ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਪਰਿਵਾਰ ਨੇ ਤੇਲ ਪਾ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਦੁਕਾਨ-ਜ਼ਮੀਨ ਨੂੰ ਲੈ ਕੇ ਹੈ ਵਿਵਾਦ

Updated On: 

17 Aug 2026 15:36 PM IST

ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਅੱਜ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਪੀੜਤ ਪਰਿਵਾਰ ਨੇ ਆਪਣੇ ਉੱਪਰ ਤੇਲ ਪਾ ਕੇ ਖ਼ੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਆਰੋਪ ਹੈ ਕਿ ਦੁਕਾਨ ਅਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਹ ਲੰਬੇ ਸਮੇਂ ਤੋਂ ਮਾਨਸਿਕ ਅਤੇ ਪ੍ਰਸ਼ਾਸਨਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਪਰਿਵਾਰ ਨੇ ਤੇਲ ਪਾ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਦੁਕਾਨ-ਜ਼ਮੀਨ ਨੂੰ ਲੈ ਕੇ ਹੈ ਵਿਵਾਦ

ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਅੱਜ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਪੀੜਤ ਪਰਿਵਾਰ ਨੇ ਆਪਣੇ ਉੱਪਰ ਤੇਲ ਪਾ ਕੇ ਖ਼ੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਆਰੋਪ ਹੈ ਕਿ ਦੁਕਾਨ ਅਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਹ ਲੰਬੇ ਸਮੇਂ ਤੋਂ ਮਾਨਸਿਕ ਅਤੇ ਪ੍ਰਸ਼ਾਸਨਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਠੋਸ ਜਾਂ ਅਸਰਦਾਰ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।

ਘਟਨਾ ਵਾਲੀ ਥਾਂ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਦਖ਼ਲ ਦਿੱਤਾ ਅਤੇ ਪਰਿਵਾਰ ਦੇ ਹੱਥੋਂ ਤੇਲ ਦੀ ਬੋਤਲ ਖੋਹ ਕੇ ਆਪਣੇ ਕਬਜ਼ੇ ਵਿੱਚ ਲੈ ਲਈ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਤੋਂ ਬਾਅਦ ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਹੀ ਪਰਿਵਾਰਕ ਮੈਂਬਰਾਂ ਦਾ ਪੱਖ ਸੁਣਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।

ਦੁਕਾਨ ਅਤੇ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਹੈ ਪੁਰਾਣਾ ਝਗੜਾ

ਪੀੜਤ ਪਰਿਵਾਰ ਅਨੁਸਾਰ ਇਹ ਸਾਰਾ ਵਿਵਾਦ ਅੰਮ੍ਰਿਤਸਰ ਦੇ ਕੋਟ ਬਾਬਾ ਦੀਪ ਸਿੰਘ ਖੇਤਰ ਵਿੱਚ ਪੈਂਦੀ ਛੱਜੂ ਮੱਲ ਗਲੀ ਵਿਖੇ ਸਥਿਤ ਲਗਭਗ 10×8 ਫੁੱਟ ਦੀ ਇੱਕ ਦੁਕਾਨ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹੈ। ਪੀੜਤ ਵਿਅਕਤੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਲ 2009 ਵਿੱਚ ਇਹ ਦੁਕਾਨ ਆਪਣੇ ਪਰਿਵਾਰ ਕੋਲੋਂ ਕਾਨੂੰਨੀ ਤਰੀਕੇ ਨਾਲ ਖ਼ਰੀਦੀ ਸੀ ਅਤੇ ਦੁਕਾਨ ਉਨ੍ਹਾਂ ਦੇ ਨਾਂ ‘ਤੇ ਬਕਾਇਦਾ ਰਜਿਸਟਰਡ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਥਾਣਾ ਬੀ-ਡਿਵੀਜ਼ਨ ਵਿੱਚ ਪਹਿਲਾਂ ਤੋਂ ਹੀ ਤਕਰਾਰ ਚੱਲ ਰਹੀ ਹੈ।

ਪਿਤਾ ਨੇ ਲਾਏ ਗੰਭੀਰ ਇਲਜ਼ਾਮ

ਪੀੜਤ ਵਿਅਕਤੀ ਨੇ ਆਰੋਪ ਲਗਾਇਆ ਕਿ ਰਮੇਸ਼, ਦਿਨੇਸ਼ ਅਤੇ ਬੰਟੀ ਨਾਂ ਦੇ ਵਿਅਕਤੀ ਉਨ੍ਹਾਂ ਨੂੰ ਦੁਕਾਨ ਖ਼ਾਲੀ ਕਰਨ ਲਈ ਲਗਾਤਾਰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਇਹ ਵੀ ਗੰਭੀਰ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ ਅਤੇ ਪੁਲਿਸ ਉਸ ਨੂੰ ਰਾਤ ਕਰੀਬ 9:30 ਵਜੇ ਘਰੋਂ ਚੁੱਕ ਕੇ ਲੈ ਗਈ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੀੜਤ ਨੇ ਦੱਸਿਆ ਕਿ ਉਹ ਆਪਣੇ ਬੇਗੁਨਾਹ ਪੁੱਤਰ ਨੂੰ ਰਿਹਾਅ ਕਰਵਾਉਣ ਅਤੇ ਇਨਸਾਫ਼ ਦਿਵਾਉਣ ਲਈ ਹੀ ਲਖਨਊ ਤੋਂ ਵਾਪਸ ਅੰਮ੍ਰਿਤਸਰ ਆਏ ਹਨ।

ਸਾਲ ਭਰ ਤੋਂ ਥਾਣਿਆਂ ਦੇ ਗੇੜੇ ਮਾਰ ਰਹੀ ਹੈ ਮਹਿਲਾ

ਦੂਜੇ ਪਾਸੇ, ਪਰਿਵਾਰ ਦੀ ਮਹਿਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਭਤੀਜੇ ਦਿਨੇਸ਼ ਕੋਲੋਂ ਜ਼ਮੀਨ ਦੀ ਬਕਾਇਦਾ ਰਜਿਸਟਰੀ ਕਰਵਾਈ ਹੋਈ ਹੈ ਅਤੇ ਪੂਰੀ ਰਕਮ ਸਮੇਤ ਸਰਕਾਰੀ ਫ਼ੀਸ ਵੀ ਅਦਾ ਕੀਤੀ ਸੀ। ਮਹਿਲਾ ਅਨੁਸਾਰ ਇਹ ਜ਼ਮੀਨੀ ਝਗੜਾ ਕਰੀਬ ਅੱਠ ਸਾਲਾਂ ਤੋਂ ਚੱਲ ਰਿਹਾ ਹੈ। ਪਿਛਲੇ ਇੱਕ ਸਾਲ ਦੌਰਾਨ ਉਹ ਇਨਸਾਫ਼ ਦੀ ਗੁਹਾਰ ਲੈ ਕੇ ਕਈ ਵਾਰ ਪੁਲਿਸ ਥਾਣੇ ਦੇ ਚੱਕਰ ਕੱਟ ਚੁੱਕੀ ਹੈ, ਪਰ ਉਸ ਦੀ ਸ਼ਿਕਾਇਤ ‘ਤੇ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਰੋਸ ਹੈ।

ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ

ਪੀੜਤ ਜੋੜੇ ਨੇ ਉੱਚ ਪੁਲਿਸ ਪ੍ਰਸ਼ਾਸਨ ਕੋਲੋਂ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮੌਕੇ ‘ਤੇ ਸਥਿਤੀ ਨੂੰ ਕੰਟਰੋਲ ਕਰਦਿਆਂ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਸਾਰੇ ਦਸਤਾਵੇਜ਼ਾਂ ਅਤੇ ਤੱਥਾਂ ਦੀ ਡੂੰਘਾਈ ਨਾਲ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Loading...
Unable to load recommendations.
Follow Us
Related Stories