“ਅਸੀਂ ਨਹੀਂ ਬਚਾਂਗੇ…”ਵਿਵੇਕ ਦਾ ਉਹ ਆਖਰੀ ਫੋਨ ਅਤੇ ਦਿੱਲੀ ਅਗਨੀਕਾਂਡ ਵਿੱਚ ਪਰਿਵਾਰ ਦੇ 8 ਲੋਕਾਂ ਦੀ ਚਲੀ ਗਈ ਜਾਨ
Malviya Nagar Hotel Fire: ਮਾਲਵੀਆ ਨਗਰ ਹੋਟਲ ਵਿੱਚ ਲੱਗੀ ਜਾਨਲੇਵ ਅੱਗ ਵਿੱਚ ਗੁਰੂਗ੍ਰਾਮ ਦੇ ਸੀਏ ਵਿਵੇਕ ਅਗਰਵਾਲ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਭਰਾ ਨੂੰ ਫ਼ੋਨ ਕਰਕੇ ਕਿਹਾ, "ਭਰਾ, ਅਸੀਂ ਸ਼ਾਇਦ ਨਾ ਬਚੀਏ।" ਇਸ ਗੈਰ-ਕਾਨੂੰਨੀ ਹੋਟਲ ਦੀ ਲਾਪਰਵਾਹੀ ਨੇ ਵਿਵੇਕ ਦੇ ਪਰਿਵਾਰ ਦੇ 8 ਮੈਂਬਰਾਂ ਸਮੇਤ 21 ਲੋਕਾਂ ਦੀ ਜਾਨ ਲੈ ਲਈ।
Delhi Fire News: “ਭਰਾ, ਅਸੀਂ ਹੁਣ ਨਹੀਂ ਬਚ ਸਕਾਂਗੇ। ਚਾਰੇ ਪਾਸੇ ਸਿਰਫ਼ ਕਾਲਾ ਧੂੰਆਂ ਹੀ ਹੈ ਅਤੇ ਸਾਹ ਰੁੱਕ ਰਹੇ ਹਨ…” ਇਹ ਆਖਰੀ ਸ਼ਬਦ ਸਨ ਗੁਰੂਗ੍ਰਾਮ ਦੇ ਚਾਰਟਰਡ ਅਕਾਊਂਟੈਂਟ (CA) ਵਿਵੇਕ ਅਗਰਵਾਲ ਦੇ , ਜੋ ਦਿੱਲੀ ਦੇ ਮਾਲਵੀਆ ਨਗਰ ਵਿੱਚ ਫਲੋਰਿਸ਼ ਸਟੇਅ ਹੋਟਲ ਦੀ ਤੀਜੀ ਮੰਜ਼ਿਲ ‘ਤੇ ਫਸੇ ਹੋਏ ਸਨ। ਉਨ੍ਹਾਂ ਇਹ ਆਖਰੀ ਸ਼ਬਦ ਫ਼ੋਨ ‘ਤੇ ਇੱਕ ਰਿਸ਼ਤੇਦਾਰ ਨੂੰ ਕਹੇ ਸਨ। ਕੁਝ ਮਿੰਟਾਂ ਬਾਅਦ, ਵਿਵੇਕ, ਉਸਦੀ ਪਤਨੀ, ਮਾਂ ਅਤੇ ਦੋ ਮਾਸੂਮ ਧੀਆਂ ਸਮੇਤ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀਆਂ ਜਾਨਾਂ ਇਸ ਗੈਰ-ਕਾਨੂੰਨੀ ਹੋਟਲ ਦੇ ਮਲਬੇ ਅਤੇ ਧੂੰਏਂ ਵਿੱਚ ਹਮੇਸ਼ਾ ਲਈ ਦੱਬ ਗਈਆਂ। ਬੁੱਧਵਾਰ ਸਵੇਰੇ ਹੋਟਲ ਵਿੱਚ ਲੱਗੀ ਭਿਆਨਕ ਅੱਗ ਨੇ 21 ਮਾਸੂਮ ਲੋਕਾਂ ਦੀ ਜਾਨ ਲੈ ਲਈ, ਜਿਨ੍ਹਾਂ ਵਿੱਚ 11 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।
ਗੁਰੂਗ੍ਰਾਮ ਦੇ ਸੈਕਟਰ 46 ਦੇ ਰਹਿਣ ਵਾਲੇ ਵਿਵੇਕ ਅਗਰਵਾਲ ਆਪਣੇ ਪਿਤਾ ਦੇ ਇਲਾਜ ਲਈ ਦਿੱਲੀ ਆਏ ਸਨ। ਉਨ੍ਹਾਂ ਦੇ ਪਿਤਾ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਹਨ। ਵਿਵੇਕ, ਆਪਣੀ ਪਤਨੀ ਤਰਜਨੀ, ਮਾਂ ਪ੍ਰੇਮਲਤਾ, ਦੋ ਧੀਆਂ ਜੀਵਸ਼ਾ ਅਤੇ ਵਰਿਆ, ਰਿਸ਼ਤੇਦਾਰ ਝਾਵੇਰੀ, ਚਾਚਾ ਅਸ਼ੋਕ ਗੋਇਲ ਅਤੇ ਮਾਸੀ ਕਮਲਾ ਦੇ ਨਾਲ, ਉਨ੍ਹਾਂਦੀ ਦੇਖਭਾਲ ਲਈ ਫਲੋਰਿਸ਼ ਸਟੇਅ ਹੋਟਲ ਵਿੱਚ ਰੁਕੇ ਸਨ। ਉਨ੍ਹਾਂ ਨੂੰ ਇਹ ਥੋੜੀ ਪਤਾ ਸੀ ਕਿ ਉਹ ਜਿਸ ਮੁਲਾਕਾਤ ਲਈ ਆਏ ਸਨ ਉਹ ਉਨ੍ਹਾਂ ਦੀ ਆਖਰੀ ਮੁਲਾਕਾਤ ਸਾਬਤ ਹੋਵੇਗੀ। ਬੁੱਧਵਾਰ ਸਵੇਰੇ 8:30 ਵਜੇ ਦੇ ਕਰੀਬ ਜਦੋਂ ਅੱਗ ਲੱਗੀ, ਤਾਂ ਪੂਰਾ ਪਰਿਵਾਰ ਆਪਣੇ ਕਮਰਿਆਂ ਵਿੱਚ ਸੀ। ਸੰਘਣੇ ਧੂੰਏਂ ਦੇ ਵਿਚਕਾਰ, ਵਿਵੇਕ ਨੇ ਆਖਰੀ ਉਮੀਦ ਨਾਲ ਆਪਣੇ ਭਰਾ ਨੂੰ ਫੋਨ ਮਿਲਾਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ।
ਸੈਂਸਰ ਵਾਲਾ ਗੇਟ ਅਤੇ ਬੰਦ ਖਿੜਕੀਆਂ ਬਣੀਆਂ ਯਮਦੂਤ
ਚਸ਼ਮਦੀਦਾਂ ਦੇ ਅਨੁਸਾਰ, ਅੱਗ ਲੱਗਣ ਦੇ ਕੁਝ ਮਿੰਟਾਂ ਵਿੱਚ ਹੀ, ਪੂਰੀ ਪੰਜ ਮੰਜ਼ਿਲਾ ਇਮਾਰਤ ਅੱਗ ਵਿੱਚ ਬਦਲ ਗਈ। ਹੋਟਲ ਦਾ ਸੈਂਸਰ-ਅਧਾਰਤ ਮੁੱਖ ਗੇਟ ਬਿਜਲੀ ਚਲੇ ਜਾਣ ਦੇ ਨਾਲ ਹੀ ਜਾਮ ਹੋ ਗਿਆ, ਜਿਸ ਨਾਲ ਅੰਦਰ ਫਸੇ ਲੋਕਾਂ ਲਈ ਇੱਕੋ-ਇੱਕ ਬਾਹਰ ਨਿਕਲਣ ਦਾ ਰਸਤਾ ਹਮੇਸ਼ਾ ਲਈ ਬੰਦ ਹੋ ਗਿਆ। ਕਮਰਿਆਂ ਦੀਆਂ ਖਿੜਕੀਆਂ ਪੂਰੀ ਤਰ੍ਹਾਂ ਸੀਲ ਸਨ, ਅਤੇ ਕੋਈ ਵੇਂਟੀਲੇਸ਼ਨ ਨਹੀਂ ਸੀ। ਲੋਕ ਅੰਦਰ ਦਮ ਘੁੱਟਣ ਅਤੇ ਤੇਜ਼ ਗਰਮੀ ਨਾਲ ਤੜਪਣ ਲੱਗ ਪੇ। ਸਾਕੇਤ ਹਸਪਤਾਲ ਦੇ ਬਾਹਰ ਰੋਂਦੇ ਹੋਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਜ਼ੀਜ਼ਾਂ ਦੀਆਂ ਲਾਸ਼ਾਂ ਇੰਨੀਆਂ ਸੜੀਆਂ ਹੋਈਆਂ ਸਨ ਕਿ ਤਸਵੀਰਾਂ ਨਾਲ ਵੀ ਉਨ੍ਹਾਂ ਦੀ ਪਛਾਣ ਕਰਨਾ ਅਸੰਭਵ ਹੋ ਗਿਆ। ਹੁਣ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ (DNA) ਟੈਸਟ ਦਾ ਸਹਾਰਾ ਲਿਆ ਜਾਵੇਗਾ।
6 ਕਮਰਿਆਂ ਦੀ ਮਨਜ਼ੂਰੀ, ਬਣਾ ਦਿੱਤੀ 25 ਤੋਂ ਵੱਧ
ਇਹ ਦੁਖਦਾਈ ਹਾਦਸਾ ਹੋਟਲ ਪ੍ਰਸ਼ਾਸਨ ਵੱਲੋਂ ਅਪਰਾਧਿਕ ਲਾਪਰਵਾਹੀ ਅਤੇ ਲਾਲਚ ਦੀ ਇੱਕ ਭਿਆਨਕ ਕਹਾਣੀ ਨੂੰ ਪ੍ਰਗਟ ਕਰਦਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਨੂੰ ਸਿਰਫ਼ 6 ਕਮਰਿਆਂ ਦੀ ਇਜਾਜ਼ਤ ਸੀ, ਪਰ ਮਾਲਕ ਨੇ ਪੰਜ ਮੰਜ਼ਿਲਾਂ ‘ਤੇ ਗੈਰ-ਕਾਨੂੰਨੀ ਤੌਰ ‘ਤੇ 25 ਤੋਂ ਵੱਧ ਕਮਰੇ ਖੜੇ ਕਰ ਦਿੱਤੇ। ਹੋਟਲ ਕੋਲ ਨਾ ਤਾਂ ਫਾਇਰ ਐਨਓਸੀ (NOC) ਨਹੀਂ ਸੀ, ਨਾ ਹੀ ਸਮੋਕ ਡਿਟੈਕਟਰ ਜਾਂ ਫਾਇਰ ਅਲਾਰਮ ਕੰਮ ਕਰ ਰਹੇ ਸਨ। ਗ੍ਰਾਉਂਡ ਫਲੋਰ ‘ਤੇ ਵੱਡੀ ਗਿਣਤੀ ਵਿੱਚ ਐਲਪੀਜੀ ਸਿਲੰਡਰ ਸਟੋਰ ਕੀਤੇ ਗਏ ਸਨ, ਜਿਸ ਨੇ ਅੱਗ ਨੂੰ ਹੋਰ ਭੜਕਾਦਿੱਤਾ। ਪੁਲਿਸ ਨੇ ਮੁੱਖ ਮੁਲਜਮ, ਹੋਟਲ ਮਾਲਕ ਲਵਕੇਸ਼ ਬਜਾਜ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਉਸ ਖਿਲਾਫ ਗੈਰ-ਕਾਨੂੰਨੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ, ਲਵੇਕੇਸ਼ ਨੇ ਇੱਕ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹੋਏ ਕਿਹਾ, “ਮੈਂ ਖੁਦ ਕੰਮ ਨਹੀਂ ਦੇਖਦਾ ਸੀ। ਦਿੱਲੀ ਵਿੱਚ ਇਹ ਸਭ ਮੋਡੀਫਿਕੇਸ਼ਨ ਨਾਰਮਲ ਹੈ; ਇੱਥੇ ਸਭ ਚੱਲਦਾ ਹੈ।”
ਸਥਾਨਕ ਲੋਕਬਣੇ ਫਰਿਸ਼ਤੇ, ਦੁਕਾਨ ਦੇ ਗੱਦੇ ਵਿਛਾ ਕੇ ਬਚਾਈਆਂ ਜਾਨਾਂ
ਸਥਾਨਕ ਲੋਕਾਂ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਹੋਟਲ ਦੇ ਸਾਹਮਣੇ ਗੱਦੇ ਅਤੇ ਕੰਬਲ ਦੀ ਦੁਕਾਨ ਚਲਾਉਣ ਵਾਲੇ ਅਰਮਾਨ ਨੇ ਬਿਨਾਂ ਸਮਾਂ ਬਰਬਾਦ ਕੀਤੇ ਆਪਣੇ ਸਾਰੇ ਨਵੇਂ ਗੱਦੇ ਅਤੇ ਰਜਾਈਆਂ ਸੜਕ ‘ਤੇ ਵਿਛਾ ਦਿੱਤੀਆਂ। ਉੱਪਰਲੀਆਂ ਮੰਜ਼ਿਲਾਂ ਤੋਂ ਛਾਲ ਮਾਰਨ ਵਾਲੇ ਲੋਕ ਇਨ੍ਹਾਂ ਗੱਦਿਆਂ ‘ਤੇ ਡਿੱਗੇ, ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚ ਗਈਆਂ। ਸਥਾਨਕ ਨੌਜਵਾਨਾਂ ਅਫਜ਼ਲ, ਸ਼ਾਹਰੁਖ, ਅਨੀਸ, ਆਮਿਰ ਅਤੇ ਵਸੀਮ ਨੇ ਖਿੜਕੀਆਂ ਦੀਆਂ ਗਰਿੱਲਾਂ ਤੋੜ ਕੇ ਅਤੇ ਸੀਪੀਆਰ (CPR) ਦੇ ਕੇ ਲਗਭਗ 58 ਲੋਕਾਂ ਨੂੰ ਬਚਾਇਆ। ਇਸ ਬਚਾਅ ਕਾਰਜ ਵਿੱਚ 10 ਪੁਲਿਸ ਵਾਲੇ ਵੀ ਜ਼ਖਮੀ ਹੋ ਗੇਏ, ਜਦੋਂ ਕਿ 15 ਲੋਕ ਅਜੇ ਵੀ ਆਈਸੀਯੂ ਵਿੱਚ ਜਿੰਦਗੀ ਦੀ ਜੰਗ ਲੜ ਰਹੇ ਹਨ।
