ਏਅਰਫੋਰਸ ਨੂੰ ਮਿਲਿਆ ਨਵਾਂ ਵਾਈਸ ਚੀਫ, ਕੌਣ ਹਨ ਆਸ਼ੂਤੋਸ਼ ਦੀਕਸ਼ਿਤ, ਜਿਨ੍ਹਾਂ ਨੂੰ ਸੌਂਪੀ ਗਈ ਜਿੰਮੇਦਾਰੀ?

Updated On: 

05 Jun 2026 15:26 PM IST

IAF New Vice Chief : ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਸੈਨਾ ਦਾ ਅਗਲਾ ਵਾਈਸ ਚੀਫ ਨਿਯੁਕਤ ਕੀਤਾ ਗਿਆ ਹੈ। ਉਹ 1 ਜੁਲਾਈ ਨੂੰ ਅਹੁਦਾ ਸੰਭਾਲਣਗੇ। ਦੀਕਸ਼ਿਤ ਇੱਕ ਬੇਹਰਤਰੀਨ ਫਾਈਟਰ ਅਤੇ ਟੈਸਟ ਪਾਇਲਟ ਹਨ ਜਿਨ੍ਹਾਂ ਕੋਲ ਮਿਰਾਜ-2000 ਸਮੇਤ 20 ਤੋਂ ਵੱਧ ਜਹਾਜ਼ਾਂ 'ਤੇ 3,300 ਘੰਟਿਆਂ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਲਈ ਕਈ ਮੁੱਖ ਸਵਦੇਸ਼ੀ ਅਪਗ੍ਰੇਡ ਅਤੇ MMRCA ਟ੍ਰਾਇਲਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਏਅਰਫੋਰਸ ਨੂੰ ਮਿਲਿਆ ਨਵਾਂ ਵਾਈਸ ਚੀਫ, ਕੌਣ ਹਨ ਆਸ਼ੂਤੋਸ਼ ਦੀਕਸ਼ਿਤ, ਜਿਨ੍ਹਾਂ ਨੂੰ ਸੌਂਪੀ ਗਈ ਜਿੰਮੇਦਾਰੀ?

ਬੇਹਤਰੀਨ ਫਾਈਟਰ ਅਤੇ ਟੈਸਟ ਪਾਇਲਟ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਦੇਸ਼ ਦਾ ਅਗਲਾ ਵਾਈਸ ਚੀਫ ਆਫ ਏਅਰ ਸਟਾਫ ਨਿਯੁਕਤ ਕੀਤਾ ਗਿਆ ਹੈ। ਆਸ਼ੂਤੋਸ਼ ਦੀਕਸ਼ਿਤ 1 ਜੁਲਾਈ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ। ਏਅਰ ਮਾਰਸ਼ਲ ਨੂੰ 6 ਦਸੰਬਰ, 1986 ਨੂੰ ਭਾਰਤੀ ਹਵਾਈ ਸੈਨਾ ਦੇ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ (ਬੰਗਲਾਦੇਸ਼), ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ।

ਉਹ ਇੱਕ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਅਤੇ ਐਕਸਪੈਰਿਮੈਂਟਲ ਟੈਸਟ ਪਾਇਲਟ ਹਨ ਜਿਨ੍ਹਾਂ ਨੂੰ ਮਿਰਾਜ-2000, ਮਿਗ-21 ਅਤੇ ਜੈਗੁਆਰ ਸਮੇਤ 20 ਤੋਂ ਵੱਧ ਕਿਸਮਾਂ ਦੇ ਜਹਾਜ਼ਾਂ ‘ਤੇ 3,300 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ। ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਦੱਖਣੀ ਸੈਕਟਰ ਵਿੱਚ ਇੱਕ ਮੁੱਖ ਫਾਈਟਰ ਟ੍ਰੇਨਿੰਗ ਬੇਸ ਦੀ ਕਮਾਂਡ ਵੀ ਸਾਂਭਿੀ। ਉਨ੍ਹਾਂ ਦੀ ਅਗਵਾਈ ਹੇਠ, ਬੇਸ ਨੂੰ ਕਮਾਂਡ ਵਿੱਚ ਸਭ ਤੋਂ ਵਧੀਆ ਬੇਸ ਘੋਸ਼ਿਤ ਕੀਤਾ ਗਿਆ ਸੀ।

ਟੈਸਟ ਪਾਇਲਟ ਤੇ ਤੌਰ ਤੇ ਕੀਤਾ ਕੰਮ

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਏਅਰਕ੍ਰਾਫਟ ਐਂਡ ਸਿਸਟਮ ਟੈਸਟਿੰਗ ਐਸਟੈਬਲਿਸ਼ਮੈਂਟ, ਬੰਗਲੌਰ ਵਿੱਚ ਇੱਕ ਟੈਸਟ ਪਾਇਲਟ ਵਜੋਂ ਸੇਵਾ ਨਿਭਾਈ। ਬਾਅਦ ਵਿੱਚ, ਇੱਕ ਫਲਾਈਟ ਟੈਸਟ ਸਕੁਐਡਰਨ ਦੇ ਕਮਾਂਡਿੰਗ ਅਫਸਰ ਵਜੋਂ, ਉਹ ਕਈ ਸਵਦੇਸ਼ੀ ਅਪਗ੍ਰੇਡ ਅਤੇ ਵਿਕਾਸ ਪ੍ਰੋਗਰਾਮਾਂ ਵਿੱਚ ਸ਼ਾਮਲ ਰਹੇ, ਜਿਸ ਵਿੱਚ ਜੈਗੁਆਰ ਅਤੇ ਮਿਗ-27 ਲਈ ਐਵੀਓਨਿਕਸ ਅਪਗ੍ਰੇਡ ਸ਼ਾਮਲ ਸਨ। ਏਅਰ ਸਟਾਫ ਰਿਕਵਾਇਰਮੈਂਟਸ ਦੇ ਡਾਇਰੈਕਟਰ ਵਜੋਂ, ਉਨ੍ਹਾਂ ਨੇ ਮੀਡੀਅਮ ਮਲਟੀ-ਰੋਲ ਕੰਬੈਟ ਏਅਰਕ੍ਰਾਫਟ ਦੇ ਟ੍ਰਾਇਲ ਦੀ ਪਲਾਨਿੰਗ ਅਤੇ ਸੰਚਾਲਨ ਵਿੱਚ ਮੁੱਖ ਭੂਮਿਕਾ ਨਿਭਾਈ।

ਵਿੰਗ ਕਮਾਂਡਰ ਦੀਕਸ਼ਿਤ ਨੇ ਆਪਣੀ ਮਿਸਾਲੀ ਅਗਵਾਈ ਹੇਠ 15 ਦਸੰਬਰ, 2004 ਅਤੇ 31 ਮਾਰਚ, 2005 ਦੇ ਵਿਚਕਾਰ ਸਫਲਤਾਪੂਰਵਕ 500 ਘੰਟੇ ਉਡਾਣ ਭਰੀ। ਉਨ੍ਹਾਂ ਨੇ ਫਰਾਂਸ ਤੋਂ 10 ਨਵੇਂ ਮਿਰਾਜ-2000 ਜਹਾਜ਼ਾਂ ਦੀ ਕਲੀਅਰੈਂਸ ਅਤੇ ਸੁਰੱਖਿਅਤ ਫੈਰੀ ਦਾ ਸੰਚਾਲਨ ਕੀਤਾ। ਨਾਲ ਹੀ ਮਿਰਾਜ ਮਿਸ਼ਨ ਪ੍ਰਿਪਰੇਸ਼ਨ ਸਿਸਟਮ (MIPSY) ਵਿੱਚ ਵੀ ਸੁਧਾਰ ਕਰਕੇ ਐਕਸਰਸਾਈਜ ਗੋਲਡਨ ਈਗਲ ਅਤੇ ਹੋਰ ਮਿਸ਼ਨਾਂ ਵਿੱਚ ਸਫਲਤਾਪੂਰਵਕ ਇਸਤੇਮਾਲ ਕੀਤਾ। ਉਹ ਇੱਕ ਕੁਸ਼ਲ ਕਮਾਂਡਰ ਅਤੇ ਤਕਨਾਲੋਜੀ ਮਾਹਰ ਹੈ।

ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਕੀਤਾ ਜਾ ਚੁੱਕਿਆ ਹੈ ਸਨਮਾਨਿਤ

ਗਰੁੱਪ ਕੈਪਟਨ ਆਸ਼ੂਤੋਸ਼ ਦੀਕਸ਼ਿਤ ਨੂੰ ਮਿਰਾਜ-2000 ਸਕੁਐਡਰਨ ਨੂੰ ਬੈਸਟ ਬਣਾਉਣ ਅਤੇ ਜੈਗੁਆਰ ਅਤੇ ਮਿਗ-27 ਲਈ ਸਵਦੇਸ਼ੀ ਅਪਗ੍ਰੇਡ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵਿਸ਼ਿਸ਼ਟ ਸੇਵਾ ਮੈਡਲ (VSM) ਨਾਲ ਸਨਮਾਨਿਤ ਕੀਤਾ ਗਿਆ। MMRCA ਪ੍ਰੋਜੈਕਟ ਦੇ ਡਾਇਰੈਕਟਰ ਦੇ ਤੌਰ ‘ਤੇ, ਉਨ੍ਹਾਂ ਨੇ ਪਾਰਦਰਸ਼ੀ ਢੰਗ ਨਾਲ ਅਤੇ ਰਿਕਾਰਡ ਸਮੇਂ ਵਿੱਚ ਛੇ ਵਿਦੇਸ਼ੀ ਲੜਾਕੂ ਜਹਾਜ਼ਾਂ ਦੇ ਗੁੰਝਲਦਾਰ ਫੀਲਡ ਟਰਾਇਲਾਂ ਨੂੰ ਪੂਰਾ ਕਰਕੇ IAF ਦੀ ਸੰਚਾਲਨ ਸਮਰੱਥਾ ਵਿੱਚ ਯੋਗਦਾਨ ਪਾਇਆ।

Follow Us