Manmohan Singh Memorial Dispute: ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣਾ ਕਿੰਨਾ ਕੁ ਸਹੀ, ਜਾਣੋਂ ਕੀ ਹੈ ਵਿਵਾਦ ?
ਯਾਦਗਾਰ ਬਣਾਉਣ ਦੀ ਪ੍ਰੀਕ੍ਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਣ ਸਿੰਘ ਨੇ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਕੋਈ ਸਮਾਰਕ ਜਾਂ ਸਮਾਧ ਨਾ ਬਣਾਈ ਜਾਵੇ। ਇਸ ਦੇ ਲਈ ਉਹਨਾਂ ਨੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਹਵਾਲਾ ਦਿੱਤਾ ਹੈ।
ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਬਣੇ ਡਾ. ਮਨਮੋਹਨ ਸਿੰਘ 26 ਦਸੰਬਰ 2024 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਭੂਟਾਨ ਦੇ ਰਾਜਾ ਸਮੇਤ ਕਈ ਦੇਸ਼ਾਂ ਦੇ ਨੁਮਾਇੰਦੇ ਹਾਜ਼ਰ ਰਹੇ।
ਹਾਲਾਂਕਿ ਉਹਨਾਂ ਦੀ ਮੌਤ ਤੋਂ ਬਾਅਦ ਸਿਆਸਤ ਵਿੱਚ ਸਸਕਾਰ ਨੂੰ ਲੈਕੇ ਵਿਵਾਦ ਸ਼ੁਰੂ ਹੋ ਗਿਆ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਡਾ. ਮਨਮੋਹਨ ਸਿੰਘ ਦੇ ਸਸਕਾਰ ਲਈ ਰਾਜਘਾਟ ਵਿਖੇ ਥਾਂ ਦੇਣ ਲਈ ਮੰਗ ਕੀਤੀ ਸੀ। ਪਰ ਉਹਨਾਂ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਗਿਆ ਅਤੇ ਸਸਕਾਰ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ।
ਉਹਨਾਂ ਦੇ ਸਸਕਾਰ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਨੇੜੇ ਯੁਮਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਹੁਣ ਭਾਰਤ ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਦੀ ਯਾਦਗਰ ਬਣਾਉਣ ਲਈ ਪਰਿਵਾਰ ਨੂੰ ਕੁੱਝ ਥਾਵਾਂ ਦੀ ਚੋਣ ਕਰਨ ਲਈ ਸੁਝਾਅ ਭੇਜੇ ਗਏ ਹਨ। ਜਿਸ ਤੋਂ ਬਾਅਦ ਸਾਰੀ ਪ੍ਰੀਕ੍ਰਿਆ ਸ਼ੁਰੂ ਹੋ ਜਾਵੇਗੀ।
ਨਾ ਬਣਾਈ ਜਾਵੇ ਯਾਦਗਾਰ-ਤ੍ਰਿਲੋਚਣ ਸਿੰਘ
ਯਾਦਗਾਰ ਬਣਾਉਣ ਦੀ ਪ੍ਰੀਕ੍ਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਣ ਸਿੰਘ ਨੇ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਕੋਈ ਸਮਾਰਕ ਜਾਂ ਸਮਾਧ ਨਾ ਬਣਾਈ ਜਾਵੇ। ਇਸ ਦੇ ਲਈ ਉਹਨਾਂ ਨੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਹਵਾਲਾ ਦਿੱਤਾ ਹੈ।
ਤ੍ਰਿਲੋਚਣ ਸਿੰਘ ਨੇ ਪੱਤਰ ਲਿਖਕੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਬਰਾਬਰੀ ਦਾ ਸੁਨੇਹਾ ਦਿੱਤਾ ਸੀ। ਇਸ ਕਰਕੇ ਕੋਈ ਵੀ ਸਿੱਖ ਵਿਸ਼ੇਸ਼ ਨਹੀਂ ਹੋ ਸਕਦਾ ਚਾਹੇ ਉਸ ਦਾ ਕੱਦ (ਅਹੁਦਾ) ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਉਹਨਾਂ ਨੇ ਕਿਹਾ ਕਿ ਯਾਦਗਾਰ ਜਾਂ ਸਮਾਧ ਸਨਾਤਨਵਾਦੀ ਪ੍ਰੰਪਰਾ ਨਾਲ ਮੇਲ ਖਾਂਦੀ ਹੈ। ਸਿੱਖ ਪੰਥ ਹਮੇਸ਼ਾਂ ਹੀ ਮੂਰਤੀ ਅਤੇ ਮੜ੍ਹੀ ਪੂਜਾ ਦੇ ਖਿਲਾਫ਼ ਰਿਹਾ ਹੈ। ਜੇਕਰ ਇਹ ਸਮਾਧ ਬਣਦੀ ਹੈ ਤਾਂ ਸਿੱਖੀ ਸਿਧਾਤਾਂ ਦੇ ਖਿਲਾਫ਼ ਹੋਵੇਗਾ।
ਇਹ ਵੀ ਪੜ੍ਹੋ
‘ਮਨਮੋਹਨ ਸਿੰਘ ਦੇ ਨਾਮ ਤੇ ਬਣਾਈਆਂ ਜਾਣ ਯੂਨੀਵਰਸਿਟੀ’
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਿੱਖ ਸਟੂਡੈਂਟਸ ਫੈਂਡਰੇਸ਼ਨ ਦੇ ਪ੍ਰਧਾਨ ਰਹੇ ਕਰਨੈਲ ਸਿੰਘ ਪੀਰ ਮੁਹੰਮਦ ਕਹਿੰਦੇ ਹਨ ਕਿ ਸਿੱਖੀ ਸਿਧਾਂਤਾਂ ਅਨੁਸਾਰ ਡਾ. ਮਨਮੋਹਨ ਸਿੰਘ ਦੀ ਸਮਾਧ ਨਹੀਂ ਬਣਨੀ ਚਾਹੀਦੀ। ਉਹਨਾਂ ਕਿਹਾ ਕਿ ਜੇਕਰ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਕੁੱਝ ਬਣਾਉਣਾ ਹੈ ਤਾਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ, ਖੋਜ ਸੰਸਥਾਨ ਅਤੇ ਲਾਇਬ੍ਰੇਰੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਜਿੱਥੇ ਲੋੜਵੰਦ ਬੱਚਿਆਂ ਨੂੰ ਸਸਤੀ ਸਿੱਖਿਆ ਮਿਲ ਸਕੇ ਕਿਉਂਕਿ ਡਾ. ਮਨਮੋਹਨ ਸਿੰਘ ਵੀ ਗਰੀਬੀ ਦੇ ਹਲਾਤਾਂ ਵਿੱਚੋਂ ਨਿਕਲ ਕੇ ਹੀ ਇਨ੍ਹੇ ਵੱਡੇ ਅਹੁਦੇ ਤੱਕ ਪਹੁੰਚੇ ਹਨ।
ਕੀ ਕਹਿੰਦੀ ਹੈ ਸਿੱਖ ਰਹਿਤ ਮਰਿਯਾਦਾ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਲਈ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਯਾਦਾ (ਜਿਸ ਨੂੰ ਸਿੱਖ ਨੇ 1932 ਵਿੱਚ ਅਪਨਾਇਆ ਸੀ) ਦੇ ਪੇਜ ਨੰ 26 ਦੇ ਅਨੁਸਾਰ ਕਿਸੇ ਵੀ ਮ੍ਰਿਤਕ ਪ੍ਰਾਣੀ ਦੀ ਯਾਦਗਾਰੀ ਬਣਾਉਣੀ ਮਨ੍ਹਾ ਹੈ। ਇਸ ਤੋਂ ਇਲਾਵਾ ਸਿੱਖ ਰਹਿਤ ਮਰਿਯਾਦਾ ਹੋਰ ਕਰਮ ਕਾਂਡਾਂ ਤੋਂ ਵੀ ਵਰਜਦੀ ਹੈ।