ਹਿਮਾਚਲ ‘ਚ ਕੁਦਰਤ ਦਾ ਕਹਿਰ! ਘਰ, ਵਾਹਨਾਂ ਨੂੰ ਨੁਕਸਾਨ… ਕਿਨੌਰ ‘ਚ 2 ਸੈਲਾਨੀਆਂ ਦੀ ਮੌਤ; ਮੰਡੀ-ਕੁੱਲੂ ਹਾਈਵੇਅ ਬੰਦ

Updated On: 

17 Aug 2025 14:46 PM IST

ਮਾਨਸੂਨ ਦੀ ਬਾਰਿਸ਼ ਨੇ ਹਿਮਾਚਲ ਪ੍ਰਦੇਸ਼ 'ਚ ਤਬਾਹੀ ਮਚਾ ਦਿੱਤੀ ਹੈ। ਮੰਡੀ, ਕੁੱਲੂ ਤੇ ਕਿਨੌਰ ਜ਼ਿਲ੍ਹਿਆਂ 'ਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ। ਕਿਨੌਰ 'ਚ ਜ਼ਮੀਨ ਖਿਸਕਣ ਕਾਰਨ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ।

ਹਿਮਾਚਲ ਚ ਕੁਦਰਤ ਦਾ ਕਹਿਰ! ਘਰ, ਵਾਹਨਾਂ ਨੂੰ ਨੁਕਸਾਨ... ਕਿਨੌਰ ਚ 2 ਸੈਲਾਨੀਆਂ ਦੀ ਮੌਤ; ਮੰਡੀ-ਕੁੱਲੂ ਹਾਈਵੇਅ ਬੰਦ
Follow Us On

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੀ ਬਾਰਿਸ਼ ਨੇ ਇੱਕ ਵਾਰ ਫਿਰ ਤਬਾਹੀ ਮਚਾਈ ਹੈ। ਮੰਡੀ, ਕੁੱਲੂ ਤੇ ਕਿਨੌਰ ‘ਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ। ਮੰਡੀ ‘ਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਮਲਬੇ ਤੇ ਹੜ੍ਹ ਦੇ ਪਾਣੀ ਨਾਲ ਬੰਦ ਹੋ ਗਿਆ ਹੈ। ਟਕੋਲੀ, ਪਨਾਰਸਾ ਤੇ ਨਗਵਾਈ ਇਲਾਕਿਆਂ ‘ਚ ਸਥਿਤੀ ਹੋਰ ਵੀ ਵਿਗੜ ਗਈ ਹੈ। ਟਕੋਲੀ ‘ਚ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਝਲੋਗੀ ‘ਚ ਜ਼ਮੀਨ ਖਿਸਕਣ ਕਾਰਨ ਹਾਈਵੇਅ ਵੀ ਬੰਦ ਹੈ।

ਕੁੱਲੂ ਦੇ ਪਾਹਨਾਲਾ ‘ਚ ਵੀ ਹੜ੍ਹ ਦਾ ਕਹਿਰ ਜਾਰੀ ਹੈ। ਪਾਣੀ ਦੇ ਤੇਜ਼ ਵਹਾਅ ਨੇ ਮੰਡੀ ਜ਼ਿਲ੍ਹੇ ਦੇ ਨਗਵਾਈ ਤੋਂ ਔਟ ਤੱਕ ਭਾਰੀ ਤਬਾਹੀ ਮਚਾਈ ਹੈ। ਮੀਂਹ ਦਾ ਪਾਣੀ ਤੇ ਮਲਬਾ ਟਕੋਲੀ ਸਬਜ਼ੀ ਮੰਡੀ ਤੇ ਫੋਰਲੇਨ ਤੱਕ ਪਹੁੰਚ ਗਿਆ ਹੈ ਤੇ ਪੂਰੇ ਖੇਤਰ ਪ੍ਰਭਾਵਿਤ ਕੀਤਾ ਹੈ। ਮਲਬਾ ਸਬਜ਼ੀ ਮੰਡੀ ‘ਚ ਦਾਖਲ ਹੋਣ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਮਲਬਾ ਕਈ ਘਰਾਂ ਦੇ ਅੰਦਰ ਭਰ ਗਿਆ ਹੈ, ਜਿਸ ਕਾਰਨ ਪਰਿਵਾਰਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਹੜ੍ਹ ‘ਚ ਵਾਹਨ ਵਹਿ ਗਏ

ਟਕੋਲੀ, ਪਨਾਰਸਾ ਤੇ ਨਗਵਾਈ ‘ਚ ਹੜ੍ਹ ਤੇ ਮਲਬੇ ਨੇ 15 ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਕੁਝ ਵਾਹਨ ਤੇਜ਼ ਵਹਾਅ ‘ਚ ਵਹਿ ਗਏ ਜਦੋਂ ਕਿ ਕੁਝ ਮਲਬੇ ‘ਚ ਦੱਬ ਗਏ। ਇਨ੍ਹਾਂ ਖੇਤਰਾਂ ‘ਚ ਸੜਕਾਂ ਬੰਦ ਹੋਣ ਕਾਰਨ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਮੰਡੀ ਦੇ ਏਐਸਪੀ ਸਚਿਨ ਹੀਰੇਮਠ ਨੇ ਕਿਹਾ ਕਿ ਪ੍ਰਸ਼ਾਸਨ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ, ਬਚਾਅ ਤੇ ਬਹਾਲੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

ਇਸ ਦੇ ਨਾਲ ਹੀ ਦਿੱਲੀ ਤੋਂ ਦਰਸ਼ਨ ਕਰਨ ਆਏ ਦੋ ਸੈਲਾਨੀਆਂ ਦੀ ਕਿਨੌਰ ‘ਚ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਯੁੱਲਾ ਕਾਂਡਾ ਖੇਤਰ ‘ਚ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਪ੍ਰਸ਼ੀਲ ਬਾਘਮਾਰੇ (27) ਅਤੇ ਰਸ਼ਮੀ ਰਾਮ (25) ਵਜੋਂ ਹੋਈ ਹੈ। ਦੋਵੇਂ ਸੈਲਾਨੀ ਯੁੱਲਾ ਕਾਂਡਾ ‘ਚ ਸਥਿਤ ਭਗਵਾਨ ਕ੍ਰਿਸ਼ਨ ਮੰਦਰ ਵੱਲ ਜਾ ਰਹੇ ਸਨ। ਇਸ ਦੌਰਾਨ, ਇਲਾਕੇ ‘ਚ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ, ਜ਼ਮੀਨ ਖਿਸਕ ਗਈ ਤੇ ਉੱਪਰੋਂ ਇੱਕ ਪੱਥਰ ਡਿੱਗ ਪਿਆ ਤੇ ਦੋਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

ਕਿੰਨੌਰ ‘ਚ ਦੋ ਸੈਲਾਨੀਆਂ ਦੀ ਮੌਤ

ਪੁਲਿਸ ਦੇ ਅਨੁਸਾਰ, ਪੱਥਰ ਲੱਗਣ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ ਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਤੇ ਲੋੜੀਂਦੀ ਕਾਰਵਾਈ ਕੀਤੀ। ਇਸ ਤੋਂ ਬਾਅਦ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭਾਵਨਗਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਕਿੰਨੌਰ ਦੇ ਪੁਲਿਸ ਸੁਪਰਡੈਂਟ ਅਭਿਸ਼ੇਕ ਸ਼ੇਖਰ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।