ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਦੇਵੇਗੀ ‘AAP’ ਸਰਕਾਰ, ਕੇਜਰੀਵਾਲ ਦਾ ਵੱਡਾ ਐਲਾਨ, ਬੋਲੇ- ਮੈਂ ਜਾਦੂਗਰ ਹਾਂ, ਕਰਕੇ ਦਿਖਾ ਦੇਵਾਂਗਾ
Arvind Kejriwal: ਦਿੱਲੀ ਕੈਬਨਿਟ ਨੇ ਵੀਰਵਾਰ ਨੂੰ ਮਹਿਲਾ ਸਨਮਾਨ ਯੋਜਨਾ ਨੂੰ ਪਾਸ ਕਰ ਦਿੱਤਾ ਹੈ। ਇਸ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ। ਇਸ ਯੋਜਨਾ ਦਾ ਲਾਭ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਮਿਲੇਗਾ।
ਦਿੱਲੀ ਕੈਬਨਿਟ ਨੇ ਵੀਰਵਾਰ ਨੂੰ ਮਹਿਲਾ ਸਨਮਾਨ ਯੋਜਨਾ ਨੂੰ ਪਾਸ ਕਰ ਦਿੱਤਾ ਹੈ। ਇਸ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ 2024 ਦੇ ਬਜਟ ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦਾ ਲਾਭ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਮਿਲੇਗਾ। ਇਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਲਗਭਗ 38 ਲੱਖ ਹੈ।
ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਦਿੱਲੀ ਵਾਸੀਆਂ ਲਈ ਦੋ ਵੱਡੇ ਐਲਾਨ ਕਰਨ ਆਇਆ ਹਾਂ। ਇਹ ਦੋਵੇਂ ਐਲਾਨ ਦਿੱਲੀ ਦੀਆਂ ਔਰਤਾਂ ਲਈ ਹਨ। ਮੈਂ ਹਰ ਔਰਤ ਦੇ ਖਾਤੇ ਵਿੱਚ 1000 ਰੁਪਏ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਪ੍ਰਸਤਾਵ ਨੂੰ ਅੱਜ ਸਵੇਰੇ ਕੈਬਨਿਟ ਵਿੱਚ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਯੋਜਨਾ ਦਿੱਲੀ ਵਿੱਚ ਲਾਗੂ ਹੋ ਗਈ ਹੈ। ਜੋ-ਜੋ ਔਰਤਾਂ ਇਸ ਲਈ ਅਪਲਾਈ ਕਰਨਗੀਆਂ, ਰਜਿਸਟ੍ਰੇਸ਼ਨ ਤੋਂ ਬਾਅਦ ਪੈਸੇ ਆਉਣੇ ਸ਼ੁਰੂ ਹੋ ਜਾਣਗੇ।
‘ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉੱਥੇ ਤਰੱਕੀ ਹੁੰਦੀ ਹੈ’
ਉਨ੍ਹਾਂ ਅੱਗੇ ਕਿਹਾ ਕਿ ਮੈਂ ਮਾਰਚ ਵਿੱਚ ਐਲਾਨ ਕੀਤਾ ਸੀ ਅਤੇ ਅਪ੍ਰੈਲ ਵਿੱਚ ਲਾਗੂ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਨੇ ਮੈਨੂੰ ਜੇਲ੍ਹ ਭੇਜ ਦਿੱਤਾ ਸੀ। ਵਾਪਸ ਆ ਕੇ ਆਤਿਸ਼ੀ ਨਾਲ ਕੋਸ਼ਿਸ਼ ਕੀਤੀ ਅਤੇ ਹੁਣ ਅਜਿਹਾ ਹੋ ਰਿਹਾ ਹੈ। ਇਹ ਔਰਤਾਂ ਲਈ ਕੋਈ ਅਹਿਸਾਨ ਨਹੀਂ ਹੈ। ਔਰਤਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਹਨ, ਉਹ ਦੇਸ਼ ਦਾ ਭਵਿੱਖ ਹੁੰਦਾ ਹੈ, ਤਾਂ ਕੁਝ ਉਨ੍ਹਾਂ ਦੀ ਮਦਦ ਕਰੋ। ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉੱਥੇ ਤਰੱਕੀ ਹੁੰਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਦਿੱਲੀ ਸਰਕਾਰ ਦਾ ਖਰਚਾ ਨਹੀਂ ਬਰਕਤ ਹੋਵੇਗੀ। ਕੁਝ ਲੋਕ ਸਵਾਲ ਉਠਾ ਰਹੇ ਸਨ ਪਰ ਅਰਵਿੰਦ ਕੇਜਰੀਵਾਲ ਜੋ ਸੋਚ ਲੈਂਦਾ ਹੈ , ਉਹ ਕਰਕੇ ਦਿਖਾਉਂਦਾ ਹੈ। ਭਾਜਪਾ ਵਾਲੇ ਗਾਲ੍ਹਾਂ ਕੱਢ ਰਹੇ ਹਨ ਕਿ ਉਹ ਮੁਫਤ ਸਹੂਲਤਾਂ ਅਤੇ ਮੁਫਤ ਦੀਆਂ ਰੇਵੜੀਆਂ ਵੰਡਦੇ ਹਨ। ਭਾਜਪਾ ਵਾਲੇ ਕਹਿ ਰਹੇ ਹਨ ਕਿ ਪੈਸਾ ਕਿੱਥੋਂ ਆਵੇਗਾ, ਜਦੋਂ ਮੈਂ ਪਹਿਲੀ ਚੋਣ ਜਿੱਤ ਕੇ ਕਿਹਾ ਸੀ ਕਿ ਮੈਂ ਮੁਫਤ ਬਿਜਲੀ ਅਤੇ ਪਾਣੀ ਦੇਵਾਂਗਾ, ਤਾਂ ਉਨ੍ਹਾਂ ਕਿਹਾ ਕਿ ਮੈਂ ਝੂਠ ਬੋਲ ਰਿਹਾ ਹਾਂ।
ਚੋਣਾਂ ਤੋਂ ਬਾਅਦ ਤੁਹਾਡੇ ਖਾਤੇ ‘ਚ ਆਉਣਗੇ 2100 ਰੁਪਏ – ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਮੈਂ ਜਾਦੂਗਰ ਹਾਂ ਤੇ ਕਰਕੇ ਦਿਖਾ ਦੇਵਾਂਗਾ। ਜਲਦੀ ਹੀ ਚੋਣਾਂ ਹੋਣੀਆਂ ਹਨ। ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਅਜੇ ਪੈਸੇ ਖਾਤੇ ਵਿੱਚ ਨਹੀਂ ਜਾਣਗੇ। 2100 ਰੁਪਏ ਦਾ ਰਜਿਸਟ੍ਰੇਸ਼ਨ ਹੋਵੇਗਾ। ਅਗਲੇ 2/3 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੁਹਾਡੀ ਗਲੀ ਵਿੱਚ ਜਾਣਗੇ। ਰਜਿਸਟ੍ਰੇਸ਼ਨ ਕਾਰਡ ਸੁਰੱਖਿਅਤ ਰੱਖੋ। ਚੋਣਾਂ ਤੋਂ ਬਾਅਦ ਤੁਹਾਡੇ ਖਾਤੇ ‘ਚ 2100 ਰੁਪਏ ਆ ਜਾਣਗੇ। ਜਿਵੇਂ ਮੈਂ 1000 ਲਾਗੂ ਕੀਤਾ, ਮੈਂ 2100 ਨੂੰ ਵੀ ਲਾਗੂ ਕਰਾਂਗਾ।