ਪਹਿਲਗਾਮ ਹਮਲੇ ਤੋਂ ਬਾਅਦ ਐਕਸ਼ਨ ‘ਚ ਸੁਰੱਖਿਆ ਏਜੰਸੀਆਂ, ਹਿਰਾਸਤ ‘ਚ ਲਏ 1500 ਲੋਕ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਸੰਸਥਾਵਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਲਈ ਕਸ਼ਮੀਰ ਭਰ ਵਿੱਚ 1500 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
Pahalgam Attack. Photo ANI
Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਸੰਸਥਾਵਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਲਈ ਕਸ਼ਮੀਰ ਭਰ ਵਿੱਚ 1500 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸੰਵੇਦਨਸ਼ੀਲ ਇਲਾਕਿਆਂ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਵਿੱਚ ਓਵਰਗ੍ਰਾਊਂਡ ਵਰਕਰ (OGW), ਸਾਬਕਾ ਅੱਤਵਾਦੀ, ਅਤੇ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਵਿਰੁੱਧ ਪਹਿਲਾਂ ਹੀ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਜਾਂ ਜਿਨ੍ਹਾਂ ਦੇ ਨਾਮ ਖੁਫੀਆ ਨਿਗਰਾਨੀ ਸੂਚੀਆਂ ਵਿੱਚ ਹਨ। ਜਾਂਚ ਏਜੰਸੀਆਂ ਹਮਲਾਵਰਾਂ ਨੂੰ ਪਨਾਹ ਦੇਣ ਵਾਲਿਆਂ ਦਾ ਪਤਾ ਲਗਾਉਣ ਵਿੱਚ ਰੁੱਝੀਆਂ ਹੋਈਆਂ ਹਨ। ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵੱਡੇ ਪੱਧਰ ‘ਤੇ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਮੁਹਿੰਮ ਦਾ ਉਦੇਸ਼ ਹਮਲੇ ਦੇ ਪਿੱਛੇ ਨੈੱਟਵਰਕ ਅਤੇ ਸਲੀਪਰ ਸੈੱਲਾਂ ਦਾ ਪਤਾ ਲਗਾਉਣਾ ਹੈ। ਇਨ੍ਹਾਂ ਸਾਰੇ ਲੋਕਾਂ ਤੋਂ ਇਸ ਵੇਲੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਮਲਾਵਰਾਂ ਨੂੰ ਕਿਸਨੇ ਪਨਾਹ ਦਿੱਤੀ, ਮਦਦ ਕੀਤੀ ਜਾਂ ਹਥਿਆਰ ਪ੍ਰਦਾਨ ਕੀਤੇ। ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਨੂੰ ਮਿਲਾ ਕੇ, ਹਰੇਕ ਸ਼ੱਕੀ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਵਚਨਬੱਧ ਹੈ ਅਤੇ ਅੱਤਵਾਦ ਦੇ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹਮਲੇ ਦੀ ਜ਼ਿੰਮੇਵਾਰੀ ਲਈ ਟੀਆਰਐਫ
ਟੀਆਰਐਫ ਦੇ ਅੱਤਵਾਦੀਆਂ ‘ਤੇ ਲਗਾਤਾਰ ਪਾਕਿਸਤਾਨ ਤੋਂ ਸਿਖਲਾਈ ਅਤੇ ਫੰਡਿੰਗ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟੀਆਰਐਫ ਨੇ ਘਾਟੀ ਵਿੱਚ ਖੂਨ-ਖਰਾਬਾ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਇਹ ਸੰਗਠਨ ਕਈ ਵੱਡੇ ਅੱਤਵਾਦੀ ਹਮਲੇ ਕਰ ਚੁੱਕਾ ਹੈ। ਟੀਆਰਐਫ ਨੂੰ ਲਸ਼ਕਰ-ਏ-ਤੋਇਬਾ ਦਾ ਇੱਕ ਨਵਾਂ ਚਿਹਰਾ ਮੰਨਿਆ ਜਾਂਦਾ ਹੈ, ਜਿਸਨੂੰ ਅੰਤਰਰਾਸ਼ਟਰੀ ਦਬਾਅ ਤੋਂ ਬਚਣ ਲਈ ਪਾਕਿਸਤਾਨ ਦੁਆਰਾ ‘ਸਥਾਨਕ ਕਸ਼ਮੀਰੀ ਅੰਦੋਲਨ’ ਵਜੋਂ ਦਰਸਾਇਆ ਗਿਆ ਹੈ।