ਮਣੀਮਹੇਸ਼ ਯਾਤਰਾ ਮੁਲਤਵੀ, ਰਾਵੀ ‘ਚ 4 ਲੋਕ ਫਸੇ, ਬਾਰਿਸ਼ ਕਾਰਨ ਕਈ ਜਿਲ੍ਹੇ ਪ੍ਰਭਾਵਿਤ
Punjab Heavy Rain: ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇਅ ਡੈਮ ਵਾਲੇ ਪਾਸੇ ਪਹਾੜਾਂ ਵਿੱਚ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਜਿੱਥੇ ਰਣਜੀਤ ਸਾਗਰ ਡੈਮ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਥਾਨਕ ਲੋਕ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।
ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸਭ ਤੋਂ ਭੈੜੀ ਸਥਿਤੀ ਪਠਾਨਕੋਟ ਜ਼ਿਲ੍ਹੇ ਦੀ ਹੈ। ਇੱਥੇ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ, ਪੁਲ ਅਤੇ ਹਾਈਵੇਅ ਟੁੱਟ ਗਏ ਹਨ। ਸ਼ਹਿਰ ਤੋਂ ਲੈ ਕੇ ਬਾਜ਼ਾਰਾਂ ਤੱਕ ਪਾਣੀ ਭਰ ਗਿਆ ਹੈ। ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਈ ਥਾਵਾਂ ‘ਤੇ ਲੋਕਾਂ ਨੇ ਆਪਣੇ ਘਰ ਖਾਲੀ ਕਰਵਾ ਲਏ ਹਨ। ਰਣਜੀਤ ਸਾਗਰ ਡੈਮ ਦੇ ਹੜ੍ਹ ਵਾਲੇ ਗੇਟ ਖੋਲ੍ਹ ਦਿੱਤੇ ਗਏ ਹਨ।
ਪਠਾਨਕੋਟ-ਡਲਹੌਜ਼ੀ ਨੈਸ਼ਨਲ ਹਾਈਵੇਅ ਡੈਮ ਵਾਲੇ ਪਾਸੇ ਪਹਾੜਾਂ ਵਿੱਚ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਜਿੱਥੇ ਰਣਜੀਤ ਸਾਗਰ ਡੈਮ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਥਾਨਕ ਲੋਕ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ।
ਇੰਨਾ ਹੀ ਨਹੀਂ, ਮਣੀਮਹੇਸ਼ ਯਾਤਰਾ ‘ਤੇ ਜਾਣ ਵਾਲੇ ਜ਼ਿਆਦਾਤਰ ਸ਼ਰਧਾਲੂ ਇਸ ਰਸਤੇ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਹ ਸੜਕ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਪ੍ਰਸ਼ਾਸਨ ਵੱਲੋਂ ਮਣੀਮਹੇਸ਼ ਯਾਤਰਾ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਆਪਣੇ ਖਤਰੇ ਦੇ ਨਿਸ਼ਾਨ ਤੋਂ ਵੱਧ ਚੁੱਕਿਆ ਹੈ ਜਿਸ ਦੇ ਚਲਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡੈਮ ਦੇ ਸਪਿਲ ਵੇ ਗੇਟ ਖੋਲ ਕੇ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ। ਰਾਵੀ ਦਰਿਆ ਹੁਣ ਉਫਾਨ ਤੇ ਹੈ ਤੇ ਇਸ ਦੇ ਕੰਢੇ ‘ਤੇ ਵੱਸੇ ਲੋਕਾਂ ਦੀਆਂ ਮੁਸ਼ਕਿਲਾਂ ਹੁਣ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਕੱਲ੍ਹ ਤੋਂ ਨਦੀ ‘ਚ ਫਸੇ ਲੋਕ
ਸਰਹੱਦੀ ਇਲਾਕਾ ਬਮਿਆਲ ਦੇ ਪਿੰਡ ਬਹਾਦਰਪੁਰ ਵਿਖੇ ਰਾਵੀ ਦਰਿਆ ਦੇ ਕੰਡੇ ‘ਤੇ ਵਸੇ 2 ਗੁੱਜਰ ਸਮੁਦਾਏ ਦੇ ਘਰ ਰਾਵੀ ਦਰਿਆ ਦੀ ਚਪੇਟ ਦੇ ਵਿੱਚ ਆ ਗਏ, ਇਸ ਦੇ ਚਲਦੇ ਇਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਅਚਾਨਕ ਰਾਵੀ ਦਰਿਆ ਦਾ ਪਾਣੀ ਵੱਧ ਗਿਆ ਤੇ ਇਹਨਾਂ ਦਾ ਜਿੱਥੇ ਘਰ ਦੇ ਵਿੱਚ ਰੱਖਿਆ ਸਮਾਨ ਪਾਣੀ ਦੀ ਭੇਂਟ ਚੜ ਗਿਆ, ਉੱਥੇ ਹੀ ਕੁਝ ਪਸ਼ੂ ਵੀ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਅਤੇ ਰੁੜ ਗਏ।ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਇਹ ਲੋਕ ਕੱਲ੍ਹ ਤੋਂ ਫਸੇ ਹੋਏ ਹਨ। ਇਹ ਚਾਰੋ ਗੁੱਜਰ ਭਾਈਚਾਰੇ ਨਾਲ ਸਬੰਧਤ ਹਨ। ਫਸੇ ਲੋਕਾਂ ਵਿੱਚ ਇੱਕ ਆਦਮੀ, ਦੋ ਔਰਤਾਂ ਅਤੇ ਇੱਕ ਦੋ ਸਾਲ ਦਾ ਬੱਚਾ ਸ਼ਾਮਲ ਹੈ।


