Delhi Earthquake: ਦਿੱਲੀ ‘ਚ ਫਿਰ ਆਇਆ ਭੂਚਾਲ, ਬੀਤੀ ਰਾਤ ਵੀ ਲੱਗੇ ਸਨ ਭੂਚਾਲ ਦੇ ਤੇਜ ਝਟਕੇ
Earthquake: ਦਿੱਲੀ ਦੇ ਨਾਂਗਲੋਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਭੂਚਾਲ ਦੀ ਤੀਬਰਤਾ ਸਿਰਫ 2.7 ਰਹੀ। ਇਸ ਤੋਂ ਪਹਿਲਾਂ ਕੱਲ ਯਾਨੀ ਮੰਗਲਵਾਰ ਰਾਤ ਨੂੰ ਭੂਚਾਲ ਦੇ ਬਹੁਤ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ।
ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.7 ਸੀ। ਇਹ ਭੂਚਾਲ ਪੱਛਮੀ ਦਿੱਲੀ ਦੇ ਨਾਂਗਲੋਈ ‘ਚ ਮਹਿਸੂਸ ਕੀਤਾ ਗਿਆ। ਇਹ ਭੂਚਾਲ ਦੁਪਹਿਰ 4:42 ‘ਤੇ ਆਇਆ। ਇਸ ਤੋਂ ਪਹਿਲਾਂ ਬੀਤੀ ਰਾਤ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਮੰਗਲਵਾਰ ਰਾਤ ਨੂੰ ਭੂਚਾਲ ਦੇ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ।
ਬੀਤੀ ਰਾਤ ਮਹਿਸੂਸ ਕੀਤੇ ਗਏ ਸਨ ਤੇਜ ਝਟਕੇ
ਬੀਤੀ ਰਾਤ ਆਏ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਸੀ। ਭੂਚਾਲ ਦੀ ਤੀਬਰਤਾ 6.8 ਸੀ। ਅਫਗਾਨਿਸਤਾਨ ਤੋਂ ਇਲਾਵਾ ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ ਅਤੇ ਕਿਰਗਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 250 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਪਾਕਿਸਤਾਨ ਵਿੱਚ 12 ਲੋਕਾਂ ਦੀ ਮੌਤ
ਪਾਕਿਸਤਾਨ ਦੇ ਰਾਵਲਪਿੰਡੀ, ਕਵੇਟਾ, ਪੇਸ਼ਾਵਰ, ਕੋਹਾਟ, ਲੱਕੀ ਮਾਰਵਤ, ਗੁਜਰਾਂਵਾਲਾ, ਗੁਜਰਾਤ, ਸਿਆਲਕੋਟ, ਕੋਟ ਮੋਮਿਨ, ਮੱਧ ਰਾਂਝਾ, ਚਕਵਾਲ, ਕੋਹਾਟ ਅਤੇ ਗਿਲਗਿਤ-ਬਾਲਟਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ‘ਚ ਭੂਚਾਲ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ।
ਭਾਰਤ ਵਿੱਚ ਭੂਚਾਲ ਦੇ ਝਟਕੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ ਅਤੇ ਦਿੱਲੀ ਵਿੱਚ ਮਹਿਸੂਸ ਕੀਤੇ ਗਏ। ਪਤਾ ਲੱਗਾ ਹੈ ਕਿ ਭੂਚਾਲ ਤੋਂ ਤੁਰੰਤ ਬਾਅਦ ਜੰਮੂ ਦੇ ਕੁਝ ਹਿੱਸਿਆਂ ਵਿੱਚ ਮੋਬਾਈਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਭੂਚਾਲਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਭਾਰਤ ‘ਚ ਇਸ ਸਾਲ ਮਾਰਚ ਮਹੀਨੇ ‘ਚ ਹੀ ਰਿਕਟਰ ਪੈਮਾਨੇ ‘ਤੇ 4 ਦੀ ਤੀਬਰਤਾ ਤੋਂ ਵੱਧ 6 ਭੂਚਾਲ ਆ ਚੁੱਕੇ ਹਨ।
ਇਹ ਵੀ ਪੜ੍ਹੋ
ਹਲਕੇ ਭੂਚਾਲ ਨਾਲ ਵੱਡੇ ਭੂਚਾਲ ਦਾ ਖਤਰਾ ਘੱਟ
ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਨਿਰਦੇਸ਼ਕ ਅਤੇ ਭੂ-ਵਿਗਿਆਨ ਮੰਤਰਾਲੇ ਦੇ ਸਲਾਹਕਾਰ ਡਾ. ਓ.ਪੀ. ਮਿਸ਼ਰਾ ਨੇ ਦੱਸਿਆ ਹੈ ਕਿ ਭੂਚਾਲ ਦੇ ਹਲਕੇ ਝਟਕਿਆਂ ਕਾਰਨ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਟੈਕਟੋਨਿਕ ਪਲੇਟ ਦੀ ਊਰਜਾ ਨਿਕਲਦੀ ਰਹਿੰਦੀ ਹੈ। ਇਸ ਨਾਲ ਵੱਡੇ ਭੂਚਾਲ ਤੋਂ ਬਚਾਅ ਹੋ ਜਾਂਦਾ ਹੈ, ਕਿਉਂਕਿ ਊਰਜਾ ਸੰਗਠਿਤ ਹੋ ਕੇ ਦਬਾਅ ਨਹੀਂ ਬਣਾਉਂਦੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਭੂਚਾਲ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਜਾਂ ਨਾ ਹੋਣ ਦੀ ਗੱਲ ਨਹੀਂ ਕਹੀ ਜਾ ਸਕਦੀ।