Shocking News: ਵਰਕਆਊਟ ਕਰਨ ਤੋਂ ਬਾਅਦ ਸਟੀਮ ਬਾਥ ਲੈਣ ਗਿਆ ਸੀ ਬਾਡੀ ਬਿਲਡਰ, ਦੱਬੇ ਪੈਰ ਆਈ ਮੌਤ
ਚੇਨਈ ਵਿੱਚ ਇੱਕ 41 ਸਾਲਾ ਬਾਡੀ ਬਿਲਡਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਯੋਗੇਸ਼ ਨਾਂਅ ਦਾ ਬਾਡੀ ਬਿਲਡਰ ਜਿਮ ਦੇ ਬਾਥਰੂਮ ਵਿੱਚ ਬੇਹੋਸ਼ ਪਿਆ ਸੀ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਯੋਗੇਸ਼ ਨੇ ਮਿਸਟਰ ਤਾਮਿਲਨਾਡੂ ਦਾ ਖ਼ਿਤਾਬ ਜਿੱਤਿਆ ਸੀ।
ਇਨ੍ਹੀਂ ਦਿਨੀਂ ‘ਚ ਦਿਲ ਦਾ ਦੌਰਾ (Hearth attack) ਪੈਣ ਕਾਰਨ ਮੌਤਾਂ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਵਾਰ ਫਿਰ ਅਜਿਹੀ ਹੀ ਖ਼ਬਰ ਚੇਨਈ ਤੋਂ ਆਈ ਹੈ, ਜਿੱਥੇ ਇੱਕ ਬਾਡੀ ਬਿਲਡਰ ਦੀ ਜਿਮ ਵਿੱਚ ਅਚਾਨਕ ਮੌਤ ਹੋ ਗਈ। ਮਾਮਲਾ ਕੋਰਾੱਟੂਰ ਦਾ ਹੈ। ਜਾਣਕਾਰੀ ਮੁਤਾਬਕ 41 ਸਾਲਾ ਬਾਡੀ ਬਿਲਡਰ ਯੋਗੇਸ਼ ਦੀ ਐਤਵਾਰ ਨੂੰ ਜਿਮ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੇਨਮਬੇਡੂ ਦਾ ਰਹਿਣ ਵਾਲਾ ਯੋਗੇਸ਼ 2022 ਤੋਂ ਜਿੰਮ ਨਹੀਂ ਜਾ ਰਹੇ ਸਨ। ਪਰ ਅਗਲੇ ਮਹੀਨੇ ਹੋਣ ਵਾਲੇ ਇੱਕ ਮੁਕਾਬਲੇ ਲਈ ਉਸ ਨੇ ਫਿਰ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਸੀ। ਜਿਸ ਲਈ ਉਹ ਲਗਾਤਾਰ ਜਿੰਮ ਜਾ ਕੇ ਪਸੀਨਾ ਵਹਾ ਰਹੇ ਸਨ। ਉਹ ਕੋਰਾੱਟੂਰ ਜਿੰਮ ਟ੍ਰੇਨਰ ਵਜੋਂ ਲੋਕਾਂ ਨੂੰ ਸਿਖਲਾਈ ਦੇ ਰਿਹਾ ਸੀ। ਉਹ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਵੀ ਟ੍ਰੇਨਿੰਗ ਦੇ ਰਿਹਾ ਸੀ।
ਵਰਕਆਊਟ ਕਰਨ ਤੋਂ ਬਾਅਦ ਸਟੀਮ ਬਾਥ ਲੈਣ ਗਿਆ ਸੀ ਯੋਗੇਸ਼
ਇੱਕ ਘੰਟੇ ਬਾਅਦ ਯੋਗੇਸ਼ ਨੇ ਜਿੰਮ ਵਿੱਚ ਮੌਜੂਦ ਲੋਕਾਂ ਨੂੰ ਦੱਸਿਆ ਕਿ ਉਹ ਥੱਕ ਗਿਆ ਹੈ ਅਤੇ ਸਟੀਮ ਬਾਥ ਕਰਨ ਜਾ ਰਿਹਾ ਹੈ। ਕਾਫੀ ਦੇਰ ਬਾਅਦ ਨਾ ਪਰਤਣ ਤੋਂ ਬਾਅਦ ਲੋਕ ਉਸ ਨੂੰ ਦੇਖਣ ਬਾਥਰੂਮ ਨੇੜੇ ਗਏ। ਬਾਥਰੂਮ ਅੰਦਰੋਂ ਬੰਦ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ। ਜਿਸ ਤੋਂ ਬਾਅਦ ਲੋਕਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਦਿੱਤਾ। ਯੋਗੇਸ਼ ਬਾਥਰੂਮ ‘ਚ ਫਰਸ਼ ‘ਤੇ ਬੇਹੋਸ਼ ਡਿੱਗੇ ਹੋਏ ਸਨ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਬਿਨ੍ਹਾਂ ਕਿਸੇ ਦੇਰੀ ਦੇ ਲੋਕਾਂ ਨੇ ਯੋਗੇਸ਼ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਰਕਾਰੀ ਕਿਲਪੌਕ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਤੋਂ ਪਤਾ ਲੱਗਾ ਕਿ ਯੋਗੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਯੋਗੇਸ਼ ਨੇ ‘ਮਿਸਟਰ ਤਾਮਿਲਨਾਡੂ’ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਬਾਡੀ ਬਿਲਡਰ ਵਜੋਂ ਉਸ ਨੇ ਨਾ ਸਿਰਫ਼ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਸਗੋਂ ਮੈਡਲ ਵੀ ਜਿੱਤੇ।