ਮਜੀਠਾ ਥਾਣਾ ਵਿਵਾਦ ਮਾਮਲੇ ‘ਚ ਮਜੀਠੀਆ ਸਣੇ 5 ਨਾਮਜਦ, ਅਦਾਲਤ ਦੇ ਹੁਕਮਾਂ ਮਗਰੋਂ FIR ਦੀ ਕਾਪੀ ਹੋਈ ਜਨਤਕ

Updated On: 

04 Jun 2026 18:03 PM IST

ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਆਖ਼ਰਕਾਰ ਪੁਲਿਸ ਨੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਰਜ ਐਫਆਈਆਰ (FIR) ਨੰਬਰ 91 ਦੀ ਕਾਪੀ ਉਪਲਬਧ ਕਰਵਾ ਦਿੱਤੀ ਹੈ। ਅਦਾਲਤ ਨੇ ਬੀਤੇ ਦਿਨ ਪੁਲਿਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਐਫਆਈਆਰ ਦੀ ਨਕਲ ਦੇਣ ਦਾ ਹੁਕਮ ਦਿੱਤਾ ਸੀ, ਜਿਸ ਦੀ ਪਾਲਣਾ ਕਰਦਿਆਂ ਇਹ ਦਸਤਾਵੇਜ਼ ਦਿੱਤਾ ਗਿਆ ਹੈ।

ਮਜੀਠਾ ਥਾਣਾ ਵਿਵਾਦ ਮਾਮਲੇ ਚ ਮਜੀਠੀਆ ਸਣੇ 5 ਨਾਮਜਦ, ਅਦਾਲਤ ਦੇ ਹੁਕਮਾਂ ਮਗਰੋਂ FIR ਦੀ ਕਾਪੀ ਹੋਈ ਜਨਤਕ

ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਆਖ਼ਰਕਾਰ ਪੁਲਿਸ ਨੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਰਜ ਐਫਆਈਆਰ (FIR) ਨੰਬਰ 91 ਦੀ ਕਾਪੀ ਉਪਲਬਧ ਕਰਵਾ ਦਿੱਤੀ ਹੈ। ਅਦਾਲਤ ਨੇ ਬੀਤੇ ਦਿਨ ਪੁਲਿਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਐਫਆਈਆਰ ਦੀ ਨਕਲ ਦੇਣ ਦਾ ਹੁਕਮ ਦਿੱਤਾ ਸੀ, ਜਿਸ ਦੀ ਪਾਲਣਾ ਕਰਦਿਆਂ ਇਹ ਦਸਤਾਵੇਜ਼ ਦਿੱਤਾ ਗਿਆ ਹੈ।

ਮਜੀਠੀਆ ਸਣੇ 5 ਨਾਮਜ਼ਦ ਅਤੇ 50 ਤੋਂ ਵੱਧ ਅਣਪਛਾਤੇ ਮੁਲਜ਼ਮ

ਪੁਲਿਸ ਵੱਲੋਂ ਦਰਜ ਕੀਤੀ ਗਈ ਇਸ ਐਫਆਈਆਰ ਵਿੱਚ ਬਿਕਰਮ ਸਿੰਘ ਮਜੀਠੀਆ ਸਮੇਤ 5 ਵਿਅਕਤੀਆਂ ਨੂੰ ਬਾਇਨੇਮ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੁਲਿਸ ਨੇ ਇਸ ਮਾਮਲੇ ਵਿੱਚ 50 ਤੋਂ ਵੱਧ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਹੈ, ਜਿਨ੍ਹਾਂ ਵਿੱਚੋਂ 5 ਦੇ ਨਾਮ ਸਪਸ਼ਟ ਹਨ ਅਤੇ ਬਾਕੀਆਂ ਨੂੰ ਅਣਪਛਾਤੇ ਜਾਂ ਸਮਰਥਕਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਸਭ ਤੋਂ ਪਹਿਲਾ ਨਾਮ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਾ ਹੈ। ਹੋਰਨਾਂ ਨਾਮਜ਼ਦ ਵਿਅਕਤੀਆਂ ਵਿੱਚ ਜੋਧ ਸਿੰਘ ਸਮਰਾ, ਰਾਜਾ, ਸਾਹਿਬ ਸਿੰਘ ਅਤੇ ਬਿਕਰਮਜੀਤ ਸਿੰਘ ਬਾਠ ਸ਼ਾਮਲ ਹਨ।

ਘਟਨਾ ਦਾ ਵੇਰਵਾ

ਐਫਆਈਆਰ ਦੇ ਵੇਰਵਿਆਂ ਅਨੁਸਾਰ, ਇਹ ਘਟਨਾ 31 ਮਈ 2026 ਨੂੰ ਸਵੇਰੇ ਲਗਭਗ 11:30 ਵਜੇ ਥਾਣਾ ਮਜੀਠਾ ਵਿਖੇ ਵਾਪਰੀ। ਉਸ ਸਮੇਂ ਜੋਬਨਪ੍ਰੀਤ ਸਿੰਘ ਨਾਮਕ ਇੱਕ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਸੀ ਅਤੇ ਏਐਸਆਈ ਹਰਪਾਲ ਸਿੰਘ ਉਸ ਕੋਲੋਂ ਪੁੱਛਗਿੱਛ ਕਰ ਰਹੇ ਸਨ। ਇਲਜ਼ਾਮ ਹੈ ਕਿ ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਅਤੇ 50 ਤੋਂ ਵੱਧ ਸਮਰਥਕਾਂ ਸਮੇਤ ਅਚਾਨਕ ਥਾਣਾ ਕੰਪਲੈਕਸ ਵਿੱਚ ਦਾਖਲ ਹੋ ਗਏ।

ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਦੇ ਇਲਜ਼ਾਮ

ਪੁਲਿਸ ਦਾ ਕਹਿਣਾ ਹੈ ਕਿ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ਦੇ ਥਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਕਰਮਚਾਰੀਆਂ ਵੱਲੋਂ ਰੋਕਣ ਦੇ ਬਾਵਜੂਦ ਉਹ ਥਾਣੇ ਦੇ ਵੱਖ-ਵੱਖ ਕਮਰਿਆਂ ਅਤੇ ਦਫ਼ਤਰਾਂ ਵਿੱਚ ਵੜ ਗਏ, ਜਿਸ ਨਾਲ ਉੱਥੇ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਿਆ।

ਐਫਆਈਆਰ ਵਿੱਚ ਇੱਕ ਬੇਹੱਦ ਗੰਭੀਰ ਉਲੇਖ ਹੈ ਕਿ ਮੁਲਜ਼ਮ ਦੀ ਭਾਲ ਕਰਦੇ ਹੋਏ ਜਦੋਂ ਇਹ ਸਮੂਹ ਉਸ ਕਮਰੇ ਤੱਕ ਪਹੁੰਚਿਆ ਜਿੱਥੇ ਪੁੱਛਗਿੱਛ ਚੱਲ ਰਹੀ ਸੀ, ਤਾਂ ਉਨ੍ਹਾਂ ਦੇ ਨਾਲ ਆਏ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਪਿਸਤੌਲ ਕੱਢ ਕੇ ਲਹਿਰਾਈ। ਇਸ ਰਾਹੀਂ ਡਿਊਟੀ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਡਰਾਉਣ ਅਤੇ ਉਨ੍ਹਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਇਸ ਤੋਂ ਇਲਾਵਾ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਪ੍ਰਕਿਰਿਆ ਵਿੱਚ ਦਖ਼ਲ ਦਿੰਦੇ ਹੋਏ ਮੇਜ਼ ‘ਤੇ ਪਈ ਇੱਕ ਕੇਸ ਫਾਈਲ ਚੁੱਕੀ ਗਈ ਅਤੇ ਉਸ ਦੇ ਕੁਝ ਦਸਤਾਵੇਜ਼ ਪਾੜ ਦਿੱਤੇ ਗਏ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਿਰਾਸਤ ਵਿੱਚ ਮੌਜੂਦ ਜੋਬਨਪ੍ਰੀਤ ਸਿੰਘ ਨੂੰ ਜ਼ਬਰਦਸਤੀ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਹਾਲਾਂਕਿ, ਮੌਕੇ ‘ਤੇ ਮੌਜੂਦ ਥਾਣਾ ਮੁਖੀ, ਡੀਐਸਪੀ ਮਜੀਠਾ ਅਤੇ ਹੋਰ ਅਧਿਕਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਸਥਿਤੀ ਨੂੰ ਸੰਭਾਲਿਆ ਅਤੇ ਮੁਲਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਕਾਨੂੰਨੀ ਕਾਰਵਾਈ ਅਤੇ ਜਾਂਚ

ਐਫਆਈਆਰ ਵਿੱਚ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਪੁਲਿਸ ਅਧਿਕਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ, ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ, ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਇਹਨਾਂ ਦੋਸ਼ਾਂ ਦੇ ਆਧਾਰ ‘ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਇਲਜ਼ਾਮ ਪੁਲਿਸ ਵੱਲੋਂ ਐਫਆਈਆਰ ਵਿੱਚ ਦਰਜ ਕੀਤੇ ਗਏ ਹਨ। ਮਾਮਲੇ ਦੀ ਪੜਤਾਲ ਅਜੇ ਜਾਰੀ ਹੈ ਅਤੇ ਇਲਜ਼ਾਮਾਂ ਦੀ ਸੱਚਾਈ ਦਾ ਫੈਸਲਾ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਕੀਤਾ ਜਾਵੇਗਾ।

Follow Us