ਖਾਲਿਸਤਾਨੀ ਸਮਰਥਕ ਅਤੇ ਪੰਜਾਬ ਵਾਰਿਸ ਦੇ ਦਾ ਮੁਖੀ ਅੰਮ੍ਰਿਤਪਾਲ ਸਿੰਘ ਆਖਿਰਕਾਰ ਪੁਲਿਸ ਹਿਰਾਸਤ ਵਿੱਚ ਹੈ। ਮੋਗਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਗ੍ਰਿਫਤਾਰੀ ਨਾਲ ਪਿਛਲੇ 36 ਦਿਨਾਂ ਤੋਂ ਚੱਲ ਰਹੀ ਲੁਕਣ-ਮੀਟੀ ਦੀ ਖੇਡ ਦਾ ਵੀ ਅੰਤ ਹੋ ਗਿਆ ਹੈ।
ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਸੀ, ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਅਪਰੇਸ਼ਨ ਵਿੱਚ ਕਈ ਰਾਜਾਂ ਦੀ ਪੁਲਿਸ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਅਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ।
ਇਸ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਕਈ ਵੱਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦੇ ਸੱਜੇ ਹੱਥ ਪੱਪਲਪ੍ਰੀਤ ਤੋਂ ਲੈ ਕੇ ਮੁੱਖ ਸਹਾਇਕ ਜੋਗਾ ਸਿੰਘ ਤੱਕ, ਅੰਮ੍ਰਿਤਪਾਲ ਸਿੰਘ ਦੇ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 20 ਮਾਰਚ ਨੂੰ ਉਸ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਨੇ ਆਤਮ ਸਮਰਪਣ ਕਰ ਦਿੱਤਾ। ਉਸੇ ਦਿਨ ਇਸ ਦੀਆਂ ਦੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਸਨ।
ਪਹਿਲਾਂ ਚਾਚਾ ਫਿਰ ਕਲਸੀ ਗ੍ਰਿਫਤਾਰ
ਦਰਅਸਲ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। 20 ਮਾਰਚ ਨੂੰ ਇੱਕ ਕਲਿੱਪ ਵੀ ਸਾਹਮਣੇ ਆਈ ਸੀ ਜੋ ਕੁਰੂਕਸ਼ੇਤਰ ਦੀ ਸੀ। ਇਸ ਤੋਂ ਬਾਅਦ 20 ਮਾਰਚ ਨੂੰ ਹੀ ਇਕ ਹੋਰ ਵੀਡੀਓ ‘ਚ ਉਹ ਸ਼ਾਹਬਾਦ ਬੱਸ ਸਟੈਂਡ ਦੇ ਸਾਹਮਣੇ ਚਲਦਿਆਂ ਨਜ਼ਰ ਆਇਆ।
ਇਸ ਤੋਂ ਬਾਅਦ ਹਰਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਡਰਾਈਵਰ ਨੇ ਉਸੇ ਦਿਨ ਹੀ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦਲਜੀਤ ਕਲਸੀ ਨੂੰ ਵੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਮੁਤਾਬਕ, ਕਲਸੀ ਅੰਮ੍ਰਿਤਪਾਲ ਦਾ ਖਾਸ ਸਹਿਯੋਗੀ ਹੋਣ ਦੇ ਨਾਲ-ਨਾਲ ਉਸ ਦਾ ਸਲਾਹਕਾਰ ਵੀ ਸੀ।
ਪਪਲਪ੍ਰੀਤ ਸਿੰਘ ਹੁਸ਼ਿਆਰਪੁਰ ਤੋਂ ਹੋਇਆ ਸੀ ਗ੍ਰਿਫਤਾਰ
ਇਸ ਤੋਂ ਬਾਅਦ 10 ਅਪ੍ਰੈਲ ਨੂੰ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਸੀ। ਉਸ ਸਮੇਂ ਪੁਲਿਸ ਨੇ ਹੁਸ਼ਿਆਰਪੁਰ ਤੋਂ ਅੰਮ੍ਰਿਤਪਾਲ ਸਿੰਘ ਦੇ ਰਾਈਟ ਹੈਂਡ ਪੱਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲਿਸ ਨੇ ਪੱਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਲਗਾਤਾਰ ਤਿੰਨ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਸ ਨੂੰ ਦਸੂਹਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਪਲਪ੍ਰੀਤ ਅੰਮ੍ਰਿਤਪਾਲ ਦਾ ਸਭ ਤੋਂ ਭਰੋਸੇਮੰਦ ਸਾਥੀ ਸੀ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਥਾਂ-ਥਾਂ ਛੁਪਾਉਣ ਵਿਚ ਉਸੇ ਦਾ ਹੀ ਹੱਥ ਸੀ। ਜਦੋਂ ਅੰਮ੍ਰਿਤਪਾਲ 18 ਮਾਰਚ ਨੂੰ ਫਰਾਰ ਹੋਇਆ ਸੀ ਤਾਂ ਪਪਲਪ੍ਰੀਤ ਸਿੰਘ ਵੀ ਉਸ ਦੇ ਨਾਲ ਸੀ। ਜਾਣਕਾਰੀ ਅਨੁਸਾਰ ਉਹ ਆਈਐਸਆਈ ਦੇ ਸੰਪਰਕ ਵਿੱਚ ਵੀ ਸੀ।
ਇਸ ਤੋਂ ਬਾਅਦ 15 ਅਪ੍ਰੈਲ ਨੂੰ ਪੁਲ੍ਸ ਨੇ ਅੰਮ੍ਰਿਤਪਾਲ ਦੇ ਇਕ ਹੋਰ ਵੱਡੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਉਸਦਾ ਨਾਮ ਜੋਗਾ ਸਿੰਘ ਸੀ। ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫਤਾਰ ਕੀਤਾ ਸੀ। ਜੋਗਾ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਪੀਲੀਭੀਤ ਵਿੱਚ ਛੁਪਣ ਲਈ ਅੰਮ੍ਰਿਤਪਾਲ ਦੀ ਮਦਦ ਕੀਤੀ ਸੀ। ਹੁਣ 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ