ਲੋਕਸਭਾ ਦੀ ਸੁੱਰਖਿਆ ਵਿੱਚ ਸੰਨ੍ਹ, ਦਰਸ਼ਕ ਗੈਲਰੀ ‘ਚੋਂ ਕੁੱਦੇ ਦੋ ਸ਼ਖ਼ਸ, ਦੋਵੇਂ ਕਾਬੂ

Updated On: 

13 Dec 2023 14:06 PM

ਅੱਜ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ਵੀ ਹੈ। 13 ਦਸੰਬਰ 2001 ਨੂੰ ਪੁਰਾਣੇ ਸੰਸਦ ਭਵਨ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਸੰਸਦ 'ਚ ਕਈ ਸੰਸਦ ਮੈਂਬਰਾਂ ਨੇ ਇਸ ਘਟਨਾ ਨੂੰ ਸੁਰੱਖਿਆ 'ਚ ਵੱਡੀ ਕਮੀ ਦੱਸਦਿਆਂ ਸਰਕਾਰ ਨੂੰ ਗੰਭੀਰ ਕਾਰਵਾਈ ਕਰਨ ਦੀ ਅਪੀਲ ਕੀਤੀ। ਸ਼ਿਵ ਸੈਨਾ ਅਤੇ ਬਸਪਾ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਸੰਸਦ 'ਚ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ।

ਲੋਕਸਭਾ ਦੀ ਸੁੱਰਖਿਆ ਵਿੱਚ ਸੰਨ੍ਹ, ਦਰਸ਼ਕ ਗੈਲਰੀ ਚੋਂ ਕੁੱਦੇ ਦੋ ਸ਼ਖ਼ਸ, ਦੋਵੇਂ ਕਾਬੂ
Follow Us On

ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਅਤੇ ਬੁੱਧਵਾਰ ਨੂੰ ਲੋਕ ਸਭਾ ਦੀ ਸੁਰੱਖਿਆ ਵਿੱਚ ਵੱਡੀ ਸੰਨ੍ਹ ਲੱਗ ਗਈ। ਕਾਰਵਾਹੀ ਦੌਰਾਨ ਦੋ ਅਣਪਛਾਤੇ ਵਿਅਕਤੀ ਸਦਨ ਅੰਦਰ ਕੁੱਦ ਪਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਦਨ ਦੇ ਅੰਦਰ ਕੂੜਾ ਅਤੇ ਗੈਸ ਵਰਗੀ ਚੀਜ਼ ਦਾ ਛਿੜਕਾਅ ਕਰ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੇ ਛਾਲ ਮਾਰੀ ਤਾਂ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਮੈਂਬਰ ਦਾਨਿਸ਼ ਅਲੀ ਨੇ ਕਿਹਾ ਕਿ ਇੱਕ ਦੱਮ ਧੂੰਣਾ ਉੱਠਣ ਲੱਗ ਪਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਕ ਵਿਅਕਤੀ ਦਾ ਨਾਮ ਸਾਗਰ ਹੈ। ਘਟਨਾ ਤੋਂ ਬਾਅਦ ਸਕਦ ਦੀ ਕਾਰਵਾਹੀ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

ਇਹ ਘਟਨਾ ਬੁੱਧਵਾਰ ਦੁਪਹਿਰ 1:01 ਵਜੇ ਵਾਪਰੀ। ਪ੍ਰੀਜ਼ਾਈਡਿੰਗ ਅਫਸਰ ਰਾਜਿੰਦਰ ਅਗਰਵਾਲ ਲੋਕ ਸਭਾ ਵਿੱਚ ਸਿਫਰ ਕਾਲ ਦੀ ਕਾਰਵਾਈ ਕਰ ਰਹੇ ਸਨ। ਮਾਲਦਾ ਉੱਤਰੀ ਤੋਂ ਭਾਜਪਾ ਸਾਂਸਦ ਖਗੇਨ ਮੁਰਮੂ ਆਪਣੀ ਗੱਲ ਰੱਖ ਰਹੇ ਸਨ। ਉਦੋਂ ਦੋ ਵਿਅਕਤੀ ਦਰਸ਼ਕ ਗੈਲਰੀ ਚੋਂ ਹੇਠਾਂ ਕੁੱਦ ਗਏ।

ਨੀਲੇ ਰੰਗ ਦੀ ਜੈਕਟ ਪਹਿਨੇ ਇਕ ਨੌਜਵਾਨ ਨੇ ਸੰਸਦ ਮੈਂਬਰਾਂ ਦੀਆਂ ਸੀਟਾਂ ‘ਤੇ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਉਹ ਕਰੀਬ ਤਿੰਨ ਕਤਾਰਾਂ ਪਾਰ ਕਰਕੇ ਆਸਨ ਵੱਲ ਵੱਧਣ ਲੱਗਾ। ਹਫੜਾ-ਦਫੜੀ ਦੇ ਮਾਹੌਲ ਵਿਚਾਲੇ ਕੁਝ ਸੰਸਦ ਮੈਂਬਰਾਂ ਨੇ ਹਿੰਮਤ ਦਿਖਾਈ ਅਤੇ ਉਸ ਨੂੰ ਘੇਰ ਲਿਆ। ਮਾਰਸ਼ਲ ਵੀ ਦੌੜ ਕੇ ਆ ਗਏ। ਉਸੇ ਵੇਲ੍ਹੇ ਨੌਜਵਾਨ ਨੇ ਜੁੱਤੀ ਦੇ ਅੰਦਰੋਂ ਕੋਈ ਪਦਾਰਥ ਕੱਢਿਆ। ਇਸ ਤੋਂ ਬਾਅਦ ਉਥੇ ਪੀਲਾ ਧੂੰਆਂ ਉੱਠਣ ਲੱਗਾ। ਬਾਅਦ ਵਿੱਚ ਸੰਸਦ ਮੈਂਬਰਾਂ ਅਤੇ ਮਾਰਸ਼ਲਾਂ ਨੇ ਮਿਲ ਕੇ ਦੋਵਾਂ ਨੂੰ ਫੜ ਲਿਆ। ਇਸ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਨੇ ਕਾਰਵਾਈ ਮੁਲਤਵੀ ਕਰ ਦਿੱਤੀ।

ਸੰਸਦ ਮੈਂਬਰ ਦੇ ਮਹਿਮਾਨ ਵਜੋਂ ਆਇਆ ਸੀ ਸ਼ਖ਼ਸ

ਦੱਸਿਆ ਜਾ ਰਿਹਾ ਹੈ ਕਿ ਦਰਸ਼ਕ ਗੈਲਰੀ ਵਿੱਚ ਛਾਲ ਮਾਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਮੈਸੂਰ ਦੇ ਸੰਸਦ ਮੈਂਬਰ ਦੇ ਮਹਿਮਾਨ ਵਜੋਂ ਸੰਸਦ ਵਿੱਚ ਪਹੁੰਚਿਆ ਸੀ। ਉਸ ਦਾ ਨਾਂ ਸਾਗਰ ਦੱਸਿਆ ਜਾ ਰਿਹਾ ਹੈ। ਬਸਪਾ ਤੋਂ ਕੱਢੇ ਗਏ ਸੰਸਦ ਮੈਂਬਰ ਦਾਨਿਸ਼ ਅਲੀ ਨੇ ਵੀ ਦੱਸਿਆ ਕਿ ਫੜੇ ਗਏ ਇਕ ਨੌਜਵਾਨ ਦਾ ਨਾਂ ਸਾਗਰ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਤਾਪ ਸਿਮਹਾ ਮੈਸੂਰ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।

ਨਾਅਰੇਬਾਜ਼ੀ ਕਰ ਰਹੇ ਸਨ ਨੌਜਵਾਨ

ਬਸਪਾ ਦੇ ਸੰਸਦ ਮੈਂਬਰ ਮਲੂਕ ਨਗਰ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੀ ਸੀਟ ਦੇ ਕੋਲ ਦਰਸ਼ਕ ਗੈਲਰੀ ਤੋਂ ਇਕ ਨੌਜਵਾਨ ਨੇ ਛਾਲ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਇਕ ਹੋਰ ਨੌਜਵਾਨ ਨੇ ਵੀ ਉਥੇ ਛਾਲ ਮਾਰ ਦਿੱਤੀ। ਸੰਸਦ ਮੈਂਬਰਾਂ ਨੇ ਇਕ ਨੌਜਵਾਨ ਨੂੰ ਘੇਰ ਲਿਆ ਤਾਂ ਉਸ ਨੇ ਆਪਣੀ ਜੁੱਤੀ ‘ਚੋਂ ਕੁਝ ਕੱਢ ਲਿਆ, ਜਿਸ ਕਾਰਨ ਧੂੰਆਂ ਨਿਕਲਣ ਲੱਗਾ। ਦੋਵੇਂ ਨੌਜਵਾਨ ਤਾਨਾਸ਼ਾਹੀ ਨਹੀਂ ਚੱਲੇਗੀ ਦਾ ਨਾਅਰਾ ਲਗਾ ਰਹੇ ਸਨ।

ਹੱਥ ਵਿੱਚ ਕੋਈ ਚੀਜ਼ ਸੀ, ਜਿਸ ਚੋਂ ਅਵਾਜ਼ ਆ ਰਹੀ ਸੀ

ਪ੍ਰੀਜ਼ਾਈਡਿੰਗ ਅਫ਼ਸਰ ਰਾਜਿੰਦਰ ਅਗਰਵਾਲ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਜਦੋਂ ਇੱਕ ਵਿਅਕਤੀ ਨੇ ਗੈਲਰੀ ਵਿੱਚੋਂ ਛਾਲ ਮਾਰੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਹੇਠਾਂ ਡਿੱਗ ਗਿਆ ਹੈ। ਉਦੋਂ ਹੀ ਇੱਕ ਹੋਰ ਵਿਅਕਤੀ ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰਦਾ ਦੇਖਿਆ ਗਿਆ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਕੋਈ ਚੀਜ਼ ਸੀ ਜਿਸ ਤੋਂ ਪੀਲਾ ਧੂੰਆਂ ਨਿਕਲ ਰਿਹਾ ਸੀ, ਜਦੋਂ ਕਿ ਦੂਜੇ ਦੇ ਹੱਥ ਵਿੱਚ ਕੋਈ ਚੀਜ਼ ਸੀ ਜਿਸ ਨਾਲ ਪਿੱਟ-ਪਿੱਟ ਦੀ ਆਵਾਜ਼ ਆ ਰਹੀ ਸੀ। ਉਹ ਕੋਈ ਨੁਕਸਾਨ ਨਹੀਂ ਕਰ ਪਾਉਂਦੇ ਉਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਹਾਲਾਂਕਿ, ਦਰਸ਼ਕ ਗੈਲਰੀ ਤੋਂ ਉਨ੍ਹਾਂ ਦਾ ਛਾਲ ਮਾਰਨਾ ਇੱਕ ਗੰਭੀਰ ਮਾਮਲਾ ਹੈ। ਇਹ ਸੰਸਦ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਹੈ। ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

ਸੰਸਦ ਦੇ ਬਾਹਰ ਵੀ ਪ੍ਰਦਰਸ਼ਨ

ਟਰਾਂਸਪੋਰਟ ਭਵਨ ਦੇ ਬਾਹਰ ਸੰਸਦ ਭਵਨ ਦੇ ਗੇਟ ਕੋਲ ਵੀ ਦੋ ਲੋਕ ਪਟਾਕੇ ਚਲਾ ਕੇ ਪ੍ਰਦਰਸ਼ਨ ਕਰ ਰਹੇ ਸਨ।

ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਜੋ ਵੀ ਇੱਥੇ ਆਉਂਦਾ ਹੈ – ਚਾਹੇ ਉਹ ਮਹਿਮਾਨ ਹੋਵੇ ਜਾਂ ਪੱਤਰਕਾਰ – ਉਹ ਟੈਗ ਨਹੀਂ ਰੱਖਦੇ ਹਨ। ਇਸ ਲਈ ਮੈਂ ਸਮਝਦੀ ਹਾਂ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਆ ਦੀ ਕਮੀ ਹੈ। ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਅਚਾਨਕ ਲਗਭਗ 20 ਸਾਲ ਦੇ ਦੋ ਨੌਜਵਾਨ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਕੁੱਦ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਕਨਸਤਰ ਸਨ। ਇਨ੍ਹਾਂ ਡੱਬਿਆਂ ਵਿੱਚੋਂ ਪੀਲਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਸਪੀਕਰ ਦੀ ਕੁਰਸੀ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਕਾਂਗਰਸੀ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹ ਕੁਝ ਨਾਅਰੇ ਲਗਾ ਰਹੇ ਸਨ। ਇਹ ਸੁਰੱਖਿਆ ਵਿੱਚ ਵੱਡੀ ਚੂਕ ਹੈ। ਖਾਸ ਤੌਰ ‘ਤੇ 13 ਦਸੰਬਰ ਨੂੰ, ਜਿਸ ਦਿਨ 2001 ‘ਚ ਸੰਸਦ ‘ਤੇ ਹਮਲਾ ਹੋਇਆ ਸੀ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਵੱਲੋਂ ਕੋਈ ਚੀਜ਼ ਸੁੱਟੀ ਗਈ ਜਿਸ ਚੋਂ ਗੈਸ ਨਿਕਲ ਰਹੀ ਸੀ। ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਾਹਰ ਲੈ ਗਏ। ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਹ ਯਕੀਨੀ ਤੌਰ ‘ਤੇ ਸੁਰੱਖਿਆ ਦੀ ਵੱਡੀ ਚੂਕ ਹੈ ਕਿਉਂਕਿ ਅੱਜ ਅਸੀਂ 2001 (ਸੰਸਦ ਹਮਲੇ) ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਬਰਸੀ ਮਨਾ ਰਹੇ ਹਾਂ।

ਸਮਾਜਵਾਦੀ ਪਾਰਟੀ ਦੇ ਸਾਂਸਦ ਐਸਟੀ ਹਸਨ ਨੇ ਦੱਸਿਆ ਕਿ ਦੋ ਲੋਕਾਂ ਨੇ ਦਰਸ਼ਕ ਗੈਲਰੀ ਚੋਂ ਲੋਕ ਸਭਾ ਚੈਂਬਰ ਵਿੱਚ ਛਾਲ ਮਾਰੀ ਅਤੇ ਆਪਣੇ ਜੁੱਤੀਆਂ ਵਿੱਚੋਂ ਕੋਈ ਅਜਿਹੀ ਚੀਜ਼ ਕੱਢੀ, ਜਿਸ ਨਾਲ ਗੈਸ ਫੈਲਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਇਹ ਕਿਹੜੀ ਗੈਸ ਸੀ, ਕੀ ਇਹ ਜ਼ਹਿਰੀਲੀ ਗੈਸ ਤਾਂ ਨਹੀਂ ਸੀ? ਅਸੀਂ ਸੰਸਦ ਦੀ ਸੁਰੱਖਿਆ ਵਿੱਚ ਬਹੁਤ ਗੰਭੀਰ ਖਾਮੀਆਂ ਦੇਖ ਰਹੇ ਹਾਂ। ਇਸ ਤਰ੍ਹਾਂ ਤਾਂ ਕੋਈ ਵਿਅਕਤੀ ਆਪਣੀ ਜੁੱਤੀ ਵਿੱਚ ਬੰਬ ਲੈ ਕੇ ਆ ਸਕਦਾ ਹੈ।