Dharna Update: ਇਨਸਾਫ ਮਿਲਣ ਦੇ ਭਰੋਸੇ ਤੋਂ ਬਾਅਦ ਮੁਸੇਵਾਲੇ ਦੇ ਮਾਪਿਆਂ ਨੇ ਚੁੱਕਿਆ ਧਰਨਾ
Assurance for Justice: ਮੂਸੇਵਾਲੇ ਦੇ ਮਾਪਿਆਂ ਨੇ ਕਿਹਾ ਸੀ, "ਹੁਣ ਅਸੀਂ ਨਹੀਂ ਹਿੱਲਾਂਗੇ, ਭਾਵੇਂ ਪੁਲਿਸ ਸਾਨੂੰ ਗ੍ਰਿਫ਼ਤਾਰ ਕਰ ਲਵੇ।" ਪਰ ਕੈਬਨਿਟ ਮੰਤਰੀ ਧਾਲੀਵਾਲ ਦੇ ਭਰੋਸੇ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੇ ਧਰਨਾ ਖਤਮ ਕਰ ਦਿੱਤਾ।
ਪੰਜਾਬ ਨਿਊਜ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਈ। ਪਰ ਅੱਜ ਵਿਧਾਨ ਸਭਾ ਦੇ ਅੰਦਰ ਦੀ ਬਜਾਏ ਬਾਹਰ ਜਿਆਦਾ ਗਹਿਮਾ ਗਹਿਮੀ ਰਹੀ। ਕਿਉਂਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Punjabi Singer Sidhu Moosewala) ਦੇ ਮਾਪੇ ਇਨਸਾਫ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ। ਧਰਨੇ ਦੀ ਸੂਚਨਾ ਮਿਲਦੇ ਹੀ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚ ਗਏ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਵੀ ਉਨ੍ਹਾਂ ਨਾਲ ਧਰਨੇ ਤੇ ਬੈਠ ਗਏ ਸਨ।
ਭਰੋਸੇ ਤੋਂ ਬਾਅਦ ਸਿੱਧੂ ਦੇ ਮਾਪਿਆਂ ਵੱਲੋਂ ਧਰਨਾ ਚੁੱਕਿਆ
ਜ਼ਿਕਰਯੋਗ ਹੈ ਕਿ ਧਰਨੇ ਦੀ ਜਾਣਕਾਰੀ ਮਿਲਦਿਆਂ ਹੀ ਕੈਬਨਿਟ ਮੰਤਰੀ ਧਾਲੀਵਾਲ ਵਿਧਾਨ ਸਭਾ ਪਹੁੰਚੇ। ਸਿੱਧੂ ਦੇ ਮਾਪਿਆਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਦੋਸ਼ੀਆਂ ਨੂੰ ਬਾਹਰੋਂ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ ਅਤੇ ਮੁੱਖ ਮੰਤਰੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਮੂਸੇਵਾਲਾ ਪੂਰੇ ਪੰਜਾਬ ਦਾ ਪੁੱਤਰ ਸੀ। ਅਸੀਂ ਬਾਦਲਾਂ ਦਾ ਚਲਾਨ ਕੀਤਾ, ਇਸੇ ਤਰ੍ਹਾਂ ਅਸੀਂ ਤੁਹਾਨੂੰ ਵੀ ਇਨਸਾਫ਼ ਦੇਵਾਂਗੇ। ਇਸ ‘ਤੇ ਸਿੱਧੂ ਦੇ ਪਿਤਾ ਨੇ ਕੈਬਨਿਟ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਕਦੋ ਤੱਕ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ 18 ਤੋਂ 28 ਫਰਵਰੀ ਤੱਕ ਉਨ੍ਹਾਂ ਨੂੰ ਤਿੰਨ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਕੈਬਨਿਟ ਮੰਤਰੀ ਦੇ ਭਰੋਸਾ ਦੇਣ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੇ ਧਰਨਾ ਚੁੱਕ ਦਿੱਤਾ। ਦੱਸ ਦੇਈਏ ਕਿ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਗਿਨੀਵ ਗਰੇਵਾਲ ਵੀ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ।
‘ਬਾਕੀ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ’
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗਿਆਰਾਂ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਕਾਤਲਾਂ ਦੀ ਗ੍ਰਿਫਤਾਰੀ ਬਾਕੀ ਹੈ। ਜਿਸ ਦੇ ਚਲਦੇ ਸਿੱਧੂ ਦੇ ਮਾਤਾ-ਪਿਤਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਸਵੇਰੇ ਧਰਨਾ ਲਗਾ ਦਿੱਤਾ ਸੀ। ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਹੁਣ ਤਕ 29 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੋ ਗੈਂਗਸਟਰਾਂ ਦਾ ਐਨਕਾਉਂਟਰ ਵੀ ਕਰ ਚੁੱਕੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗੱਲ ਹੈ, ਉਨ੍ਹਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਖ਼ਤਮ ਕਰ ਦਿੱਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ