ਅੰਮ੍ਰਿਤਸਰ: ਭਿੰਡੀ ਸੈਦਾਂ ਥਾਣੇ ‘ਚ ਬਲਾਸਟ ਦੀ ਕਥਿਤ ਵੀਡੀਓ ਵਾਇਰਲ, ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ
ਕਥਿਤ ਵਾਇਰਲ ਵੀਡੀਓ 'ਚ ਪਹਿਲਾਂ ਦੋ ਗ੍ਰਨੇਡ ਹੱਥ 'ਚ ਫੜ੍ਹੇ ਦਿਖਾਏ ਗਏ ਹਨ। ਇਸ ਤੋਂ ਬਾਅਦ ਇੱਕ ਸ਼ਖ਼ਸ ਕਹਿੰਦਾ ਹੈ- ਵੀਰ ਲੱਗੀ ਕਾਰਵਾਈ ਪੈਣ। ਇਸ ਤੋਂ ਬਾਅਦ ਇੱਕ ਜਗ੍ਹਾ ਦਿਖਾਈ ਗਈ ਹੈ, ਜਿੱਥੇ ਦੋ ਧਮਾਕੇ ਹੁੰਦੇ ਹਨ ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਟੀਵੀ9 ਪੰਜਾਬ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਅੰਮ੍ਰਿਤਸਰ: ਭਿੰਡੀ ਸੈਦਾਂ ਥਾਣੇ 'ਚ ਬਲਾਸਟ ਦੀ ਕਥਿਤ ਵੀਡੀਓ ਵਾਇਰਲ
ਅੰਮ੍ਰਿਤਸਰ ਦੇ ਥਾਣਾ ਭਿੰਡੀ ਸੈਦਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। 30 ਮਾਰਚ ਦੀ ਰਾਤ ਥਾਣੇ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਸੂਤਰਾਂ ਮੁਤਾਬਕ ਥਾਣੇ ‘ਤੇ ਦੋ ਅਣਪਛਾਤੇ ਹਮਲਾਵਰਾਂ ਨੇ ਥਾਣੇ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਹਾਲਾਂਕਿ, ਪੁਲਿਸ ਨੇ ਬਲਾਸਟ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ, ਪਰ ਪੁਲਿਸ ਨੇ ਧਮਾਕੇ ਦੀ ਆਵਾਜ਼ ਦੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ, ਹੁਣ ਇਸ ਮਾਮਲੇ ‘ਚ ਗ੍ਰਨੇਡ ਹਮਲੇ ਦੀ ਕਥਿਤ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਕਥਿਤ ਵਾਇਰਲ ਵੀਡੀਓ ‘ਚ ਪਹਿਲਾਂ ਦੋ ਗ੍ਰਨੇਡ ਹੱਥ ‘ਚ ਫੜ੍ਹੇ ਦਿਖਾਏ ਗਏ ਹਨ। ਇਸ ਤੋਂ ਬਾਅਦ ਇੱਕ ਸ਼ਖ਼ਸ ਕਹਿੰਦਾ ਹੈ- ਵੀਰ ਲੱਗੀ ਕਾਰਵਾਈ ਪੈਣ। ਇਸ ਤੋਂ ਬਾਅਦ ਇੱਕ ਜਗ੍ਹਾ ਦਿਖਾਈ ਗਈ ਹੈ, ਜਿੱਥੇ ਦੋ ਧਮਾਕੇ ਹੁੰਦੇ ਹਨ ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਟੀਵੀ9 ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਬੀਤੇ ਦਿਨ ਪੋਸਟਰ ਹੋਇਆ ਸੀ ਵਾਇਰਲ, KLA ਨੇ ਲਈ ਜ਼ਿੰਮੇਵਾਰੀ
ਇਸ ਮਾਮਲੇ ਚ ਬੀਤੇ ਦਿਨ ਇੱਕ ਸੰਗਠਨ ਦਾ ਕਥਿਤ ਪੋਸਟਰ ਵਾਇਰਲ ਹੋਇਆ ਸੀ, ਜਿਸ ‘ਚ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਗਈ ਸੀ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਕਥਿਤ ਵਾਇਰਲ ਪੋਸਟ ਚ ਭਿੰਡੀ ਸੈਦਾਂ ਥਾਣੇ ਤੇ ਬਲਾਸਟ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਲਈ ਹੈ। ਇਸ ਪੋਸਟ ਚ ਲਿਖਿਆ ਗਿਆ ਹੈ ਕਿ ਭਿੰਡੀ ਸੈਂਦਾਂ ਪੁਲਿਸ ਸਟੇਸ਼ਨ ਤੇ 2 ਗ੍ਰਨੇਡ ਹਮਲੇ ਕੀਤੇ ਗਏ, ਇਸ ਦੇ ਨਤੀਜੇ ਵਜੋਂ ਤਿੰਨ ਪੁਲਿਸ ਕਰਮਚਾਰੀ ਗੰਭੀਰ ਜਖ਼ਮੀ ਹੋ ਗਏ। ਇਸ ਦੀ ਜ਼ਿੰਮੇਵਾਰੀ ਅਸੀਂ, ਕੇਐਲਏ ਲੈਂਦੇ ਹਾਂ। ਇਸ ਹਮਲਾ ਰਣਜੀਤ ਸਿੰਘ (ਪਿੰਡ ਆਦੀਆਂ, ਗੁਰਦਾਸਪੁਰ) ਦੇ ਖੂਨ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਇਹ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਤੇਜ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪੋਸਟ ਚ ਡੀਆਈਜੀ ਸੰਦੀਪ ਗੋਇਲ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ।
ਕੀ ਹੈ ਮਾਮਲਾ?
ਜਾਣਕਾਰੀ ਮੁਤਾਬਕ ਇਹ ਧਮਾਕਾ ਦੇਰ ਰਾਤ ਕਰੀਬ 30 ਤੇ 31 ਮਾਰਚ ਦੀ ਦਰਮਿਆਨੀ ਰਾਤ 1:30 ਤੋਂ 2 ਵਜੇ ਸੁਣਿਆ ਗਿਆ। ਧਮਾਕੇ ਦੀ ਆਵਾਜ਼ ਨਾਲ ਥਾਣੇ ਦੇ ਆਸ-ਪਾਸ ਦੇ ਲੋਕ ਘਬਰਾਹਟ ਚ ਆ ਗਏ। ਘਟਨਾ ਤੋਂ ਬਾਅਦ ਥਾਣੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਤੇ ਸੁਰੱਖਿਆ ਵਧਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ
ਪੁਲਿਸ ਵੱਲੋਂ ਧਮਾਕੇ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ
ਬੀਤੇ ਦਿਨੀਂ ਡੀਐਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਇਸ ਸੰਬੰਧੀ ਇੱਕ ਸੀਨੀਅਰ ਰਿਪੋਰਟ ਪ੍ਰਾਪਤ ਹੋਈ ਸੀ। ਜਿਸ ਚ ਦੇਰ ਰਾਤ ਇੱਕ ਮਾਈਨਰ ਬਲਾਸਟ ਵਰਗੀ ਆਵਾਜ਼ ਆਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਦੀਆਂ ਸਾਰੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਧਮਾਕੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਚ ਜਾਂਚ ਜਾਰੀ ਹੈ।
ਨਹੀਂ ਹੋਇਆ ਕੋਈ ਜਾਨੀ ਨੁਕਸਾਨ- ਡੀਐਸਪੀ
ਡੀਐਸਪੀ ਦੇ ਅਨੁਸਾਰ ਹੁਣ ਤੱਕ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਸਾਹਮਣੇ ਆਇਆ ਹੈ। ਥਾਣੇ ਦੇ ਅੰਦਰ ਕੋਈ ਸ਼ੀਸ਼ਾ ਜਾਂ ਹੋਰ ਸਮਾਨ ਟੁੱਟਣ ਦੀ ਵੀ ਪੁਸ਼ਟੀ ਨਹੀਂ ਹੋਈ। ਪੁਲਿਸ ਵੱਲੋਂ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਫ਼ੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਜਿਸ ਦੀ ਜਾਂਚ ਤੋਂ ਬਾਅਦ ਹੀ ਧਮਾਕੇ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤੇ ਸ਼ੱਕੀ ਤੱਤਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
