ਗੁਰਬਾਣੀ ਬਾਰੇ AI ਵੱਲੋਂ ਦਿੱਤੀ ਜਾ ਰਹੀ ਮਨਘੜਤ ਜਾਣਕਾਰੀ, ਜਥੇਦਾਰ ਗੜਗੱਜ ਨੇ ਜਤਾਈ ਚਿੰਤਾ

Published: 

03 Nov 2026 11:51 AM IST

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਏਆਈ ਵੱਲੋਂ ਕਈ ਵਾਰ ਗੁਰਬਾਣੀ, ਸਿੱਖ ਇਤਿਹਾਸ ਤੇ ਧਾਰਮਿਕ ਪਰੰਪਰਾਵਾਂ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਏਆਈ ਵੱਲੋਂ ਆਪਣੀਆਂ ਬਣਾਈਆਂ ਪੰਕਤੀਆਂ ਨੂੰ ਵੀ ਗੁਰਬਾਣੀ ਦੱਸ ਕੇ ਪੇਸ਼ ਕੀਤਾ ਜਾ ਰਿਹਾ ਹੈ।

ਗੁਰਬਾਣੀ ਬਾਰੇ AI ਵੱਲੋਂ ਦਿੱਤੀ ਜਾ ਰਹੀ ਮਨਘੜਤ ਜਾਣਕਾਰੀ, ਜਥੇਦਾਰ ਗੜਗੱਜ ਨੇ ਜਤਾਈ ਚਿੰਤਾ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਗੁਰਬਾਣੀ ਦੀ ਗਲਤ ਜਾਣਕਾਰੀ ਅਤੇ ਮਨਘੜਤ ਪੰਕਤੀਆਂ ਪ੍ਰਸਾਰਿਤ ਹੋਣ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੰਭੀਰ ਚਿੰਤਾ ਜਤਾਈ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਏਆਈ ਵੱਲੋਂ ਕਈ ਵਾਰ ਗੁਰਬਾਣੀ, ਸਿੱਖ ਇਤਿਹਾਸ ਤੇ ਧਾਰਮਿਕ ਪਰੰਪਰਾਵਾਂ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਏਆਈ ਵੱਲੋਂ ਆਪਣੀਆਂ ਬਣਾਈਆਂ ਪੰਕਤੀਆਂ ਨੂੰ ਵੀ ਗੁਰਬਾਣੀ ਦੱਸ ਕੇ ਪੇਸ਼ ਕੀਤਾ ਜਾ ਰਿਹਾ ਹੈ।

ਇਸ ਸਮੱਸਿਆ ਨਾਲ ਨਜਿੱਠਣ ਲਈ ਸਿੱਖ ਵਿਦਵਾਨਾਂ ਤੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪ੍ਰਮੁੱਖ ਏਆਈ ਕੰਪਨੀਆਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਪ੍ਰਮਾਣਿਤ ਗੁਰਬਾਣੀ ਏਆਈ ਪਲੇਟਫਾਰਮ, ਡਿਜੀਟਲ ਸਰੋਤ ਤੇ ਵਿਸ਼ੇਸ਼ ਐਪਲੀਕੇਸ਼ਨ ਤਿਆਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

AI ਚੈਟਬੋਟਸ ਗੁਰਬਾਣੀ ਦੀਆਂ ਮੂਲ ਪੰਕਤੀਆਂ ਬਦਲ ਰਹੇ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 2 ਨਵੰਬਰ ਨੂੰ ਲੰਡਨ ਸਥਿਤ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ‘ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰਬਾਣੀ ਸਿੱਖ ਧਰਮ ਦੀ ਬੁਨਿਆਦ ਹੈ ਤੇ ਇਸ ਨਾਲ ਸਬੰਧਤ ਗਲਤ ਜਾਣਕਾਰੀ ਦਾ ਫੈਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਯੂਨਾਈਟਿਡ ਸਿੱਖਸ ਦੇ ਸੰਚਾਰ ਤੇ ਪੈਰਵੀ ਨਿਰਦੇਸ਼ਕ ਤੇ ਐਸਜੀਪੀਸੀ ਦੀ ਏਆਈ ਸਬ-ਕਮੇਟੀ ਦੇ ਮੈਂਬਰ ਹਰਮੀਤ ਸ਼ਾਹ ਸਿੰਘ ਨੇ ਦੱਸਿਆ ਕਿ ਲੋਕ ਗੁਰਬਾਣੀ ਦੀਆਂ ਪੰਕਤੀਆਂ, ਅਰਥਾਂ ਤੇ ਉਨ੍ਹਾਂ ਦੇ ਸੰਦਰਭ ਜਾਣਨ ਲਈ ਏਆਈ ਦੀ ਵਰਤੋਂ ਕਰ ਰਹੇ ਹਨ। ਪਰ ਕਈ ਵਾਰ ਚੈਟਬੋਟਸ ਗੁਰਬਾਣੀ ਦੇ ਮੂਲ ਸ਼ਬਦਾਂ ਨੂੰ ਬਦਲ ਦਿੰਦੇ ਹਨ ਜਾਂ ਗਲਤ ਜਾਣਕਾਰੀ ਪੇਸ਼ ਕਰਦੇ ਹਨ। ਲੋਕ ਬਿਨਾਂ ਜਾਂਚ ਕੀਤੇ ਇਸ ਸਮੱਗਰੀ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਦਿੰਦੇ ਹਨ, ਜਿਸ ਨਾਲ ਗਲਤ ਜਾਣਕਾਰੀ ਹੋਰ ਫੈਲਦੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਨਜ਼ੂਰੀ ਨਾਲ ਬਣਨਗੇ ਏਆਈ ਪਲੇਟਫਾਰਮ

ਜਥੇਦਾਰ ਨੇ ਕਿਹਾ ਕਿ ਗੁਰਬਾਣੀ ਨਾਲ ਸਬੰਧਤ ਜਾਣਕਾਰੀ ਲਈ ਪ੍ਰਮਾਣਿਤ ਏਆਈ ਪਲੇਟਫਾਰਮ, ਡਿਜੀਟਲ ਸਰੋਤ ਤੇ ਵਿਸ਼ੇਸ਼ ਐਪ ਤਿਆਰ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖਾਂ ਵੱਲੋਂ ਬਣਾਏ ਜਾਣ ਵਾਲੇ ਆਪਣੇ ਏਆਈ ਪਲੇਟਫਾਰਮਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣੀ ਪਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰਬਾਣੀ ਸਿੱਖਣ ਤੇ ਸਮਝਣ ਲਈ ਏਆਈ ‘ਤੇ ਪੂਰੀ ਤਰ੍ਹਾਂ ਨਿਰਭਰ ਨਾ ਕੀਤਾ ਜਾਵੇ। ਇਸ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਮਾਣਿਤ ਸਿੱਖ ਸਾਹਿਤ ਨੂੰ ਹੀ ਆਧਾਰ ਬਣਾਇਆ ਜਾਵੇ। ਏਆਈ ਧਾਰਮਿਕ ਸਰੋਤਾਂ ਦਾ ਬਦਲ ਨਹੀਂ ਹੋ ਸਕਦੀ।

SGPC ਵੱਲੋਂ ਫਿਲਮਾਂ ਤੇ ਡਿਜੀਟਲ ਸਮੱਗਰੀ ਬਣਾਉਣ ਵਾਲਿਆਂ ਲਈ ਸਖ਼ਤ ਹਦਾਇਤਾਂ ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੀ ਫਿਲਮ ਨਿਰਮਾਤਾਵਾਂ, ਓਟੀਟੀ ਪਲੇਟਫਾਰਮਾਂ, ਐਨੀਮੇਸ਼ਨ ਸਟੂਡੀਓਜ਼ ਤੇ ਡਿਜੀਟਲ ਕੰਟੈਂਟ ਬਣਾਉਣ ਵਾਲਿਆਂ ਲਈ ਵੀ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਐਸਜੀਪੀਸੀ ਵੱਲੋਂ ਜਾਰੀ ਨੋਟਿਸ ਅਨੁਸਾਰ, 28 ਦਸੰਬਰ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਲਏ ਗਏ ਹੁਕਮਾਂ ਦੇ ਹਵਾਲੇ ਨਾਲ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਦੀਆਂ ਏਆਈ ਤਸਵੀਰਾਂ ਬਣਾਉਣ ‘ਤੇ ਰੋਕ

ਐਸਜੀਪੀਸੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰਾਂ, ਚਾਰ ਸਾਹਿਬਜ਼ਾਦਿਆਂ, ਪੁਰਾਤਨ ਸਿੱਖ ਯੋਧਿਆਂ ਤੇ ਸ਼ਹੀਦਾਂ ਨੂੰ ਫਿਲਮਾਂ, ਵੈੱਬ ਸੀਰੀਜ਼, ਐਨੀਮੇਸ਼ਨ ਜਾਂ ਏਆਈ ਰਾਹੀਂ ਦਿਖਾਉਣ ਵਾਲੀ ਸਮੱਗਰੀ ਤਿਆਰ ਕਰਨ, ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਧਾਰਮਿਕ ਰਸਮਾਂ, ਮਰਿਆਦਾ, ਚਿੰਨ੍ਹਾਂ ਤੇ ਪਵਿੱਤਰ ਪਰੰਪਰਾਵਾਂ ਦੀ ਏਆਈ ਰਾਹੀਂ ਨਕਲ ਜਾਂ ਦ੍ਰਿਸ਼ ਰੂਪ ‘ਚ ਪੇਸ਼ਕਾਰੀ ਕਰਨ ‘ਤੇ ਵੀ ਰੋਕ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।

ਪਹਿਲਾਂ ਤੋਂ ਮੌਜੂਦ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼

ਐਸਜੀਪੀਸੀ ਨੇ ਸਾਰੇ ਫਿਲਮ ਨਿਰਮਾਤਾਵਾਂ, ਡਿਜੀਟਲ ਪਲੇਟਫਾਰਮਾਂ ਤੇ ਕੰਟੈਂਟ ਕ੍ਰੀਏਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਸਮੱਗਰੀ ਬਣਾਉਣ ਜਾਂ ਸਾਂਝੀ ਕਰਨ ਤੋਂ ਤੁਰੰਤ ਰੋਕਣ ਅਤੇ ਜੇਕਰ ਪਹਿਲਾਂ ਕੋਈ ਅਜਿਹੀ ਸਮੱਗਰੀ ਮੌਜੂਦ ਹੈ ਤਾਂ ਉਸ ਨੂੰ ਹਟਾਇਆ ਜਾਵੇ। ਕਮੇਟੀ ਨੇ ਕਿਹਾ ਸੀ ਕਿ ਆਧੁਨਿਕ ਤਕਨੀਕ ਅਤੇ AI ਦੀ ਗਲਤ ਵਰਤੋਂ ਸਿੱਖ ਪਛਾਣ, ਧਾਰਮਿਕ ਪਰੰਪਰਾਵਾਂ ਅਤੇ ਪਵਿੱਤਰ ਵਿਰਾਸਤ ਲਈ ਚੁਣੌਤੀ ਬਣ ਸਕਦੀ ਹੈ। ਇਸ ਲਈ ਸਿੱਖ ਧਰਮ ਨਾਲ ਸਬੰਧਤ ਵਿਸ਼ਿਆਂ ‘ਤੇ ਸਮੱਗਰੀ ਤਿਆਰ ਕਰਦੇ ਸਮੇਂ ਧਾਰਮਿਕ ਮਰਿਆਦਾ ਤੇ ਭਾਵਨਾਵਾਂ ਦਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

Loading...
Unable to load recommendations.
Follow Us