ਅਲ ਨੀਨੋ ਦੇ ਖ਼ਤਰੇ ਨੂੰ ਲੈ ਕੇ ਕੇਂਦਰ ਸਰਕਾਰ ਸਖ਼ਤ, ਬਣਾਇਆ ਐਕਸ਼ਨ ਪਲਾਨ… ਮੌਸਮ ਅਤੇ ਫਸਲਾਂ ‘ਤੇ ਰੱਖੀ ਜਾਵੇਗੀ ਨਜ਼ਰ
El Nino Alert in India: ਕੇਂਦਰ ਸਰਕਾਰ ਅਲ ਨੀਨੋ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਤਿਆਰ ਹੈ। ਇਸ ਦੇ ਲਈ, ਸਰਕਾਰ ਨੇ ਐਕਸ਼ਨ ਪਲਾਨ ਬਣਾਇਆ ਹੈ। ਇਸ ਰਾਹੀਂ, ਫਸਲਾਂ ਅਤੇ ਮਾਨਸੂਨ ਦੇ ਮੌਸਮ 'ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਵੱਖ- ਵੱਖ ਗਰੁੱਪ ਬਣਾਏ ਗਏ ਹਨ। ਜਾਣੋ ਕੀ ਹਨ ਸਰਕਾਰ ਦੀਆਂ ਤਿਆਰੀਆਂ ...
ਕੇਂਦਰ ਸਰਕਾਰ ਅਲ ਨੀਨੋ ਦੇ ਸੰਭਾਵੀ ਖਤਰਿਆਂ ਅਤੇ ਮਾਨਸੂਨ ‘ਤੇ ਇਸਦੇ ਮਾੜੇ ਅਸਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਅਲਰਟ ਮੋਡ ਤੇ ਹੈ। ਸਰਕਾਰ ਨੇ ਕਮਰ ਕੱਸ ਲਈ ਹੈ। ਕੰਟੀਜੈਂਸੀ ਪਲਾਨ ਦੇ ਨਾਲ, ਇੱਕ ਕ੍ਰਾਈਸਿਸ ਮੈਨੇਜਮੈਂਟ ਗਰੁੱਪ ਬਣਾਇਆ ਗਿਆ ਹੈ, ਨਾਲ ਹੀ ਫਸਲਾਂ ਅਤੇ ਮੌਸਮ ਦੀ ਨਿਗਰਾਨੀ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।
ਕੀ ਹੈ ਸਰਕਾਰ ਦੀ ਤਿਆਰੀ?
ਮੌਨਸੂਨ ਦੀ ਬਾਰਿਸ਼ ਵਿੱਚ ਕਮੀ ਦੀ ਭਵਿੱਖਬਾਣੀ ਦਾ ਕਾਰਨ ਅਲ ਨੀਨੋ ਹੈ, ਜਿਸਦੇ ਚਲਦਿਆਂ ਸਰਕਾਰ ਨੇ ਇੱਕ ਕ੍ਰਾਈਸਿਸ ਮੈਨੇਜਮੇਂਟ ਗਰੁੱਪ ਬਣਾਏ ਹਨ। ਇਸ ਗਰੁੱਪ ਵਿੱਚ ਆਫ਼ਤ ਪ੍ਰਬੰਧਨ ਅਤੇ ਰਾਜਾਂ ਦੇ ਅਧਿਕਾਰੀ ਸ਼ਾਮਲ ਹਨ। ਮੌਸਮ ਅਤੇ ਫਸਲਾਂ ਦੀ ਨਿਗਰਾਨੀ ਲਈ ਵੈਦਰ ਵਾਚ ਗਰੁੱਪ ਹਨ, ਜੋ ਹਰ ਹਫਤੇ ਮੁਲਾਕਾਤ ਕਰਕੇ ਹਾਲਾਤ ਤੇ ਨਿਗਰਾਨੀ ਕਰਕੇ ਰਿਪੋਰਟ ਤਿਆਰ ਕਰਨਗੇ। ਇਸ ਤੋਂ ਇਲਾਵਾ, ਮੌਸਮ, ਬਿਜਾਈ, ਬੀਜ ਦੀ ਉਪਲਬਧਤਾ ਅਤੇ ਜਲ ਭੰਡਾਰਾਂ ਵਿੱਚ ਪਾਣੀ ਦੀ ਉਪਲਬਧਤਾ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲ ਹੀ ਵਿੱਚ ਉੱਚ-ਪੱਧਰੀ ਸਮੀਖਿਆ ਮੀਟਿੰਗਾਂ ਕਰਕੇ ਰਾਜਾਂ ਨੂੰ ਜ਼ਿਲ੍ਹਾ-ਪੱਧਰੀ ਸੰਕਟਕਾਲੀਨ ਯੋਜਨਾਵਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਹ ਨਿਰਦੇਸ਼ ਭਾਰਤੀ ਮੌਸਮ ਵਿਭਾਗ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੁਆਰਾ ਮਾਨਸੂਨ ਦੇ ਪ੍ਰਭਾਵਿਤ (ਘੱਟ ਬਾਰਿਸ਼ ਹੋਣਾ) ਦੀ ਭਵਿੱਖਬਾਣੀ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਸਨ, ਜਿਸ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵੱਖ-ਵੱਖ ਰਣਨੀਤੀਆਂ ‘ਤੇ ਕੰਮ ਕਰਨਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।
ਦੇਸ਼ ਭਰ ਦੇ 240 ਤੋਂ ਵੱਧ ਜ਼ਿਲ੍ਹਿਆਂ ਲਈ ਕੰਟੀਜੈਂਸੀ ਪਲਾਨ ਲਾਗੂ ਕੀਤੀਆਂ ਗਈਆਂ ਹਨ। ਰਾਸ਼ਟਰੀ ਬੀਜ ਰਿਜ਼ਰਵ ਵਿੱਚ ਵਾਧੂ ਭੰਡਾਰ ਬਣਾਈ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸਾਨਾਂ ਨੂੰ ਸਮੇਂ-ਸਮੇਂ ਤੇ ਮਾਨਸੂਨ ਅਪਡੇਟਸ ਅਤੇ ਸੋਕਾ-ਰੋਧਕ ਫਸਲਾਂ ਦੀ ਕਾਸ਼ਤ ਬਾਰੇ ਵੀ ਸਲਾਹ ਦਿੱਤੀ ਗਈ ਹੈ।
ਕੀ ਹੈ ਐਕਸ਼ਨ ਪਲਾਨ?
- ਘੱਟ ਪਾਣੀ ਵਾਲੇ ਬੀਜਾਂ ਦੀ ਵੰਡ: ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸੋਕਾ-ਸਹਿਣਸ਼ੀਲ ਅਤੇ ਘੱਟ-ਸਮੇਂ ਵਿੱਚ ਤਿਆਰ ਹੋਣ ਵਾਲੀਆਂ ਫਸਲਾਂ ਦੇ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
- ਫਸਲ ਨਿਗਰਾਨੀ ਸਮੂਹ: ਫਸਲ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨ ਲਈ ਵਿਸ਼ੇਸ਼ ਫਸਲ ਨਿਗਰਾਨੀ ਸਮੂਹ ਬਣਾਏ ਗਏ ਹਨ।
- ਬਦਲਵੀਂ ਫਸਲ ਯੋਜਨਾ: ਜੇਕਰ ਮੁੱਖ ਸਾਉਣੀ ਫਸਲ (ਜਿਵੇਂ ਕਿ ਝੋਨਾ) ਦੀ ਬਿਜਾਈ ਵਿੱਚ ਦੇਰੀ ਹੁੰਦੀ ਹੈ, ਤਾਂ ਕਿਸਾਨਾਂ ਨੂੰ ਜ਼ਿਲ੍ਹਾ ਪੱਧਰ ‘ਤੇ ਬਦਲਵੀਆਂ ਫਸਲਾਂ ਉਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
- ਕੀੜਿਆਂ ਤੋਂ ਬਚਾਅ: ਮੌਸਮ ਵਿੱਚ ਬਦਲਾਅ ਕਾਰਨ ਫਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੇ ਵਧਣ ਦੇ ਖਦਸ਼ੇ ਨੂੰ ਹੱਲ ਕਰਨ ਲਈ ਅਗਾਉਂ ਦਵਾਈਆਂ ਅਤੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ।
ਪਾਣੀ ਅਤੇ ਸਰੋਤ ਪ੍ਰਬੰਧਨ
- ਮਿੱਟੀ ਦੀ ਨਮੀ ਦੀ ਸੰਭਾਲ: ਪੇਂਡੂ ਵਿਕਾਸ ਏਜੰਸੀਆਂ ਨੂੰ ਖੇਤਾਂ ਦੇ ਤਲਾਬਾਂ ਅਤੇ ਸਥਾਨਕ ਉਪਾਵਾਂ ਰਾਹੀਂ ਮਿੱਟੀ ਦੀ ਨਮੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
- ਜਲ ਭੰਡਾਰਾਂ ਦੀ ਵਿਗਿਆਨਕ ਵਰਤੋਂ: ਜਿੱਥੇ ਡੈਮਾਂ ਜਾਂ ਜਲ ਭੰਡਾਰਾਂ ਵਿੱਚ ਪਾਣੀ ਉਪਲਬਧ ਹੈ, ਉੱਥੇ ਫਸਲਾਂ ਦੀ ਸੁਰੱਖਿਆ ਲਈ ਇਸਦੀ ਵਰਤੋਂ ਸੰਤੁਲਿਤ ਅਤੇ ਤਰਜੀਹੀ ਢੰਗ ਨਾਲ ਕੀਤੀ ਜਾਵੇਗੀ।
ਭਾਰਤ ‘ਤੇ ਅਲ ਨੀਨੋ ਦਾ ਕੀ ਅਸਰ ਪੈਂਦਾ ਹੈ?
ਦੱਸ ਦੇਈਏ ਕਿ ਅਲ ਨੀਨੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਕੁਝ ਥਾਵਾਂ ‘ਤੇ ਸੋਕਾ ਪੈਂਦਾ ਹੈ, ਜਦੋਂ ਕਿ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੁੰਦੀ ਹੈ। ਕੁਝ ਥਾਵਾਂ ‘ਤੇ ਗਰਮੀ ਵਧਦੀ ਹੈ ਅਤੇ ਕੁਝ ਥਾਵਾਂ ‘ਤੇ ਠੰਡ ਘੱਟ ਜਾਂਦੀ ਹੈ। ਇਸਦਾ ਮਤਲਬ ਹੈ ਕਿ ਮੌਸਮ ਦਾ ਸੰਤੁਲਨ ਵਿਗੜਦਾ ਹੈ। ਭਾਰਤ ਵਿੱਚ, ਅਲ ਨੀਨੋ ਖਾਸ ਤੌਰ ‘ਤੇ ਮਾਨਸੂਨ ਨੂੰ ਪ੍ਰਭਾਵਿਤ ਕਰਦਾ ਹੈ। ਮਾਨਸੂਨ ਭਾਰਤ ਦੀ ਖੇਤੀਬਾੜੀ ਅਤੇ ਪਾਣੀ ਦੀਆਂ ਜ਼ਰੂਰਤਾਂ ਲਈ ਮਹੱਤਵਪੂਰਨ ਹੁੰਦਾ ਹੈ। ਅਲ ਨੀਨੋ ਦੌਰਾਨ, ਮਾਨਸੂਨ ਅਕਸਰ ਕਮਜ਼ੋਰ ਹੋ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਘੱਟ ਬਾਰਿਸ਼ ਹੁੰਦੀ ਹੈ। ਇਸ ਨਾਲ ਸੋਕੇ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਖੇਤਾਂ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਅਤੇ ਪਾਣੀ ਦੀ ਕਮੀ ਹੋ ਸਕਦੀ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ, ਸਰਕਾਰ ਨੇ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਹੈ। ਫਸਲਾਂ ਅਤੇ ਮੌਸਮ ਦੀ ਨਿਗਰਾਨੀ ਲਈ ਕ੍ਰਾਈਸਿਸ ਮੈਨੇਜਮੈਂਟ ਗਰੁੱਪ ਅਤੇ ਫਸਲਾਂ ਦੀ ਨਿਗਰਾਨੀ ਲਈ ਵੀ ਗਰੁੱਪ ਬਣਾਏ ਗਏ ਹਨ।
