‘ਦੋਸਤ ਲੈ ਕੇ ਗਿਆ ਸੀ ਗੱਡੀ, ਹੁਣ ਫ਼ੋਨ ਨਹੀਂ ਚੁੱਕ ਰਿਹਾ…’ ਗੁਰੂਗ੍ਰਾਮ ਹਿੱਟ ਐਂਡ ਰਨ ਮਾਮਲੇ ‘ਚ ਸਾਹਮਣੇ ਆਇਆ ਕਾਰ ਮਾਲਕ
ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਦੇ ਪੌਸ਼ ਇਲਾਕੇ ਗੋਲਫ਼ ਕੋਰਸ ਰੋਡ 'ਤੇ ਵਾਪਰੇ ਸਨਸਨੀਖੇਜ਼ ਹਿੱਟ ਐਂਡ ਰਨ ਕੇਸ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਘਟਨਾ ਵਿੱਚ ਸ਼ਾਮਲ ਕਾਰ ਦਾ ਅਸਲ ਮਾਲਕ ਖ਼ੁਦ ਸਾਹਮਣੇ ਆਇਆ ਹੈ। ਕਾਰ ਮਾਲਕ ਮਨੀਸ਼ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਘਟਨਾ ਦੀ ਵੀਡੀਓ ਫੁਟੇਜ ਵਿੱਚ ਨਜ਼ਰ ਆ ਰਹੀ ਕਾਰ ਉਸੇ ਦੀ ਹੀ ਹੈ।
ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਦੇ ਪੌਸ਼ ਇਲਾਕੇ ਗੋਲਫ਼ ਕੋਰਸ ਰੋਡ ‘ਤੇ ਵਾਪਰੇ ਸਨਸਨੀਖੇਜ਼ ਹਿੱਟ ਐਂਡ ਰਨ ਕੇਸ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਘਟਨਾ ਵਿੱਚ ਸ਼ਾਮਲ ਕਾਰ ਦਾ ਅਸਲ ਮਾਲਕ ਖ਼ੁਦ ਸਾਹਮਣੇ ਆਇਆ ਹੈ। ਕਾਰ ਮਾਲਕ ਮਨੀਸ਼ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਘਟਨਾ ਦੀ ਵੀਡੀਓ ਫੁਟੇਜ ਵਿੱਚ ਨਜ਼ਰ ਆ ਰਹੀ ਕਾਰ ਉਸੇ ਦੀ ਹੀ ਹੈ। ਮਨੀਸ਼ ਨੇ ਖ਼ੁਲਾਸਾ ਕੀਤਾ ਕਿ ਉਹ ਭਾਰਤੀ ਫ਼ੌਜ ਵਿੱਚ ਤਾਇਨਾਤ ਹੈ ਅਤੇ ਹਾਦਸੇ ਤੋਂ ਦੋ ਦਿਨ ਪਹਿਲਾਂ ਉਸ ਦਾ ਇੱਕ ਕਰੀਬੀ ਦੋਸਤ ਉਸ ਕੋਲੋਂ ਕਾਰ ਮੰਗ ਕੇ ਲੈ ਗਿਆ ਸੀ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਲਗਾਤਾਰ ਆਪਣੇ ਦੋਸਤ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਫ਼ੋਨ ਨਹੀਂ ਚੁੱਕ ਰਿਹਾ।
ਕਾਰ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਦੋਸਤ ਦੇ ਘਰ ਵੀ ਭੇਜਿਆ ਸੀ, ਪਰ ਉੱਥੇ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਅਤੇ ਸੰਪਰਕ ਨਹੀਂ ਹੋ ਸਕਿਆ। ਮਨੀਸ਼ ਮੁਤਾਬਕ ਉਸ ਦਾ ਦੋਸਤ ਹਰਿਆਣਾ ਦੇ ਜ਼ਿਲ੍ਹਾ ਪਲਵਲ ਦਾ ਵਸਨੀਕ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਗੁਰੂਗ੍ਰਾਮ ਦੇ ਗੋਲਫ਼ ਕੋਰਸ ਰੋਡ ‘ਤੇ ਇੱਕ ਮਹਿਲਾ ਬਾਈਕਰ ਨਾਲ ਹਿੱਟ ਐਂਡ ਰਨ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਸੀ। ਮਹਿਲਾ ਰਾਈਡਰ ਸੀਆ ਨੇ ਦੋਸ਼ ਲਾਇਆ ਸੀ ਕਿ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪਹਿਲਾਂ ਕਾਫ਼ੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਫਿਰ ਜਾਣਬੁੱਝ ਕੇ ਉਸ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਬਾਈਕ ਦੇ ਕੈਮਰੇ ‘ਚ ਕੈਦ ਹੋਈ ਪੂਰੀ ਵਾਰਦਾਤ
ਇਹ ਖ਼ੌਫ਼ਨਾਕ ਹਾਦਸਾ ਸੀਆ ਦੀ ਬਾਈਕ ‘ਤੇ ਲੱਗੇ ਕੈਮਰੇ ਵਿੱਚ ਪੂਰੀ ਤਰ੍ਹਾਂ ਰਿਕਾਰਡ ਹੋ ਗਿਆ ਸੀ। ਇਸ ਤੋਂ ਬਾਅਦ ਸੀਆ ਨੇ ਹਾਦਸੇ ਦੀ ਵੀਡੀਓ ਅਤੇ ਕਾਰ ਦੇ ਨੰਬਰ ਸਮੇਤ ਪੂਰੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰ ਦਿੱਤੀ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਸੀਆ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਕੁਝ ਹੋਰ ਬਾਈਕਰ ਦੋਸਤਾਂ ਨਾਲ ਰਾਈਡ ‘ਤੇ ਨਿਕਲੀ ਹੋਈ ਸੀ। ਇਸੇ ਦੌਰਾਨ ਕਾਰ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾਰ ਬਾਈਕਰਾਂ ਦੇ ਪਿੱਛੇ ਤੇਜ਼ੀ ਨਾਲ ਆਉਂਦੀ ਹੈ ਅਤੇ ਫਿਰ ਸੀਆ ਦੀ ਬਾਈਕ ਨਾਲ ਟਕਰਾ ਜਾਂਦੀ ਹੈ।
ਬਾਈਕ ਸਮੇਤ ਕਾਫ਼ੀ ਦੂਰ ਤੱਕ ਘੜੀਸਦੀ ਗਈ ਸੀਆ
ਇਹ ਟੱਕਰ ਇੰਨੀ ਭਿਆਨਕ ਸੀ ਕਿ ਸੀਆ ਸੰਤੁਲਨ ਗੁਆ ਕੇ ਸੜਕ ‘ਤੇ ਡਿੱਗ ਪਈ ਅਤੇ ਮੋਟਰਸਾਈਕਲ ਸਮੇਤ ਕਾਫ਼ੀ ਦੂਰੀ ਤੱਕ ਘੜੀਸਦੀ ਹੋਈ ਚਲੀ ਗਈ। ਟੱਕਰ ਮਾਰਨ ਤੋਂ ਬਾਅਦ ਬੇਖ਼ੌਫ਼ ਕਾਰ ਚਾਲਕ ਨੇ ਰੁਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ ਇਸ ਦੌਰਾਨ ਸੀਆ ਦੇ ਇੱਕ ਸਾਥੀ ਰਾਈਡਰ ਨੇ ਹਿੰਮਤ ਦਿਖਾਉਂਦਿਆਂ ਕਾਰ ਦਾ ਪਿੱਛਾ ਕੀਤਾ ਅਤੇ ਅੱਗੇ ਜਾ ਕੇ ਇੱਕ ਟ੍ਰੈਫਿਕ ਸਿਗਨਲ ‘ਤੇ ਉਸ ਨੂੰ ਰੋਕਣ ਦਾ ਯਤਨ ਵੀ ਕੀਤਾ, ਪਰ ਸ਼ਰਾਰਤੀ ਕਾਰ ਚਾਲਕ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਅਤੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
