ਈਰਾਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ, ਭਾਰਤ ਨੇ ਲਾਂਚ ਕੀਤਾ ਆਪ੍ਰੇਸ਼ਨ ਸਿੰਧੂ
Operation Sindhu: ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਦੇ ਵਿਚਕਾਰ ਭਾਰਤ ਨੇ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ। ਇਸ ਕਾਰਵਾਈ ਦੇ ਤਹਿਤ, 110 ਭਾਰਤੀ ਵਿਦਿਆਰਥੀਆਂ ਨੂੰ ਈਰਾਨ ਤੋਂ ਸੁਰੱਖਿਅਤ ਕੱਢਿਆ ਗਿਆ ਅਤੇ ਅਰਮੇਨੀਆ ਲਿਜਾਇਆ ਗਿਆ। ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਤੇ ਪੁਰੀ ਦੁਨੀਆ ਦੀ ਨਜ਼ਰ ਹੈ। ਇਸ ਸੰਕਟ ਦੇ ਵਿਚਕਾਰ ਭਾਰਤੀ ਸਰਕਾਰ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਲਈ ਤੁਰੰਤ ਕਦਮ ਚੁੱਕੇ ਹਨ। ਭਾਰਤ ਨੇ ਈਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਉਦੇਸ਼ ਨਾਲ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਕਾਰਵਾਈ ਦੇ ਪਹਿਲੇ ਪੜਾਅ ਵਿੱਚ, 17 ਜੂਨ ਨੂੰ, 110 ਭਾਰਤੀ ਵਿਦਿਆਰਥੀਆਂ ਨੂੰ ਈਰਾਨ ਦੇ ਉੱਤਰੀ ਹਿੱਸੇ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਭਾਰਤੀ ਦੂਤਾਵਾਸ ਦੀ ਨਿਗਰਾਨੀ ਹੇਠ, ਇਹ ਵਿਦਿਆਰਥੀ ਸੜਕ ਰਾਹੀਂ ਅਰਮੇਨੀਆ ਦੀ ਰਾਜਧਾਨੀ ਯੇਰੇਵਨ ਪਹੁੰਚੇ। ਇਸ ਤੋਂ ਬਾਅਦ, 18 ਜੂਨ ਨੂੰ ਦੁਪਹਿਰ 2:55 ਵਜੇ, ਇੱਕ ਵਿਸ਼ੇਸ਼ ਜਹਾਜ਼ ਯੇਰੇਵਨ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਇਆ, ਜੋ 19 ਜੂਨ ਦੀ ਸਵੇਰ ਨੂੰ ਭਾਰਤ ਪਹੁੰਚੇਗਾ।
ਹਰ ਨਾਗਰਿਕ ਸਾਡੇ ਲਈ ਮਹੱਤਵਪੂਰਨ: ਵਿਦੇਸ਼ ਮੰਤਰਾਲਾ
ਭਾਰਤ ਸਰਕਾਰ ਨੇ ਇਸ ਸਫਲ ਮਿਸ਼ਨ ਲਈ ਈਰਾਨ ਅਤੇ ਅਰਮੇਨੀਆ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ‘ਭਾਰਤ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਭਾਰਤੀ ਸੁਰੱਖਿਅਤ ਘਰ ਵਾਪਸ ਆ ਸਕਣ।’
ਤਹਿਰਾਨ ਵਿੱਚ ਭਾਰਤੀ ਦੂਤਾਵਾਸ ਭਾਰਤੀ ਨਾਗਰਿਕਾਂ ਦੀ ਲਗਾਤਾਰ ਮਦਦ ਕਰ ਰਿਹਾ ਹੈ। ਦੂਤਾਵਾਸ ਸੰਘਰਸ਼ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਿਹਾ ਹੈ ਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਦੇ ਪ੍ਰਬੰਧ ਕਰ ਰਿਹਾ ਹੈ। ਇਸ ਦੇ ਲਈ ਦੂਤਾਵਾਸ ਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ 24×7 ਕੰਟਰੋਲ ਰੂਮ ਸਥਾਪਤ ਕੀਤਾ ਹੈ। ਜੋ ਭਾਰਤੀਆਂ ਦੀ ਮਦਦ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਈਰਾਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਦੂਤਾਵਾਸ ਹੈਲਪਲਾਈਨ ਜਾਂ ਨਵੀਂ ਦਿੱਲੀ ਸਥਿਤ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਗਈ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕੀ ਹੈ ਪੂਰਾ ਮਾਮਲਾ?
ਈਰਾਨ-ਇਜ਼ਰਾਈਲ ਟਕਰਾਅ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ, ਇਜ਼ਰਾਈਲ ਨੇ ਈਰਾਨ ਦੇ ਅੰਦਰ ਕਈ ਗੁਪਤ ਹਮਲੇ ਕੀਤੇ ਸਨ। ਇਸ ਵਿੱਚ 2020 ਵਿੱਚ ਈਰਾਨੀ ਪ੍ਰਮਾਣੂ ਪ੍ਰੋਗਰਾਮ ਦੇ ਪਿਤਾ ਮੋਹਸੇਨ ਫਖਰੀਜ਼ਾਦੇਹ ਦੀ ਹੱਤਿਆ ਵੀ ਸ਼ਾਮਲ ਹੈ। ਇਸ ਨੇ ਅਪ੍ਰੈਲ 2024 ਵਿੱਚ ਦਮਿਸ਼ਕ ਵਿੱਚ ਈਰਾਨੀ ਦੂਤਾਵਾਸ ‘ਤੇ ਬੰਬ ਧਮਾਕੇ ਨਾਲ ਯੁੱਧ ਨੂੰ ਸਿੱਧਾ ਈਰਾਨ ਵਿੱਚ ਲਿਆਂਦਾ। ਇਸ ਸਮੇਂ ਦੌਰਾਨ ਇਜ਼ਰਾਈਲ ਨੇ ਦਲੀਲ ਦਿੱਤੀ ਕਿ ਈਰਾਨ ਦੇ ਪ੍ਰਮਾਣੂ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਉਸ ਲਈ ‘ਹੋਂਦ ਦਾ ਖ਼ਤਰਾ’ ਸਨ।
ਇਹ ਵੀ ਪੜ੍ਹੋ
13 ਜੂਨ ਨੂੰ ਇਜ਼ਰਾਈਲ ਨੇ ਈਰਾਨ ਵਿੱਚ ਇੱਕ ਵੱਡਾ ਹਮਲਾ ਕੀਤਾ। ਇਸ ਵਿੱਚ ਦੇਸ਼ ਦੇ ਪ੍ਰਮਾਣੂ ਟਿਕਾਣਿਆਂ, ਬੈਲਿਸਟਿਕ ਮਿਜ਼ਾਈਲ ਸਾਈਟਾਂ, ਇਸ ਦੇ ਚੋਟੀ ਦੇ ਜਨਰਲਾਂ ਦੇ ਨਿਵਾਸ ਸਥਾਨਾਂ ਅਤੇ 2 ਦਰਜਨ ਤੋਂ ਵੱਧ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਈਲੀ ਹਮਲਾ, ਜੋ ਘੰਟਿਆਂ ਤੱਕ ਚੱਲਿਆ, ਇਨਕਲਾਬ ਤੋਂ ਬਾਅਦ ਇਸਲਾਮੀ ਗਣਰਾਜ ਲਈ ਸਭ ਤੋਂ ਵੱਡਾ ਫੌਜੀ ਝਟਕਾ ਹੈ। ਇਸ ਤੋਂ ਬਾਅਦ ਈਰਾਨ ਨੇ ਵੀ ਇਜ਼ਰਾਈਲੀ ਫੌਜੀ ਠਿਕਾਣਿਆਂ ‘ਤੇ ਹਮਲਾ ਕਰਕੇ ਹਮਲਿਆਂ ਦਾ ਜਵਾਬ ਦਿੱਤਾ।