ਵਿਜੇਦਸ਼ਮੀ ‘ਤੇ ਮੋਹਨ ਭਾਗਵਤ ਦਾ ਸੰਦੇਸ਼—ਨਵੀਂ ਪੀੜ੍ਹੀ ਨਸ਼ਿਆਂ ਤੋਂ ਰਹੇ ਦੂਰ, ਸਰਕਾਰ ਵੀ ਦੇਵੇ ਧਿਆਨ

Published: 

20 Oct 2026 11:01 AM IST

Mohan Bhagwat: RSS ਮੁਖੀ ਮੋਹਨ ਭਾਗਵਤ ਨੇ ਵਿਜੇਦਸ਼ਮੀ ਸਮਾਗਮ ਦੌਰਾਨ ਨਵੀਂ ਪੀੜ੍ਹੀ ਵੱਲੋਂ OTT Content ਦੀ ਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੇ ਵਧਦੇ ਰਾਸ਼ਟਰੀ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟਾਈ।

ਵਿਜੇਦਸ਼ਮੀ ਤੇ ਮੋਹਨ ਭਾਗਵਤ ਦਾ ਸੰਦੇਸ਼—ਨਵੀਂ ਪੀੜ੍ਹੀ ਨਸ਼ਿਆਂ ਤੋਂ ਰਹੇ ਦੂਰ, ਸਰਕਾਰ ਵੀ ਦੇਵੇ ਧਿਆਨ

ਨੌਜਵਾਨ ਨਸ਼ਿਆਂ ਤੋਂ ਰਹਿਣ ਦੂਰ: ਮੋਹਨ ਭਾਗਵਤ

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਵਿਜੇਦਸ਼ਮੀ ਸਮਾਗਮ ਕਰਵਾਇਆ ਗਿਆ। RSS ਵੱਲੋਂ ਹਰ ਸਾਲ ਵਿਜੇਦਸ਼ਮੀ ਦੇ ਮੌਕੇ ‘ਤੇ ਇਹ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮੌਕੇ ਸ਼ਸਤਰ ਪੂਜਾ ਤੋਂ ਬਾਅਦ RSS ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿੰਨੀ ਤਪੱਸਿਆ ਅਤੇ ਸਮਰਪਣ ਕੀਤਾ ਗਿਆ ਸੀ, ਹੁਣ ਉਸ ਤੋਂ ਵੀ ਵੱਧ ਦੀ ਲੋੜ ਪਵੇਗੀ। ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਗੱਲ ਧਿਆਨ ਵਿੱਚ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਕਈ ਮਾਧਿਅਮਾਂ ਰਾਹੀਂ ਮਿਲਣ ਵਾਲੀ ਜਾਣਕਾਰੀ ਨੂੰ ਸਹੀ-ਗ਼ਲਤ ਦੀ ਪਰਖ ਕੀਤੇ ਬਿਨਾਂ ਹੀ ਸਵੀਕਾਰ ਕਰ ਲੈਂਦੀ ਹੈ। ਇਸ ਦੇ ਮਾੜੇ ਨਤੀਜਿਆਂ ਦਾ ਅਨੁਭਵ ਹੋਣ ਤੋਂ ਬਾਅਦ ਕਈ ਦੇਸ਼ਾਂ ਨੇ ਕੁਝ ਨਿਯਮ ਅਤੇ ਪਾਬੰਦੀਆਂ ਲਾਗੂ ਕੀਤੀਆਂ ਹਨ। ਸਾਡੇ ਦੇਸ਼ ਵਿੱਚ ਵੀ OTT Platforms ਨੂੰ ਲੈ ਕੇ ਅਜਿਹੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਨਸ਼ੀਲੇ ਪਦਾਰਥ ਘਾਤਕ, ਰਾਸ਼ਟਰੀ ਸਮੱਸਿਆ ਬਣੇ: ਭਾਗਵਤ

OTT Content ਦੀ ਚੋਣ ਬਾਰੇ RSS ਮੁਖੀ ਨੇ ਕਿਹਾ ਕਿ ਜੇਕਰ ਸਾਨੂੰ ਆਪਣੇ ਸੰਸਕਾਰਾਂ ਦੀ ਚਿੰਤਾ ਹੈ ਤਾਂ ਨਵੀਂ ਪੀੜ੍ਹੀ ਨੂੰ ਇਹ ਸਿਖਾਉਣਾ ਪਵੇਗਾ ਕਿ ਉਸ ਨੇ ਕੀ ਚੁਣਨਾ ਹੈ। ਸਹੀ-ਗ਼ਲਤ ਦੀ ਪਰਖ ਦੀ ਘਾਟ ਕਾਰਨ ਵਿਅਕਤੀਗਤ, ਪਰਿਵਾਰਕ ਅਤੇ ਸਮਾਜਿਕ ਜੀਵਨ ਵਿੱਚ ਕਈ ਤਰ੍ਹਾਂ ਦੇ ਮਾੜੇ ਨਤੀਜੇ ਦੇਖਣ ਨੂੰ ਮਿਲਦੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਸਮਝ ਦੀ ਘਾਟ ਕਾਰਨ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਵੀ ਖੜ੍ਹੀ ਹੋ ਗਈ ਹੈ। ਨਸ਼ੀਲੇ ਪਦਾਰਥ ਘਾਤਕ ਹੁੰਦੇ ਹਨ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਇਨ੍ਹਾਂ ਦੀ ਆਦਤ ਪੈ ਜਾਂਦੀ ਹੈ ਅਤੇ ਇਹ ਇੱਕ ਗੰਭੀਰ ਰਾਸ਼ਟਰੀ ਸਮੱਸਿਆ ਬਣ ਗਈ ਹੈ। ਸਮਾਂ ਰਹਿੰਦਿਆਂ ਸਰਕਾਰ ਸਮੇਤ ਸਾਰਿਆਂ ਨੂੰ ਇਸ ਬਾਰੇ ਵਿਚਾਰ ਕਰਨਾ ਪਵੇਗਾ। ਖ਼ਾਸ ਤੌਰ ‘ਤੇ ਨਵੀਂ ਪੀੜ੍ਹੀ ਦੇ ਮਾਪਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਆਦਤ ਪਾਉਣੀ ਪਵੇਗੀ।

ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਮਨੁੱਖਾਂ ਨੂੰ ਭੌਤਿਕ ਤੌਰ ‘ਤੇ ਸੁਖੀ ਜੀਵਨ ਜਿਊਣ ਅਤੇ ਗਿਆਨ ਤੇ ਤਰਕ ਦੇ ਆਧਾਰ ‘ਤੇ ਆਪਣੇ ਵਿਹਾਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਪਰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤਕਨਾਲੋਜੀ ਸਿਰਫ਼ ਇੱਕ ਸਾਧਨ ਹੈ। ਜੇਕਰ ਵਿਕਾਸ ਸਿਰਫ਼ ਖਪਤਵਾਦੀ ਨਜ਼ਰੀਏ ਤੋਂ ਕੀਤਾ ਜਾਂਦਾ ਹੈ ਤਾਂ ਸੁੱਖ-ਸਹੂਲਤਾਂ ਦੇ ਨਾਲ-ਨਾਲ ਇਸ ਦੀ ਵੱਡੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ।

ਮੋਹਨ ਭਾਗਵਤ ਨੇ ਕੈਪਟਨ ਸਮਿਤ ਮਛਾਰ ਨੂੰ ਦੱਸਿਆ ਪ੍ਰੇਰਣਾ ਦਾ ਸਰੋਤ

ਮੋਹਨ ਭਾਗਵਤ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਹਿੰਦੂ ਭਾਵਨਾ ਨੂੰ ਜਗਾ ਕੇ ਸਮਾਜ ਨੂੰ ਇੱਕ ਸੰਗਠਿਤ ਅਤੇ ਤਾਕਤਵਰ ਸਮਾਜ ਬਣਾਉਣ ਲਈ ਕੰਮ ਕਰ ਰਿਹਾ ਹੈ। ਵਿਅਕਤੀਗਤ ਜੀਵਨ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਆਪਣੀ ਪਛਾਣ, ਸਨਮਾਨ ਅਤੇ ਸੁਰੱਖਿਆ ਨੂੰ ਕਾਇਮ ਰੱਖਣਾ ਵੀ ਤਾਕਤ ਤੋਂ ਬਿਨਾਂ ਸੰਭਵ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੰਗਠਿਤ ਅਤੇ ਤਾਕਤਵਰ ਹਿੰਦੂ ਸਮਾਜ ਦੀ ਗੱਲ ਕਰਨਾ ਜਾਂ ਇਸ ਲਈ ਕੰਮ ਕਰਨਾ ਸਰਬ ਧਰਮਾਂ ਦੇ ਸਤਿਕਾਰ ਦੀ ਭਾਵਨਾ ਜਾਂ ਰਾਸ਼ਟਰ ਦੀ ਭਾਵਨਾਤਮਕ ਏਕਤਾ ਦੇ ਵਿਰੁੱਧ ਨਹੀਂ ਹੈ। ਹਿੰਦੂ ਸਮਾਜ ਦੀ ਸਮਾਵੇਸ਼ੀ ਸੋਚ ਅਤੇ ਸੁਭਾਅ ਕਾਰਨ ਸੰਘ ਦਾ ਕੰਮ ਸਾਰਿਆਂ ਦੀ ਭਾਵਨਾਤਮਕ ਏਕਤਾ, ਸਦਭਾਵਨਾ ਅਤੇ ਸਦਾਚਾਰ ਨੂੰ ਉਤਸ਼ਾਹਿਤ ਕਰੇਗਾ।

ਉਨ੍ਹਾਂ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਮਿਲਦੇ ਆ ਰਹੇ ਇਹੀ ਸੁਭਾਅ ਅਤੇ ਸੰਸਕਾਰ ਕੈਪਟਨ ਸਮਿਤ ਮਛਾਰ ਵਰਗੇ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੀ ਸੁਰੱਖਿਆ ਲਈ ਖ਼ੁਦ ਨੂੰ ਸਮਰਪਿਤ ਕਰਨ ਦੀ ਪ੍ਰੇਰਣਾ ਦਿੰਦੇ ਹਨ।

Source: TV9Hindi.com
Loading...
Unable to load recommendations.
Follow Us