ਕੀ ਹੈ ਨਾਨਕਸ਼ਾਹੀ ਇੱਟਾਂ ਦਾ ਸੁਨਹਿਰੀ ਇਤਿਹਾਸ, ਜਿਨ੍ਹਾਂ ਨਾਲ ਬਣਿਆ ਆਨੰਦ ਮਹਿੰਦਰਾ ਦਾ ਜੱਦੀ ਘਰ ਢੱਹਿਆ?
Nanakshahi Bricks Golden History: ਨਾਨਕਸ਼ਾਹੀ ਇੱਟਾਂ ਨੂੰ ਮੁਗਲ ਰਾਜ ਦੌਰਾਨ ਬਣੀਆਂ ਇਮਾਰਤਾਂ ਵਿੱਚ ਵਰਤਿਆ ਜਾਂਦਾ ਸੀ। ਇਨ੍ਹਾਂ ਦੀ ਵਰਤੋਂ 20ਵੀਂ ਸਦੀ ਤੱਕ ਮੁਗਲ ਸ਼ਾਸਨ ਦੌਰਾਨ ਹੁੰਦੀ ਰਹੀ। ਮੁਗਲ ਰਾਜਾ ਆਪਣੇ ਮਹਿਲ ਦੀ ਸਜਾਵਟ ਲਈ ਇਨ੍ਹਾਂ ਇੱਚਾ ਦਾ ਇਸਤੇਮਾਲ ਕਰਦੇ ਸਨ। ਪਤਲੀ ਅਤੇ ਛੋਟੀ ਹੋਣ ਕਰਕੇ ਨਾਨਕਸ਼ਾਹੀ ਇੱਟ ਪਾਲੇ ਦੇ ਮੌਸਮ ਤੋਂ ਲੈ ਕੇ ਤਿੱਖੀ ਗਰਮੀ ਤੱਕ ਦੇ ਮੌਸਮ ਦੌਰਾਨ ਘਰ ਨੂੰ ਸੁਰੱਖਿਅਤ ਰੱਖਦੀ ਹੈ।
ਕੀ ਹੈ ਨਾਨਕਸ਼ਾਹੀ ਇੱਟਾਂ ਦਾ ਸੁਨਹਿਰੀ ਇਤਿਹਾਸ?
Nanakshahi Brick: ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਹੜਾਂ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਮੰਗਲਵਾਰ ਨੂੰ ਲੁਧਿਆਣਾ ਵਿੱਚ ਭਾਰੀ ਮੀਂਹ ਕਾਰਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਦਾ ਜੱਦੀ ਘਰ ਢਹਿ ਗਿਆ। ਆਨੰਦ ਮਹਿੰਦਰਾ ਦਾ ਇਹ ਤਿੰਨ ਮੰਜ਼ਿਲਾ ਘਰ ਲੁਧਿਆਣਾ ਦੇ ਮੋਹੱਲਾ ਨੌਘਰਾ ਵਿੱਚ ਸਥਿਤ ਸੀ, ਜੋ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ ਸੀ। ਨਾਨਕਸ਼ਾਹੀ ਇੱਟ ਦਾ ਨਾਂ ਸੁਣਦੇ ਹੀ ਕਈ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਅਜਿਹੀ ਕਿਹੜੀ ਇੱਟ ਹੈ ਜਿਸਨੂੰ ਪ੍ਰਥਮ ਪਾਤਸ਼ਾਹੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੁਹਾਡੇ ਇਸੇ ਸਵਾਲ ਦਾ ਜਵਾਬ ਅਸੀਂ ਇੱਥੇ ਵਿਸਥਾਰ ਨਾਲ ਦੇਣ ਜਾ ਰਹੇ ਹਾਂ।
ਇਤਿਹਾਸਕਾਰਾਂ ਕੋਲ ਹਾਲਾਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਇਨ੍ਹਾਂ ਦੇ ਸਬੰਧ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ, ਇਨ੍ਹਾਂ ਦੀ ਵਰਤੋਂ ਕਦੋਂ ਸ਼ੁਰੂ ਹੋਈ, ਇਸ ਬਾਰੇ ਆਰਕੀਟੈਕਟਾਂ ਅਤੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ, ਪਰ ਇਹ ਸਪੱਸ਼ਟ ਹੈ ਕਿ ਇਨ੍ਹਾਂ ਨੂੰ ਇਹ ਨਾਮ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸਤੇਮਾਲ ਹੋਣ ਕਰਕੇ ਹੀ ਮਿਲਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੇ ਇਨ੍ਹਾਂ ਨੂੰ ਬਣਾਇਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਰੱਖਦੇ ਸਨ, ਇਸ ਲਈ ਇਨ੍ਹਾਂ ਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਸੀ। ਇਤਿਹਾਸਕਾਰ ਕਹਿੰਦੇ ਹਨ, ‘1764 ਤੋਂ 1777 ਦੌਰਾਨ ਪ੍ਰਚਲਿਤ ਸਿੱਕਿਆਂ ਨੂੰ ਗੋਬਿੰਦਸ਼ਾਹੀ ਸਿੱਕੇ ਕਿਹਾ ਜਾਂਦਾ ਸੀ ਅਤੇ ਉਸ ਤੋਂ ਪਹਿਲਾਂ ਪ੍ਰਚਲਿਤ ਸਿੱਕਿਆਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਜਾਂਦਾ ਸੀ। ਇਸੇ ਤਰਜ਼ ‘ਤੇ, ਜਦੋਂ ਉੱਤਰੀ ਭਾਰਤ ਵਿੱਚ ਸਿੱਖਾਂ ਦਾ ਪ੍ਰਭਾਵ ਵਧਿਆ ਤਾਂ ਪਹਿਲਾਂ ਤੋਂ ਹੀ ਇਸਤੇਮਾਲ ਹੋ ਰਹੀਆਂ ਲਖੌਰੀ ਇੱਟਾਂ ਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਣ ਲੱਗ ਪਿਆ।’
ਇਨ੍ਹਾਂ ਇੱਟਾਂ ਨੂੰ ਮੁਗਲ ਰਾਜ ਦੌਰਾਨ ਬਣੀਆਂ ਇਮਾਰਤਾਂ ਵਿੱਚ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਸੀ। ਇਨ੍ਹਾਂ ਦੀ ਵਰਤੋਂ 20ਵੀਂ ਸਦੀ ਤੱਕ ਹੁੰਦੀ ਰਹੀ। ਹਾਲਾਂਕਿ ਮੁਗਲ ਸ਼ਾਸਕ ਇਨ੍ਹਾਂ ਇੱਟਾਂ ਨੂੰ ਇਮਾਰਤ ਦੇ ਢਾਂਚੇ ਵਿੱਚ ਇਸਤੇਮਾਲ ਕਰਨ ਦੀ ਬਜਾਏ ਆਪਣੇ ਮਹਿਲ ਦੀ ਸਜਾਵਟ ਲਈ ਇਸਤੇਮਾਲ ਕਰਦੇ ਸਨ। ਉਹ ਇਨ੍ਹਾਂ ਦਾ ਇਸਤੇਮਾਲ ਮੇਹਰਾਬ, ਖਿੜਕੀਆਂ ਅਤੇ ਹੋਰ ਸਜਾਵਟੀ ਡਿਜਾਇਨ ਬਣਾਉਣ ਲਈ ਕਰਦੇ ਸਨ। ਇਹ ਇੱਟ ਪਤਲੀ ਅਤੇ ਛੋਟੀ ਪਰ ਬਹੁਤ ਹੀ ਮਜਬੂਤ ਹੁੰਦੀ ਹੈ। ਜੋ ਪਾਲੇ ਦੇ ਮੌਸਮ ਦੌਰਾਨ ਵੀ ਘਰ ਨੂੰ ਸੁਰੱਖਿਅਤ ਰੱਖਦੀ ਹੈ।
Photo Credit: ANI
ਖਾਸ ਸਮੱਗਰੀ ਨਾਲ ਹੁੰਦੀਆਂ ਸਨ ਤਿਆਰ
ਨਾਨਕਸ਼ਾਹੀ ਇੱਟਾਂ ਦੀ ਮੋਟਾਈ ਆਮ ਤੌਰ ‘ਤੇ 2 ਤੋਂ 4 ਇੰਚ ਅਤੇ ਲੰਬਾਈ 6 ਇੰਚ ਹੁੰਦੀ ਸੀ। ਇਹ ਇੱਟਾਂ ਬਹੁਤ ਮਜ਼ਬੂਤ ਹੁੰਦੀਆਂ ਸਨ। ਪਤਲੀਆਂ ਹੋਣ ਕਰਕੇ, ਇਹਨਾਂ ਨੂੰ ਮੇਹਰਾਬਾਂ ਵਿੱਚ ਵਧੇਰੇ ਵਰਤਿਆ ਜਾਂਦਾ ਸੀ। ਇਹਨਾਂ ਨੂੰ ਗਲੀਆਂ ਅਤੇ ਛੱਤਾਂ ‘ਤੇ ਵੱਖ-ਵੱਖ ਪੈਟਰਨ ਬਣਾਉਣ ਲਈ ਵੀ ਇਸਤੇਮਾਲ ਕੀਤਾ ਜਾਂਦਾ ਸੀ। ਇਹਨਾਂ ਨੂੰ ਮੇਹਰਾਬਾਂ, ਖਿੜਕੀਆਂ, ਗੈਲਰੀਆਂ, ਪਲੇਟਫਾਰਮਾਂ ਅਤੇ ਚੌਬਾਰਿਆਂ ਵਿੱਚ ਡਿਜ਼ਾਈਨ ਲਈ ਵਧੇਰੇ ਵਰਤਿਆ ਜਾਂਦਾ ਸੀ।
ਇਤਿਹਾਸਕਾਰ ਦੱਸਦੇ ਹਨ, ‘ਨਾਨਕਸ਼ਾਹੀ ਇੱਟਾਂ ਬਣਾਉਣ ਲਈ ਇੱਕ ਖਾਸ ਕਿਸਮ ਦੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਖੇਤਰ ਦੀ ਮਿੱਟੀ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਿੱਥੇ ਫਸਲ ਚੰਗੀ ਹੁੰਦੀ ਸੀ। ਇਨ੍ਹਾਂ ਇੱਟਾਂ ਨੂੰ ਪਕਾਉਣ ਲਈ ਗੋਹੇ ਦੀਆਂ ਥਾਪੀਆਂ ਅਤੇ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ। ਨਾਨਕਸ਼ਾਹੀ ਇੱਟਾਂ ਨੂੰ ਜੋੜਨ ਲਈ ਆਮ ਗਾਰੇਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ, ਸਗੋਂ 12 ਚੀਜ਼ਾਂ ਦੇ ਘੋਲ ਤੋਂ ਤਿਆਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ
ਉਹ ਕਹਿੰਦੇ ਹਨ ਕਿ ਇਸ ਵਿੱਚ ਚੂਨਾ, ਗੁੜ, ਮਾਂਹ ਯਾਨੀ ਉੜਦ ਅਤੇ ਛੋਲਿਆਂ ਦੀ ਦਾਲ ਦੇ ਘੋਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਝੋਨੇ ਦੀ ਛਿਲਕਾ, ਗੁੜ ਦਾ ਸ਼ੀਰਾ, ਜਾਇਫਲ ਅਤੇ ਮੇਥੀ ਪਾਊਡਰ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ, ਗੁੜ ਅਤੇ ਉੜਦ ਦੀ ਦਾਲ ਦਾ ਘੋਲ ਜ਼ਿਆਦਾਤਰ ਗੋਲਾਕਾਰ ਬਣਤਰਾਂ ਜਿਵੇਂ ਕਿ ਮੇਹਰਾਬਾਂ ਵਿੱਚ ਵਰਤਿਆ ਜਾਂਦਾ ਸੀ। ਗੁੜ ਚੂਨੇ ਦੇ ਘੋਲ ਨੂੰ ਲੁਬਰੀਕੇਟ ਕਰਨ ਲਈ ਵਰਤਿਆ ਜਾਂਦਾ ਸੀ, ਜਦੋਂ ਕਿ ਉੜਦ ਦੀ ਦਾਲ ਇਸਨੂੰ ਵਧੇਰੇ ਤਾਕਤ ਪ੍ਰਦਾਨ ਕਰਦੀ ਸੀ। ਇਸ ਤੋਂ ਇਲਾਵਾ, ਜਿਪਸਮ ਅਤੇ ਇੱਟਾਂ ਦੀ ਕੇਰੀ ਦਾ ਵੀ ਇਸਤੇਮਾਲ ਹੁੰਦਾ ਸੀ।
ਨਹੀਂ ਪੈਂਦੀ ਸੀ ਬੀਮ ਦੀ ਲੋੜ, ਬੱਸ ਇੱਟਾਂ ਹੀ ਕਾਫ਼ੀ ਸਨ
ਇਤਿਹਾਸਕਾਰਾਂ ਅਨੁਸਾਰ, ‘ਇਨ੍ਹਾਂ ਇੱਟਾਂ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਤੋਂ ਬਣੀ ਇਮਾਰਤ ਵਿੱਚ ਬੀਮ ਲਗਾਉਣ ਦੀ ਜ਼ਰੂਰਤ ਨਹੀਂ ਸੀ। ਇਨ੍ਹਾਂ ਤੋਂ ਬਣੀਆਂ ਇਮਾਰਤਾਂ ਅੱਗ ਸੁਰੱਖਿਆ, ਆਵਾਜ਼ ਅਤੇ ਗਰਮੀ ਰੋਕਣ ਦੇ ਮਾਮਲੇ ਵਿੱਚ ਵੀ ਵਧੇਰੇ ਸੁਰੱਖਿਅਤ ਹੁੰਦੀਆਂ ਸਨ। ਕਿਉਂਕਿ ਇਨ੍ਹਾਂ ਵਿੱਚ ਵਰਤਿਆ ਜਾਣ ਵਾਲਾ ਚੂਨਾ ਕੰਧ ਦੀ ਨਮੀ ਨੂੰ ਸੋਖ ਲੈਂਦਾ ਸੀ, ਇਸ ਨਾਲ ਇਨ੍ਹਾਂ ਤੇ ਨਮੀ ਦਾ ਅਸਰ ਨਹੀਂ ਹੁੰਦਾ ਸੀ।
ਉਸ ਸਮੇਂ ਦੌਰਾਨ, ਲਾਹੌਰ ਵਿੱਚ ਇਨ੍ਹਾਂ ਇੱਟਾਂ ਬਣਾਉਣ ਵਾਲੇ ਭੱਠਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੁੰਦੀ ਸੀ। ਇਹੀ ਕਾਰਨ ਹੈ ਕਿ ਇਨ੍ਹਾਂ ਦੀ ਵਰਤੋਂ ਲਾਹੌਰ ਅਤੇ ਅੰਮ੍ਰਿਤਸਰ ਦੀਆਂ ਕਈ ਇਮਾਰਤਾਂ ਵਿੱਚ ਕੀਤੀ ਜਾਂਦੀ ਰਹੀ ਹੈ। ਵੀਹਵੀਂ ਸਦੀ ਦੇ ਪੰਜਵੇਂ ਅਤੇ ਛੇਵੇਂ ਦਹਾਕੇ ਦੇ ਵਿਚਕਾਰ, ਵੱਡੀਆਂ ਇੱਟਾਂ ਦੀ ਵਧਦੀ ਮੰਗ ਕਾਰਨ, ਨਾਨਕਸ਼ਾਹੀ ਇੱਟਾਂ ਦਾ ਉਤਪਾਦਨ ਹੌਲੀ-ਹੌਲੀ ਬੰਦ ਹੋ ਗਿਆ।
Photo Credit: Sanchit Khanna/HT via Getty Images
ਸ਼ਾਨਦਾਰ ਅਤੀਤ ਨੂੰ ਤਾਜ਼ਾ ਕਰਦੀਆਂ ਹਨ ਨਾਨਕਸ਼ਾਹੀ ਇੱਟਾਂ
ਇਨ੍ਹਾਂ ਇੱਟਾਂ ਦੀ ਵਰਤੋਂ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੇਸ਼ ਭਰ ਵਿੱਚ ਸੈਂਕੜੇ ਇਤਿਹਾਸਕ ਇਮਾਰਤਾਂ ਵਿੱਚ ਕੀਤੀ ਗਈ ਹੈ। ਇਨ੍ਹਾਂ ਇੱਟਾਂ ਤੋਂ ਬਣੀਆਂ ਇਮਾਰਤਾਂ, ਜੋ ਆਪਣੀ ਵਿਸ਼ੇਸ਼ ਆਕਾਰ, ਮਜਬੂਤੀ ਅਤੇ ਬਣਤਰ ਲਈ ਮਸ਼ਹੂਰ ਹਨ, ਅਜੇ ਵੀ ਸ਼ਾਨਦਾਰ ਅਤੀਤ ਨੂੰ ਤਾਜ਼ਾ ਕਰਦੀਆਂ ਹਨ। ਇੱਕ ਸਮਾਂ ਸੀ ਜਦੋਂ ਇਨ੍ਹਾਂ ਇੱਟਾਂ ਤੋਂ ਬਿਨਾਂ ਇਮਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ।
ਹਾਲਾਂਕਿ ਇਨ੍ਹਾਂ ਇੱਟਾਂ ਦੇ ਅਵਸ਼ੇਸ਼ ਹੜੱਪਾ ਅਤੇ ਮੋਹਨਜੋਦੜੋ ਦੀਆਂ ਸੱਭਿਅਤਾਵਾਂ ਵਿੱਚ ਵੀ ਮਿਲੇ ਹਨ, ਪਰ 14ਵੀਂ ਅਤੇ 15ਵੀਂ ਸਦੀ ਵਿੱਚ ਇਨ੍ਹਾਂ ਨੂੰ ਨਾਨਕਸ਼ਾਹੀ ਇੱਟਾਂ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਪਤਲੀਆਂ ਟਾਈਲ-ਆਕਾਰ ਵਾਲੀਆਂ ਇੱਟਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਜਿਵੇਂ- ਬਾਦਸ਼ਾਹੀ ਇੱਟ, ਅਕਬਰੀ ਇੱਟ, ਕਕਈਆ ਇੱਟ ਅਤੇ ਲਖੌਰੀ ਇੱਟ ਆਦਿ। ਨਾਨਕਸ਼ਾਹੀ ਨਾਮ ਉੱਤਰੀ ਭਾਰਤ ਵਿੱਚ ਵਧੇਰੇ ਮਸ਼ਹੂਰ ਸੀ, ਜਦੋਂ ਕਿ ਦੱਖਣੀ ਭਾਰਤ ਵਿੱਚ ਇਨ੍ਹਾਂ ਨੂੰ ਲਖੌਰੀ ਇੱਟ ਕਿਹਾ ਜਾਂਦਾ ਸੀ।
ਪੰਜਾਬ ਦੀ ਧਰਤੀ ਨੇ ਕਈ ਸਭਿਅਤਾਵਾਂ ਦਾ ਵਿਕਾਸ ਦੇਖਿਆ ਹੈ, ਜਿਨ੍ਹਾਂ ਦੀ ਨੀਂਹ ਅਜੇ ਵੀ ਮਜ਼ਬੂਤ ਹੈ। ਦੇਸ਼ ਭਰ ਵਿੱਚ ਆਜ਼ਾਦੀ ਸੰਗਰਾਮ ਨਾਲ ਸਬੰਧਤ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਦੀ ਮਜ਼ਬੂਤੀ ਵਿੱਚ ਨਾਨਕਸ਼ਾਹੀ ਜਾਂ ਲਖੌਰੀ ਇੱਟਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਕਈ ਕਿਲ੍ਹਿਆਂ ਅਤੇ ਧਾਰਮਿਕ ਸਥਾਨਾਂ ਦੀਆਂ ਕੰਧਾਂ ਵਿੱਚ ਵਰਤੀਆਂ ਗਈਆਂ ਇਹ ਇੱਟਾਂ ਨਾ ਸਿਰਫ਼ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ‘ਤੇ ਸੁਨਹਿਰੀ ਇਤਿਹਾਸ ਦੀ ਗਵਾਹੀ ਭਰ ਰਹੀਆਂ ਹਨ, ਸਗੋਂ ਭਾਰਤੀ ਕਾਰੀਗਰੀ ਦੇ ਅਜਿਹੇ ਝੰਡੇ ਨੂੰ ਵੀ ਲਹਿਰਾ ਰਹੀਆਂ ਹਨ, ਜਿਸ ਨਾਲ ਦੁਨੀਆ ਹੈਰਾਨ ਹੈ।
ਹਰ ਇਮਾਰਤ ਦੀ ਹੈ ਆਪਣੀ ਵੱਖਰੀ ਕਹਾਣੀ
ਪੰਜਾਬ ਵਿੱਚ ਨਾਨਕਸ਼ਾਹੀ ਇੱਟਾਂ ਨਾਲ ਬਣੀਆਂ ਬਹੁਤ ਸਾਰੀਆਂ ਇਮਾਰਤਾਂ ਹਨ, ਜੋ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੀ ਕਹਾਣੀ ਦੱਸਦੀਆਂ ਹਨ। ਫਿਰੋਜ਼ਪੁਰ ਵਿੱਚ ਇਨਕਲਾਬੀਆਂ ਦਾ ਗੁਪਤ ਟਿਕਾਣਾ, ਜਿੱਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਅੰਗਰੇਜ਼ਾਂ ਵਿਰੁੱਧ ਯੋਜਨਾਵਾਂ ਬਣਾਉਂਦੇ ਸਨ, ਅਜੇ ਵੀ ਮੌਜੂਦ ਹੈ। ਇਸੇ ਤਰ੍ਹਾਂ, ਅੰਮ੍ਰਿਤਸਰ ਦੇ ਬਾਰਾਮਕਾਨ ਇਲਾਕੇ ਵਿੱਚ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਸੈਫੂਦੀਨ ਕਿਚਲੂ ਵਰਗੇ ਦੇਸ਼ ਭਗਤਾਂ ਦੀਆਂ ਗਤੀਵਿਧੀਆਂ ਕਾਰਨ ਚਰਚਾ ਵਿੱਚ ਰਹੀਆਂ।
Photo Credit: Social Media
ਨਵਾਂਸ਼ਹਿਰ ਦੇ ਖਟਕੜ ਕਲਾਂ ਵਿੱਚ ਬਲਿਦਾਨੀ ਭਗਤ ਸਿੰਘ ਦਾ ਜੱਦੀ ਘਰ ਅਤੇ ਜਗਰਾਉਂ ਵਿੱਚ ਲਾਲਾ ਲਾਜਪਤ ਰਾਏ ਦਾ ਜੱਦੀ ਘਰ ਵੀ ਇਨ੍ਹਾਂ ਇੱਟਾਂ ਨਾਲ ਬਣਿਆ ਹੈ। ਅੰਮ੍ਰਿਤਸਰ ਦਾ ਕਿਲ੍ਹਾ ਗੋਬਿੰਦਗੜ੍ਹ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦਾ ਗਵਾਹ ਹੈ, ਜਿਸਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਾਈ ਲੜੀ।
ਅੱਜ ਵੀ ਹਨ ਬੇਰਹਿਮੀ ਦੇ ਨਿਸ਼ਾਨ
ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਬਣੀਆਂ ਜ਼ਿਆਦਾਤਰ ਪੁਰਾਣੀਆਂ ਇਮਾਰਤਾਂ ਵਿੱਚ ਨਾਨਕਸ਼ਾਹੀ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਇਹ ਇੱਟਾਂ ਇੱਥੇ ਹੋਏ ਕਤਲੇਆਮ ਦੀਆਂ ਗਵਾਹ ਵੀ ਹਨ। ਇਨ੍ਹਾਂ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਅੰਗਰੇਜ਼ਾਂ ਦੀ ਬੇਰਹਿਮੀ ਨੂੰ ਦੱਸਦੇ ਹਨ। ਇਨ੍ਹਾਂ ਨੂੰ ਦੇਖ ਕੇ ਉਹ ਭਿਆਨਕ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਲੱਗਦਾ ਹੈ।
ਜਲ੍ਹਿਆਂਵਾਲਾ ਬਾਗ
ਇਸੇ ਤਰ੍ਹਾਂ ਇੱਥੇ ਸਥਿਤ ਬਾਲੀਦਾਨੀ ਖੂਹ ਵੀ ਇਸ ਦਰਦਨਾਕ ਘਟਨਾ ਦੀ ਯਾਦ ਦਿਵਾਉਂਦਾ ਹੈ। ਜੇਕਰ ਤੁਸੀਂ ਨਾਨਕਸ਼ਾਹੀ ਇੱਟਾਂ ਨਾਲ ਬਣੇ ਇਸ ਖੂਹ ਨੂੰ ਵੇਖਦੇ ਹੋ, ਤਾਂ ਅੱਜ ਵੀ ਸਰੀਰ ਵਿੱਚ ਇੱਕ ਅਜੀਬ ਜਿਹੀ ਕੰਬਣੀ ਮਹਿਸੂਸ ਹੋਣ ਲੱਗਦੀ ਹੈ। ਦੂਜੇ ਪਾਸੇ, ਅੰਮ੍ਰਿਤਸਰ ਦੇ ਖੂਹ ਕੌਡੀਆਂ ਖੇਤਰ ਵਿੱਚ ਕ੍ਰੌਲਿੰਗ ਸਟਰੀਟ ਦੀਆਂ ਇੱਟਾਂ ਅਜੇ ਵੀ ਉਨ੍ਹਾਂ ਭਾਰਤੀਆਂ ਦੇ ਦਰਦ ਨੂੰ ਬਿਆਨ ਕਰਦੀਆਂ ਹਨ ਜਿਨ੍ਹਾਂ ਨੂੰ ਇੱਥੋਂ ਲੇਟ-ਲੇਟ ਕੇ ਜਾਣਾ ਪੈਂਦਾ ਸੀ।
