CBI ਦੀ ਚਾਰਜਸ਼ੀਟ ਨਾਲ ਵਧੀਆਂ ਜਗਦੀਸ਼ ਟਾਈਟਰਲ ਦੀਆਂ ਮੁਸ਼ਕਿਲਾਂ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਹਨ ਟਾਈਟਲਰ
31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਧੀ ਦੀ ਹੱਤਿਆ ਉਨ੍ਹਾਂ ਦੇ ਹੀ ਦੋ ਸੁਰੱਖਿਆ ਗਾਰਡ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਕਰ ਦਿੱਤੀ ਸੀ। ਇਸ ਤੋਂ ਬਾਅਦ ਦਿੱਲੀ ਸਣੇ ਪੂਰੇ ਦੇਸ਼ ਵਿੱਚ ਸਿਖ ਵਿਰੋਧੀ ਦੰਗੇ ਭੜਕ ਗਏ ਸਨ। ਤੇ ਇਸ ਦੌਰਾਨ ਟਾਈਟਲਰ ਤੇ ਵੀ ਦੰਗੇ ਭੜਕਾਉਣ ਦੇ ਇਲਜ਼ਾਣ ਲੱਗੇ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਮੁੜ ਸੀਬੀਆਈ ਨੇ ਉਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਹੈ।
ਨਵੀਂ ਦਿੱਲੀ। ਸੀਬੀਆਈ ਨੇ ਸ਼ਨੀਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ 78 ਸਾਲਾ ਕਾਂਗਰਸੀ ਆਗੂ ਜਗਦੀਸ਼ ਟਾਈਟਲਰ (Congress leader Jagdish Tytler)ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਸੀਬੀਆਈ ਮੁਤਾਬਕ, 1 ਨਵੰਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਇੱਕ ਦਿਨ ਬਾਅਦ, ਇੱਕ ਭੀੜ ਨੇ ਪੁਲ ਬੰਗਸ਼ ਇਲਾਕੇ ਵਿੱਚ ਇੱਕ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਸੀ।
ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਟਾਈਟਲਰ ‘ਤੇ 39 ਸਾਲ ਪਹਿਲਾਂ ਆਪਣੇ ਭਾਸ਼ਣ ‘ਚ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਇਸ ਵਿੱਚ ਤਿੰਨ ਸਿੱਖ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰੂ ਚਰਨ ਸਿੰਘ ਸ਼ਹੀਦ ਹੋ ਗਏ। ਸੀਬੀਆਈ (CBI) ਨੇ ਟਾਈਟਲਰ ‘ਤੇ ਆਈਪੀਸੀ ਦੀਆਂ ਧਾਰਾਵਾਂ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਦੇ ਦੋਸ਼ ਲਾਏ ਹਨ। ਇਸ ਦੀ ਸੁਣਵਾਈ 2 ਜੂਨ ਨੂੰ ਹੋਵੇਗੀ।
ਕੌਣ ਹੈ ਜਗਦੀਸ਼ ਟਾਈਟਲਰ
ਜਗਦੀਸ਼ ਟਾਈਟਲਰ 2004 ਵਿੱਚ ਪੀਐੱਮ ਮਨਮੋਹਨ ਸਿੰਘ (PM Manmohan Singh) ਸਰਕਾਰ ਵਿੱਚ ਮੰਤਰੀ ਸਨ, ਪਰ ਵਿਰੋਧ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਉਨ੍ਹਾਂ ਨੂੰ ਪਿਛਲੇ ਸਾਲ ਦਿੱਲੀ ਨਗਰ ਨਿਗਮ ਚੋਣਾਂ ਲਈ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਵੀ ਸ਼ਿਰਕਤ ਕਰਨੀ ਸੀ ਪਰ ਵਿਵਾਦ ਤੋਂ ਬਚਣ ਲਈ ਉਹ ਯਾਤਰਾ ‘ਚ ਸ਼ਾਮਲ ਨਹੀਂ ਹੋਏ।
ਟਾਈਟਲਰ ਨੂੰ ਤਿੰਨ ਵਾਰ ਮਿਲੀ ਹੈ ਕਲੀਨ ਚਿੱਟ
ਸਿੱਖ ਦੰਗਿਆਂ ਦੇ ਮਾਮਲੇ ਵਿੱਚ ਸੀਬੀਆਈ ਨੇ ਪਹਿਲਾਂ ਵੀ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ। ਪਹਿਲੀ ਕਲੀਨ ਚਿੱਟ 2007 ਵਿੱਚ ਦਿੱਤੀ ਗਈ ਸੀ। ਪਰ ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਮੁੜ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ 2013 ਵਿੱਚ ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਟਾਈਟਲਰ ਨੂੰ ਮੁੜ ਕਲੀਨ ਚਿੱਟ ਦੇ ਦਿੱਤੀ ਸੀ।
ਪਟੀਨਸ਼ਨ ਕਰਤਾ ਮੁੜ ਅਦਾਲਤ ‘ਚ ਪਹੁੰਚੇ
ਪਟੀਸ਼ਨਰ ਮੁੜ ਅਦਾਲਤ ਵਿੱਚ ਪਹੁੰਚੇ, ਜਾਂਚ ਹੋਈ ਅਤੇ ਟਾਈਟਲਰ ਨੂੰ ਫਿਰ ਬਚਾਇਆ ਗਿਆ। ਅੰਤ ਵਿੱਚ, ਦਸੰਬਰ 2015 ਵਿੱਚ, ਅਦਾਲਤ ਨੇ ਸੀਬੀਆਈ ਨੂੰ ਇਸ ਕੇਸ ਦੀ ਹੋਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ, ਇਹ ਕਿਹਾ ਕਿ ਉਹ ਹਰ ਦੋ ਮਹੀਨਿਆਂ ਵਿੱਚ ਜਾਂਚ ਦੀ ਨਿਗਰਾਨੀ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪਹਿਲੂ ਦੀ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸੀਬੀਆਈ ਨੂੰ ਉਨ੍ਹਾਂ ਸਾਰੇ ਗਵਾਹਾਂ ਦੇ ਬਿਆਨ ਦਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸਿਆ ਅਤੇ ਟਾਈਟਲਰ ਨੂੰ ਦੰਗੇ ਭੜਕਾਉਂਦੇ ਦੇਖਿਆ। ਜਿਨ੍ਹਾਂ ਗਵਾਹਾਂ ਨੇ ਸੀਬੀਆਈ ਕੋਲ ਆਪਣੀ ਗਵਾਹੀ ਦਰਜ ਕਰਵਾਉਣ ਲਈ ਪਹੁੰਚ ਕੀਤੀ ਸੀ, ਉਨ੍ਹਾਂ ਦੇ ਬਿਆਨ ਵੀ ਲਏ ਜਾਣ। ਇਸ ਤੋਂ ਬਾਅਦ ਸੀਬੀਆਈ ਨੇ ਇੱਕ ਹੋਰ ਜਾਂਚ ਕੀਤੀ ਅਤੇ ਚਾਰਜਸ਼ੀਟ ਵਿੱਚ ਟਾਈਟਲਰ ਦਾ ਨਾਮ ਲਿਆ।
ਲਖਵਿੰਦਰ ਕੌਰ ਨੇ ਦਿੱਤੀ ਸੀ ਪਹਿਲੀ ਗਵਾਹੀ
ਮੀਡੀਆ ਰਿਪੋਰਟਾਂ ਮੁਤਾਬਕ ਟਾਈਟਲਰ ਖਿਲਾਫ ਪਹਿਲੀ ਗਵਾਹੀ ਦੰਗਾ ਪੀੜਤ ਲਖਵਿੰਦਰ ਕੌਰ ਨੇ ਦਿੱਤੀ ਹੈ। ਕੌਰ ਵੀ ਇਸ ਮਾਮਲੇ ਵਿੱਚ ਪਟੀਸ਼ਨਰ ਹੈ। ਕੌਰ ਦਾ ਪਤੀ ਬਾਦਲ ਸਿੰਘ ਪੁਲ ਬੰਗਸ਼ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਇੱਕ ਸੀ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਕੌਰ ਦੀ ਗਵਾਹੀ ਚਾਰਜਸ਼ੀਟ ਲਈ ਅਹਿਮ ਹੈ। ਕੌਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਸ ਦਾ ਪਤੀ ਕੀਰਤਨ ਕਰਨ ਲਈ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਪਰ ਉੱਥੇ ਹੀ ਉਸ ਦੀ ਮੌਤ ਹੋ ਗਈ।
ਸੀਬੀਆਈ ਨੇ ਗ੍ਰੰਥੀ ਦੇ ਬਿਆਨ ਦਾ ਦਿੱਤਾ ਹਵਾਲਾ
ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਗੁਰਦੁਆਰੇ ਦੇ ਤਤਕਾਲੀ ਗ੍ਰੰਥੀ ਸੁਰਿੰਦਰ ਸਿੰਘ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਹੈ। ਸੁਰਿੰਦਰ ਨੇ ਆਪਣੇ ਪਹਿਲਾਂ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਭੀੜ ਨੇ ਰਾਗੀ ਬਾਦਲ ਸਿੰਘ, ਇੱਕ ਸਿੱਖ ਪੁਲਿਸ ਇੰਸਪੈਕਟਰ ਠਾਕੁਰ ਸਿੰਘ ਅਤੇ ਇੱਕ ਸਿੱਖ ਸੇਵਕ ਦੇ ਦੁਆਲੇ ਟਾਇਰ ਪਾ ਕੇ ਅੱਗ ਲਗਾ ਦਿੱਤੀ। ਇਹ ਘਟਨਾ ਸਵੇਰੇ 9 ਤੋਂ 11 ਵਜੇ ਦੇ ਦਰਮਿਆਨ ਵਾਪਰੀ ਅਤੇ ਜਦੋਂ ਕਤਲੇਆਮ ਹੋ ਰਿਹਾ ਸੀ ਤਾਂ ਟਾਈਟਲਰ ਉੱਥੇ ਮੌਜੂਦ ਸੀ। ਹਾਲਾਂਕਿ ਟਾਈਟਲਰ ਨੇ ਆਪਣੇ ਬਚਾਅ ਵਿੱਚ ਦਲੀਲ ਦਿੱਤੀ ਹੈ ਕਿ ਉਹ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ 1 ਨਵੰਬਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਤੀਨ ਮੂਰਤੀ ਭਵਨ ਵਿੱਚ ਸੀ।
ਤੀਜੇ ਗਵਾਹ ਜਸਬੀਰ ਸਿੰਘ ਦਾ ਹੈ ਇਹ ਬਿਆਨ
ਜਸਬੀਰ ਸਿੰਘ ਟਾਈਟਲਰ ਖਿਲਾਫ ਤੀਜਾ ਗਵਾਹ ਹੈ। ਸਿੰਘ ਦਾ ਕਹਿਣਾ ਹੈ ਕਿ 3 ਨਵੰਬਰ 1984 ਨੂੰ ਉਸ ਨੇ ਟਾਈਟਲਰ ਨੂੰ ਆਪਣੇ ਬੰਦਿਆਂ ਨਾਲ ਗੱਲ ਕਰਦੇ ਸੁਣਿਆ ਸੀ। ਜਿਸ ਵਿੱਚ ਟਾਈਟਲਰ ਆਪਣੇ ਸਮਰਥਕਾਂ ਨੂੰ ਗੁਰਦੁਆਰੇ ਵਿੱਚ ਤਿੰਨ ਸਿੱਖਾਂ ਦੇ ਕਤਲ ਲਈ ਤਾੜਨਾ ਕਰ ਰਿਹਾ ਸੀ। ਕੈਲੀਫੋਰਨੀਆ ਵਾਸੀ ਜਸਬੀਰ ਸਿੰਘ ਨੂੰ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸੀਬੀਆਈ ਨੇ ਉਸ ਦਾ ਬਿਆਨ ਦਰਜ ਕਰ ਲਿਆ।
ਤਿੰਨ ਹਜਾਰ ਦੇ ਕਰੀਬ ਮਾਰੇ ਗਏ ਸਨ ਲੋਕ
1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕੇ ਸਨ। ਪੰਜਾਬ ਵਿੱਚ ਸਿੱਖ ਅੱਤਵਾਦ ਨੂੰ ਦਬਾਉਣ ਲਈ ਇੰਦਰਾ ਗਾਂਧੀ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਾਕਾ ਨੀਲਾ ਤਾਰਾ ਕੀਤਾ ਸੀ, ਜਿਸ ਵਿੱਚ ਅੱਤਵਾਦੀ ਭਿੰਡਰਾਂਵਾਲਾ ਸਮੇਤ ਕਈ ਲੋਕ ਮਾਰੇ ਗਏ ਸਨ। ਇਸ ਘਟਨਾ ਤੋਂ ਸਿੱਖ ਗੁੱਸੇ ਵਿਚ ਸਨ।
ਕੁਝ ਦਿਨਾਂ ਬਾਅਦ ਇੰਦਰਾ ਗਾਂਧੀ ਨੂੰ ਉਸ ਦੇ ਹੀ ਸਿੱਖ ਅੰਗ ਰੱਖਿਅਕਾਂ ਨੇ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਦੇਸ਼ ਭਰ ਵਿਚ ਸਿੱਖ ਵਿਰੋਧੀ ਦੰਗੇ ਸ਼ੁਰੂ ਹੋ ਗਏ ਸਨ, ਜਿਸ ਦਾ ਸਭ ਤੋਂ ਵੱਧ ਅਸਰ ਦਿੱਲੀ ਅਤੇ ਪੰਜਾਬ ਵਿਚ ਦੇਖਣ ਨੂੰ ਮਿਲਿਆ ਸੀ। ਦੰਗਿਆਂ ਦੌਰਾਨ ਸਾਢੇ ਤਿੰਨ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ।