ਉਤਰਾਖੰਡ ਵਿੱਚ ਕਿਉਂ ਫੱਟਦੇ ਹਨ ਇੰਨੇ ਬੱਦਲ, ਕਿੱਥੇ-ਕਿੱਥੇ ਖ਼ਤਰਾ ਜ਼ਿਆਦਾ? ਉੱਤਰਕਾਸ਼ੀ ਦੀ ਵੀਡੀਓ ਨੇ ਡਰਾਇਆ

Updated On: 

06 Aug 2025 11:14 AM IST

Uttarakhand cloud burst floods: ਉਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੱਦਲ ਫੱਟਣ ਦੀ ਘਟਨਾ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਦਲ ਫੱਟਣ ਦੀ ਵੀ ਆਪਣੀ ਪਰਿਭਾਸ਼ਾ ਹੈ। ਜਾਣੋ, ਬੱਦਲ ਫੱਟਣਾ ਕੀ ਹੈ, ਅਜਿਹੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ ਅਤੇ ਦੇਸ਼ ਵਿੱਚ ਕਿੱਥੇ ਹੈ ਖ਼ਤਰਾ ਜ਼ਿਆਦਾ ।

ਉਤਰਾਖੰਡ ਵਿੱਚ ਕਿਉਂ ਫੱਟਦੇ ਹਨ ਇੰਨੇ ਬੱਦਲ, ਕਿੱਥੇ-ਕਿੱਥੇ ਖ਼ਤਰਾ ਜ਼ਿਆਦਾ? ਉੱਤਰਕਾਸ਼ੀ ਦੀ ਵੀਡੀਓ ਨੇ ਡਰਾਇਆ

ਉਤਰਾਖੰਡ ਵਿੱਚ ਕਿਉਂ ਫੱਟਦੇ ਹਨ ਇੰਨੇ ਬੱਦਲ?

Follow Us On

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੱਦਲ ਫੱਟਣ ਕਾਰਨ 12 ਲੋਕ ਮਲਬੇ ਹੇਠ ਦੱਬ ਗਏ ਹਨ। 60 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਉਤਰਕਾਸ਼ੀ ਦੇ ਧਰਾਲੀ ਵਿੱਚ ਬੱਦਲ ਫਟਣ ਦੀ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਸਕਿੰਟਾਂ ਵਿੱਚ ਸਭ ਕੁਝ ਤਬਾਹ ਹੋ ਗਿਆ। ਜਿੱਥੋਂ ਵੀਡੀਓ ਬਣਾਈ ਗਈ ਹੈ, ਲੋਕ ਚੀਕ ਰਹੇ ਹਨ ਅਤੇ ਭੱਜਣ ਦੀ ਗੱਲਾ ਕਰ ਰਹੇ ਹਨ। ਹੁਣ ਮੌਕੇ ‘ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਅਜਿਹੇ ਰਾਜ ਹਨ ਜਿੱਥੇ ਮਾਨਸੂਨ ਦੇ ਮੌਸਮ ਦੌਰਾਨ ਅਕਸਰ ਬੱਦਲ ਫਟਣ ਦੀਆਂ ਖ਼ਬਰਾਂ ਆਉਂਦੀਆਂ ਹਨ। ਬੱਦਲ ਫਟਣ ਦੀ ਵੀ ਆਪਣੀ ਪਰਿਭਾਸ਼ਾ ਹੈ। ਜਾਣੋ ਬੱਦਲ ਫਟਣਾ ਕੀ ਹੈ, ਅਜਿਹੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ ਅਤੇ ਦੇਸ਼ ਵਿੱਚ ਕਿੱਥੇ ਇਸ ਦਾ ਖ਼ਤਰਾ ਜ਼ਿਆਦਾ ਹੈ।

ਬੱਦਲ ਫੱਟਣਾ ਕੀ ਹੈ, ਅਜਿਹਾ ਕਿਉਂ ਹੁੰਦਾ ਹੈ?

ਮੌਸਮ ਵਿਭਾਗ ਦੇ ਅਨੁਸਾਰ, ਜੇਕਰ ਕਿਸੇ ਛੋਟੇ ਜਿਹੇ ਖੇਤਰ ਵਿੱਚ ਇੱਕ ਘੰਟੇ ਵਿੱਚ 10 ਸੈਂਟੀਮੀਟਰ ਜਾਂ ਇਸ ਤੋਂ ਵੱਧ ਦੀ ਭਾਰੀ ਬਾਰਿਸ਼ ਹੁੰਦੀ ਹੈ, ਤਾਂ ਇਸਨੂੰ ਬੱਦਲ ਫਟਣਾ ਕਿਹਾ ਜਾਂਦਾ ਹੈ। ਕਈ ਵਾਰ ਇੱਕੋ ਜਗ੍ਹਾ ‘ਤੇ ਇੱਕ ਤੋਂ ਵੱਧ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ।

ਬੱਦਲ ਫਟਣ ਦੀਆਂ ਘਟਨਾਵਾਂ ਦੋ ਚੀਜ਼ਾਂ ‘ਤੇ ਨਿਰਭਰ ਕਰਦੀਆਂ ਹਨ। ਪਹਿਲੀ, ਉਸ ਜਗ੍ਹਾ ਦੀ ਭੂਗੋਲਿਕ ਸਥਿਤੀ ਅਤੇ ਦੂਜੀ, ਮੌਸਮ। ਜਦੋਂ ਵੀ ਮੌਨਸੂਨ ਹਵਾਵਾਂ ਅਤੇ ਨਮੀ ਵਾਲੀਆਂ ਹਵਾਵਾਂ ਪਹਾੜਾਂ ਨਾਲ ਟਕਰਾਉਂਦੀਆਂ ਹਨ, ਤਾਂ ਉਹ ਤੇਜ਼ੀ ਨਾਲ ਉੱਪਰ ਵੱਲ ਉੱਠਦੀਆਂ ਹਨ। ਉਚਾਈ ‘ਤੇ ਪਹੁੰਚਦੇ ਹੀ ਇਹ ਠੰਢੀਆਂ ਹੋ ਜਾਂਦੀਆਂ ਹਨ। ਭਾਫ਼ ਅਚਾਨਕ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ ਅਤੇ ਉਸ ਜਗ੍ਹਾ ‘ਤੇ ਭਾਰੀ ਬਾਰਿਸ਼ ਹੁੰਦੀ ਹੈ। ਇਸ ਤਰ੍ਹਾਂ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ।

ਕੈਮਰੇ ਵਿੱਚ ਕੈਦ ਹੋਈ ਘਟਨਾ

ਭਾਰੀ ਬਾਰਿਸ਼ ਪਹਾੜੀ ਖੇਤਰਾਂ ਵਿੱਚ ਤਬਾਹੀ ਲਿਆਉਂਦੀ ਹੈ। ਪਹਾੜਾਂ ਵਿੱਚ ਫੱਟਣ ਲੱਗ ਪੈਂਦਾ ਹੈ। ਭਾਰੀ ਬਾਰਿਸ਼ ਨਾਲ ਆਬਾਦੀ ਵੱਲ ਤੇਜ਼ੀ ਨਾਲ ਵਧਣ ਵਾਲਾ ਤੂਫਾਨ ਚੀਜ਼ਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ।

ਜੇਕਰ ਹਵਾ ਵਿੱਚ ਨਮੀ ਵਧ ਜਾਂਦੀ ਹੈ, ਤਾਂ ਬੱਦਲ ਫਟਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜੇਕਰ ਇੱਕ ਹੌਲੀ ਗਤੀ ਵਾਲਾ ਬੱਦਲ ਕਿਸੇ ਵੀ ਖੇਤਰ ਵਿੱਚ ਰੁੱਕ ਜਾਂਦਾ ਹੈ ਅਤੇ ਅੱਗੇ ਵਧਣ ਵਿੱਚ ਅਸਮਰੱਥ ਹੁੰਦਾ ਹੈ, ਤਾਂ ਘੱਟ ਸਮੇਂ ਵਿੱਚ ਹੋਰ ਬਾਰਿਸ਼ ਹੋਣ ਦਾ ਖਦਸ਼ਾ ਰਹਿੰਦਾ ਹੈ।

ਉਤਰਾਖੰਡ-ਹਿਮਾਚਲ ਵਿੱਚ ਅਜਿਹੀਆਂ ਘਟਨਾਵਾਂ ਜ਼ਿਆਦਾ ਕਿਉਂ?

ਮਾਨਸੂਨ ਵਿੱਚ, ਨਮੀ ਨਾਲ ਭਰੀਆਂ ਹਵਾਵਾਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਹਿਮਾਲਿਆ ਵੱਲ ਜਾਂਦੀਆਂ ਹਨ। ਜਦੋਂ ਇਹ ਉਤਰਾਖੰਡ ਅਤੇ ਹਿਮਾਚਲ ਵਿੱਚ ਪਹਾੜੀਆਂ ਨਾਲ ਟਕਰਾਉਂਦੀਆਂ ਹਨ, ਤਾਂ ਇਹ ਤੇਜ਼ੀ ਨਾਲ ਉੱਪਰ ਵੱਲ ਉੱਠਦੀਆਂ ਹਨ। ਉਚਾਈ ਵੱਲ ਤਾਪਮਾਨ ਘਟਣ ਕਾਰਨ, ਇਹ ਸੰਘਣੀਆਂ ਹੁੰਦੀਆਂ ਹਨ ਅਤੇ ਜ਼ਿਆਦਾ ਮੀਂਹ ਦੀ ਵਜ੍ਹਾ ਬਣਦੀਆਂ ਹਨ।

ਉਤਰਾਖੰਡ ਅਤੇ ਹਿਮਾਚਲ ਵਿੱਚ ਘਾਟੀਆਂ ਤੰਗ ਹਨ। ਇੱਥੇ ਤੂਫਾਨੀ ਬੱਦਲ ਫਸ ਜਾਂਦੇ ਹਨ ਅਤੇ ਤੇਜੀ ਨਾਲ ਬਾਹਰ ਨਿਕਲਣ ਵਿੱਚ ਅਸਮਰੱਥ ਹੁੰਦੇ ਹਨ। ਇਹੀ ਕਾਰਨ ਹੈ ਕਿ ਘੱਟ ਜਗ੍ਹਾ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ। ਨਤੀਜੇ ਵਜੋਂ, ਬੱਦਲ ਫਟਣ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ।

ਕਿੱਥੇ ਜ਼ਿਆਦਾ ਹੁੰਦਾ ਹੈ ਬੱਦਲ ਫਟਣ ਦਾ ਖ਼ਤਰਾ ?

ਭਾਰਤ ਵਿੱਚ, ਬੱਦਲ ਫਟਣ ਦੀਆਂ ਘਟਨਾਵਾਂ ਆਮ ਤੌਰ ‘ਤੇ ਹਿਮਾਲਿਆ ਅਤੇ ਪੱਛਮੀ ਘਾਟ ਖੇਤਰਾਂ ਵਿੱਚ ਹੁੰਦੀਆਂ ਹਨ। ਇਸ ਵਿੱਚ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ। ਦੂਜੇ ਪਾਸੇ, ਕੇਰਲਾ, ਕਰਨਾਟਕ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਰਗੇ ਪੱਛਮੀ ਘਾਟਾਂ ਵਿੱਚ ਇਸਦਾ ਖ਼ਤਰਾ ਕਾਫ਼ੀ ਘੱਟ ਹੈ।

ਬੱਦਲ ਫਟਣ ਦੀਆਂ ਘਟਨਾਵਾਂ ਮਾਨਸੂਨ ਅਤੇ ਪ੍ਰੀ-ਮਾਨਸੂਨ ਦੌਰਾਨ ਵਧੇਰੇ ਆਮ ਹੁੰਦੀਆਂ ਹਨ। ਅਜਿਹੀਆਂ ਘਟਨਾਵਾਂ ਮਈ ਅਤੇ ਅਗਸਤ ਦੇ ਵਿਚਕਾਰ ਵਧੇਰੇ ਵਾਪਰਦੀਆਂ ਹਨ।