ਅੰਮ੍ਰਿਤਸਰ ‘ਚ ਕੰਧਾਂ ‘ਤੇ ਲਿਖੇ ਦੇਸ਼ ਵਿਰੋਧੀ ਨਾਅਰੇ, ਪੁਲਿਸ ਨੇ ਫੇਰਿਆ ਕਾਲਾ ਰੰਗ; CCTV ਫੁੱਟੇਜ ਖੰਗਾਲ ਰਹੀਆਂ ਟੀਮਾਂ
ਅੰਮ੍ਰਿਤਸਰ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਦੇਰ ਰਾਤ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਅਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਜਿਵੇਂ ਕਿ ਭੰਡਾਰੀ ਪੁਲ, ਇਤਿਹਾਸਕ ਹਾਲ ਗੇਟ ਅਤੇ ਰੇਲਵੇ ਸਟੇਸ਼ਨ ਦੇ ਬਾਹਰਵਾਰ ਬਣੀਆਂ ਕੰਧਾਂ ਉੱਤੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਪਾਬੰਦੀਸ਼ੁਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਨ ਵਿੱਚ ਬੇਹੱਦ ਇਤਰਾਜ਼ਯੋਗ ਨਾਅਰੇ ਲਿਖ ਦਿੱਤੇ ਗਏ।
ਅੰਮ੍ਰਿਤਸਰ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਦੇਰ ਰਾਤ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਅਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਜਿਵੇਂ ਕਿ ਭੰਡਾਰੀ ਪੁਲ, ਇਤਿਹਾਸਕ ਹਾਲ ਗੇਟ ਅਤੇ ਰੇਲਵੇ ਸਟੇਸ਼ਨ ਦੇ ਬਾਹਰਵਾਰ ਬਣੀਆਂ ਕੰਧਾਂ ਉੱਤੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਪਾਬੰਦੀਸ਼ੁਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਨ ਵਿੱਚ ਬੇਹੱਦ ਇਤਰਾਜ਼ਯੋਗ ਨਾਅਰੇ ਲਿਖ ਦਿੱਤੇ ਗਏ।
ਜਾਣਕਾਰੀ ਮੁਤਾਬਕ, ਅਣਪਛਾਤੇ ਮੁਲਜ਼ਮਾਂ ਨੇ ਰਾਤ ਦੇ ਹਨੇਰੇ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਇਨ੍ਹਾਂ ਮੁੱਖ ਚੌਕਾਂ ਅਤੇ ਆਮ ਲਾਂਘਿਆਂ ਦੀਆਂ ਕੰਧਾਂ ਤੇ ਸਪਰੇਅ ਪੇਂਟ ਦੀ ਮਦਦ ਨਾਲ ਦੇਸ਼ ਵਿਰੋਧੀ ਸਲੋਗਨ ਲਿਖੇ। ਸਵੇਰ ਵੇਲੇ ਜਦੋਂ ਸਥਾਨਕ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੇ ਇਨ੍ਹਾਂ ਵਿਵਾਦਤ ਨਾਅਰਿਆਂ ਨੂੰ ਦੇਖਿਆ ਤਾਂ ਤੁਰੰਤ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।
ਪੁਲਿਸ ਨੇ ਤੁਰੰਤ ਨਾਅਰੇ ਮਿਟਾਏ, ਸ਼ਹਿਰ ਚ ਚੌਕਸੀ ਵਧਾਈ
ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਭਾਰੀ ਪੁਲਿਸ ਫ਼ੋਰਸ ਨੇ ਮੌਕੇ ਤੇ ਪਹੁੰਚ ਕੇ ਕੰਧਾਂ ਤੇ ਲਿਖੇ ਇਤਰਾਜ਼ਯੋਗ ਨਾਅਰਿਆਂ ਉੱਤੇ ਕਾਲਾ ਰੰਗ ਫੇਰ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ ਅਤੇ ਪੁਲਿਸ ਗਸ਼ਤ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਸੀਸੀਟੀਵੀ (CCTV) ਫੁੱਟੇਜ ਖੰਗਾਲਣ ਚ ਜੁਟੀ ਪੁਲਿਸ ਟੀਮ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉੱਚ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਇਹ ਸਿਰਫ਼ ਤੇ ਸਿਰਫ਼ ਪੰਜਾਬ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਇੱਕ ਗਿਣੀ-ਮਿਥੀ ਸਾਜ਼ਿਸ਼ ਹੈ। ਪੁਲਿਸ ਵੱਲੋਂ ਭੰਡਾਰੀ ਪੁਲ, ਰੇਲਵੇ ਸਟੇਸ਼ਨ ਰੋਡ ਅਤੇ ਹਾਲ ਗੇਟ ਦੇ ਆਸ-ਪਾਸ ਲੱਗੇ ਸਾਰੇ ਸਰਕਾਰੀ ਅਤੇ ਨਿੱਜੀ ਸੀਸੀਟੀਵੀ (CCTV) ਕੈਮਰਿਆਂ ਦੀ ਬਾਰੀਕੀ ਨਾਲ ਫੁੱਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਰਾਤ ਸਮੇਂ ਕਿਹੜੇ ਸ਼ੱਕੀ ਵਿਅਕਤੀ ਇਸ ਇਲਾਕੇ ਵਿੱਚ ਆਏ ਸਨ ਅਤੇ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
