ੍ਰਸਤੀ ਹਾਸਲ ਹੈ, ਜਿਸ ਕਾਰਨ ਸਥਾਨਕ ਪੁਲਿਸ ਅਧਿਕਾਰੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਤਰਾਅ ਰਹੇ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਸੂਬੇ ‘ਚ ਸਥਾਨਕ ਵਪਾਰੀ ਹੀ ਸੁਰੱਖਿਅਤ ਮਾਹੌਲ ਵਿੱਚ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਤਾਂ ਉਨ੍ਹਾਂ ਕੋਲ ਆਪਣਾ ਸੂਬਾ ਛੱਡ ਕੇ ਬਾਹਰ ਜਾ ਕੇ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ।

ਪੁਲਿਸ ਦਾ ਪੱਖ: ਮਾਮਲਾ ਦਰਜ, ਨਿਰਪੱਖ ਜਾਂਚ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਦੂਜੇ ਪਾਸੇ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਪੀੜਤ ਪਰਿਵਾਰ ਨੂੰ ਸ਼ਾਂਤ ਕਰਵਾਉਂਦਿਆਂ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ‘ਤੇ ਫਾਇਰਿੰਗ ਦੀ ਘਟਨਾ ਸਬੰਧੀ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਥਾਣਾ ਮੁਖੀ (ਐੱਸਐੱਚਓ) ਦੇ ਛੁੱਟੀ ‘ਤੇ ਹੋਣ ਤੇ ਸਿਹਤ ਸਬੰਧੀ ਕਾਰਨਾਂ ਕਰਕੇ ਜਾਂਚ ਪ੍ਰਭਾਵਿਤ ਹੋਈ ਸੀ, ਪਰ ਹੁਣ ਮਾਮਲੇ ਦੀ ਜਾਂਚ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਪੀੜਤ ਧਿਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਥਾਣੇ ਪਹੁੰਚ ਕੇ ਆਪਣੇ ਪੂਰੇ ਬਿਆਨ ਅਤੇ ਸਬੂਤ ਦਰਜ ਕਰਵਾਉਣ।

ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ ‘ਤੇ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ। ਪੁਲਿਸ ਦੇ ਇਸ ਭਰੋਸੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਧਰਨਾ ਖ਼ਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਜਾਰੀ ਰਹੀ।

Loading...
Unable to load recommendations.
Follow Us