ਸਪੇਨ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ: 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼, ਬਰਨਾਲਾ ‘ਚ ਕੀਤਾ ਅੰਤਿਮ ਸੰਸਕਾਰ

tv9-punjabi
Updated On: 

20 Oct 2023 19:11 PM

Barnala Boy Died in Spain: ਬੀਤੇ ਕੁਝ ਮਹੀਨਿਆਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਂ ਕੁਝ ਨੌਜਵਾਨਾਂ ਨੇ ਤਾਂ ਕੁਝ ਦਿਨ ਪਹਿਲਾਂ ਵੀ ਅਖਾਂ ਵਿੱਚ ਚੰਗੀ ਜਿੰਦਗੀ ਦੇ ਸੁਪਨੇ ਲੈ ਕੇ ਵਿਦੇਸ਼ ਦੀ ਧਰਤੀ ਤੇ ਪੈਰ ਰੱਖੇ ਸਨ। ਪਰ ਉਨ੍ਹਾਂ ਦੇ ਖੂਬਸੂਰਤ ਸੁਪਨਿਆਂ ਤੇ ਮੌਤ ਨੇ ਆਪਣਾ ਖੌਫਨਾਕ ਸ਼ਿਕੰਜਾ ਕੱਸ ਦਿੱਤਾ। ਵਾਰ-ਵਾਰ ਸਾਹਮਣੇ ਆ ਰਹੇ ਅਜਿਹੇ ਮਾਮਲੇ ਕਈ ਵੱਡੇ ਸਵਾਲ ਖੜੇ ਕਰ ਰਹੇ ਹਨ।

ਸਪੇਨ ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ: 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼, ਬਰਨਾਲਾ ਚ ਕੀਤਾ ਅੰਤਿਮ ਸੰਸਕਾਰ

ਸੰਕੇਤਕ ਤਸਵੀਰ

Follow Us On

ਬਰਨਾਲਾ ਦੇ ਧਨੌਲਾ ਖੇਤਰ ਅਧੀਨ ਪੈਂਦੇ ਪਿੰਡ ਬਡਬਰ ਦੇ 23 ਸਾਲਾ ਨੌਜਵਾਨ ਦੀ ਲਾਸ਼ ਸਪੇਨ ਤੋਂ ਭਾਰਤ ਲਿਆਂਦੀ ਗਈ। ਉਸ ਦਾ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ। ਪਿੰਡ ਬਡਬਰ ਦਾ ਰਹਿਣ ਵਾਲਾ ਸੁਖਵੰਤ ਸਿੰਘ (23) ਸੱਤ ਮਹੀਨੇ ਪਹਿਲਾਂ ਪੁਰਤਗਾਲ ਦੇ ਰਸਤੇ ਸਪੇਨ ਗਿਆ ਸੀ। ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿੱਚ ਕੰਮ ਕਰਦਾ ਸੀ। ਬੀਤੇ ਦਿਨ ਉਸ ਦੀ ਦਿਲ ਦਾ ਦੌਰਾ (Heart Attack) ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਨੂੰ ਪਰਿਵਾਰ ਵੱਲੋਂ ਸਪੇਨ ਤੋਂ ਭਾਰਤ ਮੰਗਵਾਇਆ ਗਿਆ।

ਸਮਾਜ ਸੇਵੀ ਗੁਰਮੀਤ ਸਿੰਘ ਕਾਕਾ ਨੇ ਦੱਸਿਆ ਕਿ ਭੋਗ ਐਤਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ | ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਿਆ ਸੀ। ਜਿਨ੍ਹਾਂ ਲੜਕਿਆਂ ਨਾਲ ਉਹ ਰਹਿੰਦਾ ਸੀ, ਉਹ ਸਵੇਰੇ ਉੱਠ ਕੇ ਕੰਮ ‘ਤੇ ਚਲੇ ਗਏ।

ਜਦੋਂ ਉਨ੍ਹਾਂ ਦੇਖਿਆ ਕਿ ਉਹ ਦੁਪਹਿਰ ਤੱਕ ਕੰਮ ‘ਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਜਾ ਕੇ ਕਮਰੇ ਚ ਚੈੱਕ ਕੀਤਾ, ਜਿੱਥੇ ਉਹ ਮਰਿਆ ਹੋਇਆ ਪਿਆ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਹੀ ਉਸ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾ ਸਕਿਆ।