ਅਮਰੀਕਾ ਅਤੇ ਕੈਨੇਡਾ ਤੋਂ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਆਈਆਂ ਮੰਦਭਾਗੀਆਂ ਖ਼ਬਰਾਂ, ਪਿੰਡਾਂ ‘ਚ ਸੋਗ ਦੀ ਲਹਿਰ
Bad News from America & Canada: ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੰਦਭਾਗੀ ਮੌਤ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਦੋ ਨੌਜਵਾਨਾਂ ਦੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਤਾਂ ਉੱਥੇ ਹੀ 22 ਦਿਨ ਪਹਿਲਾਂ ਹੀ ਕੈਨੇਡਾ ਗਏ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਜਾਨ ਚਲੀ ਗਈ। ਕੈਨੇਡਾ ਤੋਂ ਲਗਾਤਾਰ ਹਾਰਟ ਅਟੈਕ ਨਾਲ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਵਿਦੇਸ਼ ਤੋਂ ਲਗਾਤਾਰ ਮੰਦਭਾਗੀ ਖਬਰਾਂ ਸਾਮਣੇ ਆ ਰਹੀਆਂ ਹਨ, ਅਮਰੀਕਾ ਤੋਂ ਵੀ ਅਜਿਹੀ ਹੀ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਦੋ ਟਰੈਕਟਰਾਂ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ (23) ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਸੀ, ਜੋ 6 ਸਾਲ ਪਹਿਲਾਂ ਅਮਰੀਕਾ ਗਿਆ ਸੀ। ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦਰਦਨਾਕ ਹਾਦਸੇ ਕਾਰਨ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਦੂਜੇ ਹਾਦਸੇ ਵਿੱਚ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਦੋ ਟਰਾਲੀਆਂ ਦੀ ਟੱਕਰ ਵਿੱਚ ਇੱਕ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ (42) ਵਾਸੀ ਪਿੰਡ ਸਵਾਜਪੁਰ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ 7 ਸਾਲ ਬਾਅਦ ਅਮਰੀਕਾ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਵਾਲਾ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪਤਨੀ, 15 ਸਾਲ ਦਾ ਬੇਟਾ ਅਤੇ 13 ਸਾਲ ਦੀ ਬੇਟੀ ਅਮਰੀਕਾ ਲਈ ਰਵਾਨਾ ਹੋਏ ਸਨ। ਪਰ ਬਲਵਿੰਦਰ ਸਿੰਘ ਆਪਣੇ ਬੱਚਿਆਂ ਅਤੇ ਪਤਨੀ ਨੂੰ ਹੁਣ ਮਿਲ ਨਹੀਂ ਪਊਗਾ।
ਉੱਧਰ, ਕੈਨੇਡਾ ਵਿੱਚ ਵੀ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪ੍ਰਿੰਸ ਅਰੋੜਾ ਵਾਸੀ ਜੀਰਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪ੍ਰਿੰਸ 23 ਦਿਨ ਪਹਿਲਾਂ ਵਿਦੇਸ਼ ਗਿਆ ਸੀ।ਦੱਸ ਦੇਈਏ ਕਿ ਮ੍ਰਿਤਕ ਕਰੀਬ 23 ਦਿਨ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਪ੍ਰਿੰਸ ਦੀ ਪਤਨੀ 2 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ ਅਤੇ ਉਸ ਨੇ ਪ੍ਰਿੰਸ ਨੂੰ ਵੀਜ਼ਾ ਭੇਜ ਕੇ ਵਿਦੇਸ਼ ਸੱਦਿਆ ਸੀ, ਜਿਥੋਂ ਪ੍ਰਿੰਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਧਿਆਨ ਰਹੇ ਕਿ ਅਰੋੜਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।