245 ਸੜਕਾਂ ਬੰਦ, 85 ਮੌਤਾਂ, ਹਿਮਾਚਲ ‘ਚ ਮੀਂਹ ਤੇ ਜ਼ਮੀਨ ਖਿਸਕਣ ਨਾਲ ਤਬਾਹੀ

tv9-punjabi
Published: 

11 Jul 2025 00:06 AM

Himachal pradesh Rain: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਵਿਆਪਕ ਤਬਾਹੀ ਮਚਾਈ ਹੈ। 245 ਤੋਂ ਵੱਧ ਸੜਕਾਂ ਬੰਦ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਰਾਜਮਾਰਗ-3 ਦਾ ਮੰਡੀ-ਧਰਮਪੁਰ ਭਾਗ ਵੀ ਸ਼ਾਮਲ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੁਣ ਤੱਕ 85 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।

245 ਸੜਕਾਂ ਬੰਦ, 85 ਮੌਤਾਂ, ਹਿਮਾਚਲ ਚ ਮੀਂਹ ਤੇ ਜ਼ਮੀਨ ਖਿਸਕਣ ਨਾਲ ਤਬਾਹੀ
Follow Us On

ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੇ ਬੱਦਲ ਫਟਣ ਕਾਰਨ ਰਾਸ਼ਟਰੀ ਰਾਜਮਾਰਗ-3 ਦੇ ਮੰਡੀ-ਧਰਮਪੁਰ ਭਾਗ ਸਮੇਤ 245 ਸੜਕਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਰਾਜਮਾਰਗ-3 ਪੰਜਾਬ ਦੇ ਅਟਾਰੀ ਨੂੰ ਲੱਦਾਖ ਦੇ ਲੇਹ ਨਾਲ ਜੋੜਦਾ ਹੈ। ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇਕੱਲੇ ਮੰਡੀ ਜ਼ਿਲ੍ਹੇ ‘ਚ 138 ਸੜਕਾਂ ਬੰਦ ਹਨ। ਕਈ ਇਲਾਕਿਆਂ ਵਿੱਚ ਮੀਂਹ ਕਾਰਨ ਟਰਾਂਸਫਾਰਮਰ ਖਰਾਬ ਹੋ ਗਏ ਹਨ ਤੇ 740 ਜਲ ਸਪਲਾਈ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ ਹਨ।

ਮੰਡੀ ਵਿੱਚ 30 ਜੂਨ ਤੋਂ 1 ਜੁਲਾਈ ਵਿਚਕਾਰ ਰਾਤ ਨੂੰ ਭਾਰੀ ਮੀਂਹ ਪਿਆ। ਇਸ ਸਮੇਂ ਦੌਰਾਨ, ਲਗਭਗ 10 ਥਾਵਾਂ ‘ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਹੁਣ ਤੱਕ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਵਿੱਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹੀਂ ਦਿਨੀਂ ਪੂਰਾ ਪਹਾੜੀ ਇਲਾਕਾ ਕੁਦਰਤੀ ਆਫ਼ਤ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੰਡੀ ਵਿੱਚ 138 ਸੜਕਾਂ ਬੰਦ ਹੋ ਗਈਆਂ ਹਨ, ਜਦੋਂ ਕਿ 124 ਟ੍ਰਾਂਸਫਾਰਮਰ ਖਰਾਬ ਹੋ ਗਏ ਹਨ ਅਤੇ 137 ਜਲ ਸਪਲਾਈ ਪ੍ਰੋਜੈਕਟ ਪ੍ਰਭਾਵਿਤ ਹੋਏ ਹਨ।

ਇਨ੍ਹਾਂ ਇਲਾਕਿਆਂ ਵਿੱਚ ਪਿਆ ਭਾਰੀ ਮੀਂਹ

ਵੀਰਵਾਰ ਸਵੇਰ ਤੱਕ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ ਰਾਜ ‘ਚ ਕੁੱਲ 192 ਟ੍ਰਾਂਸਫਾਰਮਰ ਖਰਾਬ ਹੋਏ ਸਨ। ਇਸ ਨਾਲ 740 ਜਲ ਸਪਲਾਈ ਪ੍ਰੋਜੈਕਟ ਪ੍ਰਭਾਵਿਤ ਹੋਏ ਸਨ। ਸਿਰਮੌਰ ਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਵੀ ਭਾਰੀ ਬਰਸਾਤ ਹੋਈ ਹੈ।

ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਨਾਲੀ ਵਿੱਚ 46 ਮਿਲੀਮੀਟਰ, ਨਗਰੋਟਾ ਸੂਰੀਆਂ ਵਿੱਚ 42.4 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 38.4 ਮਿਲੀਮੀਟਰ, ਸੁਜਾਨਪੁਰ ਤਿਹਰਾ ਵਿੱਚ 37.5 ਮਿਲੀਮੀਟਰ, ਜਦੋਂ ਕਿ ਜਾਟਨ ਬੈਰਾਜ ਅਤੇ ਨਾਹਨ ਵਿੱਚ ਲਗਭਗ 35 ਮਿਲੀਮੀਟਰ ਮੀਂਹ ਪਿਆ। ਜਦੋਂ ਕਿ ਗੁਲੇਰ ਵਿੱਚ 32.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਕੁਝ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਦੇ ਸਥਾਨਕ ਕੇਂਦਰ ਨੇ ਐਤਵਾਰ ਤੋਂ ਬੁੱਧਵਾਰ ਤੱਕ ਰਾਜ ਦੇ ਕੁਝ ਸਥਾਨਾਂ ‘ਤੇ ਭਾਰੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਨਾਮ ਸ਼ਾਮਲ ਹਨ, ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਘੱਟ ਤੋਂ ਦਰਮਿਆਨੀ ਪੱਧਰ ਦੇ ਹੜ੍ਹ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਗਈ ਹੈ।