ਸਤ ਸ਼ਰਮਾ ਬਣੇ ਜੰਮੂ-ਕਸ਼ਮੀਰ ਭਾਜਪਾ ਦੇ ਨਵੇਂ ਪ੍ਰਧਾਨ, ਰਵਿੰਦਰ ਰੈਨਾ ਨੂੰ ਮਿਲੀ ਇਹ ਜ਼ਿੰਮੇਵਾਰੀ

Updated On: 

03 Nov 2024 11:51 AM

ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਸਤ ਸ਼ਰਮਾ ਨੂੰ ਜੰਮੂ-ਕਸ਼ਮੀਰ ਰਾਜ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਹੁਣ ਪਾਰਟੀ ਨੇ ਪ੍ਰਧਾਨ ਦੇ ਅਹੁਦੇ ਦੀ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਇਹ ਦੂਜੀ ਵਾਰ ਹੈ ਜਦੋਂ ਸਤ ਸ਼ਰਮਾ ਨੂੰ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਪਾਰਟੀ ਦੀ ਕਮਾਨ ਸੰਭਾਲ ਚੁੱਕੇ ਹਨ। ਇਸ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।

ਸਤ ਸ਼ਰਮਾ ਬਣੇ ਜੰਮੂ-ਕਸ਼ਮੀਰ ਭਾਜਪਾ ਦੇ ਨਵੇਂ ਪ੍ਰਧਾਨ, ਰਵਿੰਦਰ ਰੈਨਾ ਨੂੰ ਮਿਲੀ ਇਹ ਜ਼ਿੰਮੇਵਾਰੀ

ਸਤ ਸ਼ਰਮਾ ਬਣੇ ਜੰਮੂ-ਕਸ਼ਮੀਰ ਭਾਜਪਾ ਦੇ ਨਵੇਂ ਪ੍ਰਧਾਨ, ਰਵਿੰਦਰ ਰੈਨਾ ਨੂੰ ਮਿਲੀ ਇਹ ਜ਼ਿੰਮੇਵਾਰੀ

Follow Us On

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਸੂਬਾ ਪ੍ਰਧਾਨ ਬਦਲ ਦਿੱਤਾ ਹੈ। ਭਾਜਪਾ ਨੇ ਸਤ ਸ਼ਰਮਾ ਨੂੰ ਜੰਮੂ-ਕਸ਼ਮੀਰ ਭਾਜਪਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ, ਜਦਕਿ ਰਵਿੰਦਰ ਰੈਨਾ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ। ਦਰਅਸਲ, ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 9 ਸਤੰਬਰ 2024 ਨੂੰ ਭਾਜਪਾ ਨੇ ਸਤ ਸ਼ਰਮਾ ਨੂੰ ਜੰਮੂ-ਕਸ਼ਮੀਰ ਰਾਜ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਸੀ।

ਇਸ ਵਾਰ ਭਾਜਪਾ ਨੇ ਸਤ ਸ਼ਰਮਾ ਨੂੰ ਟਿਕਟ ਨਹੀਂ ਦਿੱਤੀ। ਪਿਛਲੀਆਂ ਵਿਧਾਨ ਸਭਾ ਚੋਣਾਂ (2014) ਵਿੱਚ ਸਤ ਸ਼ਰਮਾ ਜੰਮੂ ਪੱਛਮੀ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ ਪਰ ਇਸ ਵਾਰ ਭਾਜਪਾ ਨੇ ਇਸ ਸੀਟ ਤੋਂ ਅਰਵਿੰਦ ਗੁਪਤਾ ਨੂੰ ਟਿਕਟ ਦਿੱਤੀ ਸੀ। ਇਸ ਸੀਟ ‘ਤੇ ਅਰਵਿੰਦ ਗੁਪਤਾ ਚੋਣ ਜਿੱਤ ਗਏ ਸਨ। ਉਨ੍ਹਾਂ ਨੇ ਕਾਂਗਰਸ ਦੇ ਮਨਮੋਹਨ ਸਿੰਘ ਨੂੰ 22127 ਵੋਟਾਂ ਨਾਲ ਹਰਾਇਆ। ਭਾਜਪਾ ਉਮੀਦਵਾਰ ਗੁਪਤਾ ਨੂੰ 41963 ਵੋਟਾਂ ਮਿਲੀਆਂ ਜਦਕਿ ਮਨਮੋਹਨ ਸਿੰਘ ਨੂੰ 19836 ਵੋਟਾਂ ਮਿਲੀਆਂ।

ਕੌਣ ਹਨ ਸਤ ਸ਼ਰਮਾ ?

ਸਤ ਸ਼ਰਮਾ ਨੂੰ ਦੂਜੀ ਵਾਰ ਜੰਮੂ-ਕਸ਼ਮੀਰ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਹ 2014-2018 ਤੱਕ ਜੰਮੂ-ਕਸ਼ਮੀਰ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਸਤ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਨੇ 2014 ਵਿੱਚ 25 ਸੀਟਾਂ ਜਿੱਤੀਆਂ ਸਨ। ਸਤ ਸ਼ਰਮਾ ਚਾਰਟਰਡ ਅਕਾਊਂਟੈਂਟ ਹਨ। ਉਹ ਜੰਮੂ ਦੇ ਇੱਕ ਡੋਗਰਾ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਸੀ। ਉਨ੍ਹਾਂ ਦੀ ਮੁੱਢਲੀ ਸਿੱਖਿਆ ਜੰਮੂ ਤੋਂ ਹੀ ਹੋਈ।

ਉਹਨਾਂ ਨੇ 1981 ਵਿੱਚ ਜੰਮੂ ਯੂਨੀਵਰਸਿਟੀ ਦੇ ਜੀਜੀਐਮ ਸਾਇੰਸ ਕਾਲਜ ਤੋਂ ਬੀ.ਐਸ.ਸੀ., 1986 ਵਿੱਚ ਇੰਡੀਅਨ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦੇ ਫੈਲੋ ਬਣੇ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਉਹਨਾਂ ਨੇ ਜੰਮੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤੀ। ਉਹ ਭਾਜਪਾ-ਪੀਡੀਪੀ ਸਰਕਾਰ ਵਿੱਚ ਮੰਤਰੀ ਵੀ ਰਹੇ। ਇਸ ਸਰਕਾਰ ਵਿੱਚ ਸਤ ਸ਼ਰਮਾ 40 ਦਿਨਾਂ ਤੱਕ ਮਕਾਨ ਉਸਾਰੀ ਅਤੇ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਰਹੇ।

ਕੀ ਰਵਿੰਦਰ ਰੈਨਾ ਨੂੰ ਹਾਰ ਦੀ ਸਜ਼ਾ ਮਿਲੀ?

ਰਵਿੰਦਰ ਰੈਨਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸਨ। ਪਾਰਟੀ ਨੇ ਉਨ੍ਹਾਂ ਦੀ ਅਗਵਾਈ ਹੇਠ ਚੋਣ ਲੜੀ ਸੀ। ਪਰ ਰੈਨਾ ਖੁਦ ਆਪਣੀ ਸੀਟ ਨਹੀਂ ਬਚਾ ਸਕੇ। ਉਨ੍ਹਾਂ ਨੂੰ 7819 ਵੋਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਇਹ ਵੀ ਚਰਚਾ ਸੀ ਕਿ ਹਾਰ ਤੋਂ ਬਾਅਦ ਉਨ੍ਹਾਂ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪਰ ਭਾਜਪਾ ਨੇ ਐਤਵਾਰ ਨੂੰ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ।

ਨੈਸ਼ਨਲ ਕਾਨਫਰੰਸ ਨੇ ਜੰਮੂ-ਕਸ਼ਮੀਰ ‘ਚ ਬਣਾਈ ਸਰਕਾਰ

ਇਸ ਵਾਰ ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਹਨ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨੇ ਇਹ ਚੋਣ ਜਿੱਤੀ ਅਤੇ ਸਰਕਾਰ ਬਣਾਈ। ਉਮਰ ਅਬਦੁੱਲਾ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਨੈਸ਼ਨਲ ਕਾਨਫਰੰਸ ਨੂੰ ਬੰਪਰ ਜਿੱਤ ਮਿਲੀ। ਐਨਸੀ ਨੂੰ 42 ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਭਾਜਪਾ ਨੂੰ 2014 ਦੇ ਮੁਕਾਬਲੇ ਇਸ ਵਾਰ ਜ਼ਿਆਦਾ ਸੀਟਾਂ ਮਿਲੀਆਂ ਹਨ। ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ।