ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੇ ਵਧਾਈ ਦੂਰੀ, I.N.D.I.A ‘ਚ ‘AAP’-ਕਾਂਗਰਸ ਵਿਚਾਲੇ ਤਣਾਅ

Updated On: 

29 Sep 2023 15:18 PM

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦਾ INDIA ਗਠਜੋੜ 'ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਰਵੱਈਆ ਵੀ ਸਖ਼ਤ ਨਜ਼ਰ ਆਇਆ ਹੈ। ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦਾ ਕਹਿਣ ਹੈ ਕਿ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਪਾਰਟੀ ਇਕਲੇ ਚੋਣ ਲੜੇਗੀ ਤੇ ਆਪਣੇ ਦਮ 'ਤੇ ਚੋਣ ਜਿੱਤੇਗੀ।

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੇ ਵਧਾਈ ਦੂਰੀ, I.N.D.I.A ਚ AAP-ਕਾਂਗਰਸ ਵਿਚਾਲੇ ਤਣਾਅ
Follow Us On

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਡਰੱਗਜ਼ ਮਾਮਲੇ ‘ਚ ਗ੍ਰਿਫਤਾਰੀ ਦਾ INDIA ਗਠਜੋੜ ‘ਤੇ ਅਸਰ ਪੈਣ ਲੱਗਾ ਹੈ। ਸ਼ੁਰੂ ‘ਚ ਪੈਦਾ ਹੋਏ ਵਿਵਾਦਾਂ ਤੋਂ ਬਾਅਦ ਪੰਜਾਬ ਦੇ ਆਗੂਆਂ ਨੇ ਹਾਈਕਮਾਂਡ ਦੇ ਹੁਕਮਾਂ ‘ਤੇ ਚੁੱਪੀ ਧਾਰੀ ਹੋਈ ਸੀ ਪਰ ਹੁਣ ਇੱਕ ਵਾਰ ਫਿਰ ਕਾਂਗਰਸ ਅਤੇ ‘AAP’ ਵਿਚਾਲੇ ਇੱਕ ਦੂਸਰੇ ਤੇ ਇਲਜ਼ਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਰਵੱਈਆ ਵੀ ਸਖ਼ਤ ਨਜ਼ਰ ਆਇਆ ਹੈ।

ਕਾਂਗਰਸ ਨੇਤਾ ਖਹਿਰਾ ਨੇ ‘AAP’ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਗ੍ਰਿਫਤਾਰੀ ਤੋਂ ਬਾਅਦ ‘ਖੂਨ ਦੇ ਪਿਆਸੇ’ ਹੋਣ ਦਾ ਦੋਸ਼ ਲਗਾਇਆ ਹੈ। ਖਹਿਰਾ ਨੇ ਕਿਹਾ- ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਭਾਵੇਂ ਅਸੀਂ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਤਬਾਹ ਕਰ ਦੇਈਏ। ਇਸ ਦੇ ਨਾਲ ਹੀ ‘AAP’ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਖਹਿਰਾ ਨੂੰ 2015 ਦੇ ਫਾਜ਼ਿਲਕਾ ਡਰੱਗਜ਼ ਮਾਮਲੇ ‘ਚ ਤਾਜ਼ਾ ਸਬੂਤਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਸੂਬੇ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਵੀ ਕਿਹਾ- ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੇ ਮੈਂਬਰ ਕਿਉਂ ਨਾ ਹੋਣ।

ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਦਾ ਐਲਾਨ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਵੜਿੰਗ ਨੇ ਕਿਹਾ- ਇਹ ਵਿਰੋਧੀ ਧਿਰ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਸਿਆਸੀ ਬਦਲਾਖੋਰੀ, ਵਿਰੋਧੀ ਧਿਰ ਨੂੰ ਡਰਾਉਣ ਦੀ ਕੋਸ਼ਿਸ਼ ਹੈ।

ਜਿਸ ਤੋਂ ਬਾਅਦ ਉਹ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਿਲਣ ਤੋਂ ਬਾਅਦ ਵਾਪਸ ਪਰਤ ਗਏ। ਇਸ ਦੇ ਨਾਲ ਹੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਜਲਾਲਾਬਾਦ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

‘AAP’ ਕਾਂਗਰਸ ‘ਚ ਵਿਵਾਦ ਦਾ ਭਾਜਪਾ ਨੂੰ ਫਾਇਦਾ

ਕੇਂਦਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ‘ਚ ‘AAP’ ਅਤੇ ਕਾਂਗਰਸੀ ਆਗੂਆਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਰਿਹਾ ਹੈ। ਇਹ ਦੋਵੇਂ ਪਾਰਟੀਆਂ 2024 ਦੀਆਂ ਚੋਣਾਂ ਭਾਰਤ ਗਠਜੋੜ ਦੇ ਬੈਨਰ ਹੇਠ ਇਕੱਠੇ ਲੜਨ ਦੀ ਤਿਆਰੀ ਕਰ ਰਹੀਆਂ ਹਨ, ਪਰ ਪੰਜਾਬ ਵਿੱਚ ਵੱਧ ਰਿਹਾ ਟਕਰਾਅ ਕੇਂਦਰ ਵਿੱਚ ਵੀ ਸਬੰਧਾਂ ਨੂੰ ਕਮਜ਼ੋਰ ਕਰ ਰਿਹਾ ਹੈ। ‘AAP’ ਇਸ ਵੇਲੇ ਦੇਸ਼ ਦੀ ਤੀਜੀ ਰਾਸ਼ਟਰੀ ਪਾਰਟੀ ਬਣ ਗਈ ਹੈ। ਅਜਿਹੇ ‘ਚ ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਦਾ ਫਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਨੂੰ ਹੋਣ ਵਾਲਾ ਹੈ।

ਦੂਜੇ ਪਾਸੇ ਭਾਵੇਂ AAP ਅਤੇ ਕਾਂਗਰਸ ਦੀ ਕੌਮੀ ਲੀਡਰਸ਼ਿਪ INDIA ਗਠਜੋੜ ਲਈ ਖਿੱਚੋਤਾਣ ਕਰ ਰਹੀ ਹੈ ਪਰ ਖਹਿਰਾ ਦੀ ਗ੍ਰਿਫ਼ਤਾਰੀ ਨੇ ਪੰਜਾਬ ਚ ਸਿਆਸੀ ਆਗੂਆਂ ਵਿਚਾਲੇ ਖਲਬਲੀ ਵਧਾ ਦਿੱਤੀ ਹੈ। ਅਜਿਹੇ ‘ਚ ਚੋਣ ਪ੍ਰਚਾਰ ਦੌਰਾਨ ਦੋਵਾਂ ਪਾਰਟੀਆਂ ਲਈ ਇਕੱਠੇ ਕੰਮ ਕਰਨਾ ਅਸੰਭਵ ਜਾਪਦਾ ਹੈ।

13 ਸੀਟਾਂ ਦੀ ਵੰਡ ਸੋਖੀ ਨਹੀਂ

ਚੋਣਾਂ ਤੋਂ ਪਹਿਲਾਂ INDIA ਗਠਜੋੜ ‘ਚ ਜ਼ਿਆਦਾਤਰ ਚਰਚਾ ਸੀਟਾਂ ਦੀ ਵੰਡ ਨੂੰ ਲੈ ਕੇ ਹੁੰਦੀ ਹੈ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਪੰਜਾਬ ‘ਚ ਪੈਦਾ ਹੋਏ ਹਾਲਾਤ ਦਰਮਿਆਨ ‘AAP’ ਅਤੇ ਕਾਂਗਰਸ 13 ਲੋਕ ਸਭਾ ਸੀਟਾਂ ਦੀ ਸ਼ਾਂਤੀਪੂਰਵਕ ਵੰਡ ਕਰ ਸਕਣਗੇ ਜਾਂ ਨਹੀਂ। ਇਹ ਸਵਾਲ ਹਾਲੇ ਬਰਕਰਾਰ ਹੈ।