Noida ਦੇ ਕਿਸਾਨਾਂ ਦਾ ਦਿੱਲੀ ਮਾਰਚ ਇੱਕ ਹਫ਼ਤੇ ਲਈ ਟਲਿਆ, ਅਥਾਰਟੀ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਹੋਇਆ ਸਮਝੌਤਾ
Noida Farmer Protest: ਨੋਇਡਾ ਦੇ ਕਿਸਾਨਾਂ ਦਾ ਦਿੱਲੀ ਮਾਰਚ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਥਾਰਟੀ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਸਮਝੌਤਾ ਹੋਇਆ ਹੈ। ਅਥਾਰਟੀ ਨੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣ ਲਈ 7 ਦਿਨਾਂ ਦਾ ਸਮਾਂ ਮੰਗਿਆ ਹੈ। ਉੱਧਰ, ਕਿਸਾਨ ਅਗਲੇ ਇੱਕ ਹਫ਼ਤੇ ਤੱਕ ਇੱਥੇ ਦਲਿਤ ਪ੍ਰੇਰਨਾ ਸਥਲ 'ਤੇ ਹੀ ਉਡੀਕ ਕਰਨਗੇ।
ਨੋਇਡਾ ਦੇ ਕਿਸਾਨਾਂ ਵੱਲੋਂ ਐਤਵਾਰ ਨੂੰ ਦਿੱਲੀ ਵੱਲ ਮਾਰਚ ਦਾ ਐਲਾਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ-ਨੋਇਡਾ ਬਾਰਡਰ ਦਾ ਘਿਰਾਓ ਕੀਤਾ। ਉੱਧਰ, ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਕਈ ਥਾਵਾਂ ‘ਤੇ ਬੈਰੀਕੇਡ ਲਗਾਏ ਸਨ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ-ਨੋਇਡਾ ਚਿੱਲਾ ਬਾਰਡਰ ‘ਤੇ ਘੰਟਿਆਂ ਬੱਧੀ ਜਾਮ ਲੱਗਿਆ ਰਿਹਾ। ਹਾਲਾਂਕਿ ਅਧਿਕਾਰੀਆਂ ਨਾਲ ਲੰਬੀ ਗੱਲਬਾਤ ਤੋਂ ਬਾਅਦ ਕਿਸਾਨ ਦਿੱਲੀ ਵੱਲ ਮਾਰਚ ਨਾ ਕਰਨ ਲਈ ਰਾਜ਼ੀ ਹੋ ਗਏ ਹਨ।
ਨੋਇਡਾ ਦੇ ਕਿਸਾਨ ਭਾਰਤੀ ਕਿਸਾਨ ਪ੍ਰੀਸ਼ਦ (ਬੀਕੇਪੀ), ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਸਮੇਤ ਹੋਰ ਸੰਗਠਨਾਂ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਹਨ। ਇਹ ਕਿਸਾਨ ਨਵੇਂ ਕਾਨੂੰਨ ਤਹਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਹਫ਼ਤੇ ਤੋਂ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨ ਅਤੇ ਅਥਾਰਟੀ ਵਿਚਕਾਰ ਲੰਬੀ ਗੱਲਬਾਤ ਹੋਈ। ਨੋਇਡਾ ਅਥਾਰਟੀ ਨੇ ਕਿਸਾਨਾਂ ਤੋਂ ਇਕ ਹਫਤੇ ਦਾ ਸਮਾਂ ਮੰਗਿਆ ਹੈ,ਜਿਸ ਤੇ ਕਿਸਾਨ ਸਹਿਮਤ ਹੋ ਗਏ ਹਨ।
ਸਮੱਸਿਆ ਦੇ ਹੱਲ ਦਾ ਦਿਵਾਇਆ ਭਰੋਸਾ
ਇਸ ਨੂੰ ਲੈ ਕੇ ਨੋਇਡਾ ਦੇ ਕਿਸਾਨ 27 ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ 27 ਨਵੰਬਰ ਨੂੰ ਗ੍ਰੇਟਰ ਨੋਇਡਾ ਅਥਾਰਟੀ ਅਤੇ 28 ਨਵੰਬਰ ਤੋਂ 1 ਦਸੰਬਰ ਤੱਕ ਯਮੁਨਾ ਵਿਕਾਸ ਅਥਾਰਟੀ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਅਤੇ ਅਧਿਕਾਰੀਆਂ ਦਰਮਿਆਨ ਕਈ ਮੀਟਿੰਗਾਂ ਵੀ ਹੋਈਆਂ। ਪਰ ਮਾਮਲਾ ਹੱਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕਿਸਾਨਾਂ ਨੇ 2 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ। ਇਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ ਤੇ ਬੈਰੀਕੇਡ ਲਾਏ ਹੋਏ ਸਨ।
ਉੱਧਰ, ਕਿਸਾਨ ਅਤੇ ਅਥਾਰਟੀ ਵਿਚਕਾਰ ਕਈ ਘੰਟੇ ਗੱਲਬਾਤ ਹੁੰਦੀ ਰਹੀ। ਗ੍ਰੇਟਰ ਨੋਇਡਾ, ਨੋਇਡਾ ਅਤੇ ਯਮੁਨਾ ਅਥਾਰਟੀ ਨੇ ਕਿਸਾਨਾਂ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ ਵਿੱਚ ਹੱਲ ਕਰ ਦਿੱਤਾ ਜਾਵੇਗਾ। ਉੱਧਰ, ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਇੱਕ ਹਫ਼ਤੇ ਲਈ ਟਾਲ ਦਿੱਤਾ ਹੈ। ਫਿਲਹਾਲ ਕਿਸਾਨ ਐਕਸਪ੍ਰੈਸ ਵੇਅ ‘ਤੇ ਮੌਜੂਦ ਹਨ।
ਇਹ ਵੀ ਪੜ੍ਹੋ
ਇੱਕ ਹਫ਼ਤੇ ਤੱਕ ਦਲਿਤ ਪ੍ਰੇਰਨਾ ਸਥਲ ‘ਤੇ ਇੰਤਜ਼ਾਰ ਕਰਨਗੇ ਕਿਸਾਨ
ਅਧਿਕਾਰੀਆਂ ਨਾਲ ਲੰਬੀ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਦਲਿਤ ਪ੍ਰੇਰਨਾ ਸਥਲ ਦੇ ਅੰਦਰ ਹੀ ਆਪਣਾ ਧਰਨਾ ਫਿਲਹਾਲ ਜਾਰੀ ਰੱਖਣਗੇ। ਉਹ ਇੱਕ ਹਫ਼ਤੇ ਤੱਕ ਦਲਿਤ ਪ੍ਰੇਰਨਾ ਸਥਲ ‘ਤੇ ਇੰਤਜ਼ਾਰ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਹਫ਼ਤੇ ਵਿੱਚ ਇਸ ਮਾਮਲੇ ਤੇ ਸਹਿਮਤੀ ਨਾ ਬਣੀ ਤਾਂ ਸਮੂਹ ਕਿਸਾਨ ਮੋਰਚਾ ਦਿੱਲੀ ਵੱਲ ਮਾਰਚ ਕਰੇਗਾ। ਕਿਸਾਨਾਂ ਦੇ ਇਸ ਕਦਮ ਤੋਂ ਬਾਅਦ ਦਿੱਲੀ-ਨੋਇਡਾ ਸਰਹੱਦ ‘ਤੇ ਲਗਾਏ ਬੈਰੀਕੇਡ ਹਟਾ ਦਿੱਤੇ ਗਏ ਹਨ।
ਕਿਸਾਨ ਅਤੇ ਅਥਾਰਟੀ ਵਿਚਕਾਰ ਹੋਈ ਗੱਲਬਾਤ ਵਿੱਚ ਯਮੁਨਾ ਅਥਾਰਟੀ ਦੇ ਓਐਸਡੀ ਸ਼ੈਲੇਂਦਰ ਸਿੰਘ, ਨੋਇਡਾ ਅਥਾਰਟੀ ਦੇ ਏਸੀਈਓ ਮਹਿੰਦਰ ਪ੍ਰਸਾਦ, ਗ੍ਰੇਟਰ ਨੋਇਡਾ ਅਥਾਰਟੀ ਦੇ ਓਐਸਡੀ ਅਤੇ ਕਈ ਪੁਲਿਸ ਅਧਿਕਾਰੀ ਮੌਜੂਦ ਸਨ। ਪੁਲਿਸ ਨੇ ਦਿੱਲੀ-ਨੋਇਡਾ ਬਾਰਡਰ ਤੋਂ ਬੈਰੀਕੇਡ ਹਟਾ ਦਿੱਤੇ ਹਨ। ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ।