ਦਿੱਲੀ ਦੇ ਵਿਸ਼ਵਾਸ ਨਗਰ ‘ਚ ਭਿਆਨਕ ਅੱਗ: 4 ਲੋਕਾਂ ਦੀ ਮੌਤ, 2 ਝੁਲਸੇ; ਈ-ਰਿਕਸ਼ਾ ਚਾਰਜਿੰਗ ਪੁਆਇੰਟ ਤੋਂ ਅੱਗ ਲੱਗਣ ਦਾ ਖ਼ਦਸ਼ਾ
ਸ਼ਾਹਦਰਾ ਦੇ ਪੁਲਿਸ ਡਿਪਟੀ ਕਮਿਸ਼ਨਰ (DCP) ਰਾਜੇਂਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਪੁਲਿਸ ਸਟੇਸ਼ਨ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਗਲੀ ਨੰਬਰ 11, ਵਿਸ਼ਵਾਸ ਨਗਰ ਵਿਖੇ ਪਹੁੰਚੀ, ਜਿੱਥੇ ਇੱਕ ਮਕਾਨ 'ਚ ਭਿਆਨਕ ਅੱਗ ਲੱਗੀ ਹੋਈ ਸੀ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।
ਦਿੱਲੀ ਦੇ ਵਿਸ਼ਵਾਸ ਨਗਰ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ
ਪੂਰਬੀ ਦਿੱਲੀ ਦੇ ਸ਼ਾਹਦਰਾ ਸਥਿਤ ਵਿਸ਼ਵਾਸ ਨਗਰ ਇਲਾਕੇ ‘ਚ ਇੱਕ ਮਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਗਲੀ ਨੰਬਰ 11 ਸਥਿਤ ਇੱਕ ਘਰ ‘ਚ ਲੱਗੀ ਅੱਗ ਦੀ ਲਪੇਟ ‘ਚ ਆਉਣ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਝੁਲਸ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਘਰ ‘ਚ ਲੱਗੇ ਈ-ਰਿਕਸ਼ਾ ਚਾਰਜਿੰਗ ਪੁਆਇੰਟ ‘ਚ ਸ਼ਾਰਟ ਸਰਕਟ ਜਾਂ ਸਪਾਰਕਿੰਗ ਹੋਣਾ ਦੱਸਿਆ ਜਾ ਰਿਹਾ ਹੈ।
ਸ਼ਾਹਦਰਾ ਦੇ ਪੁਲਿਸ ਡਿਪਟੀ ਕਮਿਸ਼ਨਰ (DCP) ਰਾਜੇਂਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਪੁਲਿਸ ਸਟੇਸ਼ਨ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਗਲੀ ਨੰਬਰ 11, ਵਿਸ਼ਵਾਸ ਨਗਰ ਵਿਖੇ ਪਹੁੰਚੀ, ਜਿੱਥੇ ਇੱਕ ਮਕਾਨ ‘ਚ ਭਿਆਨਕ ਅੱਗ ਲੱਗੀ ਹੋਈ ਸੀ। ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਦੋਵਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਈ-ਰਿਕਸ਼ਾ ਚਾਰਜਿੰਗ ਪੁਆਇੰਟ ਤੋਂ ਸ਼ੁਰੂ ਹੋਈ ਸੀ ਅੱਗ
DCP ਮੁਤਾਬਕ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੱਗ ਦੀ ਸ਼ੁਰੂਆਤ ਈ-ਰਿਕਸ਼ਾ ਚਾਰਜਿੰਗ ਪੁਆਇੰਟ ਤੋਂ ਹੋਈ ਸੀ। ਅੱਗ ਤੇਜ਼ੀ ਨਾਲ ਫੈਲ ਗਈ ਤੇ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਸੁੱਤੇ ਹੋਏ ਲੋਕ ਇਸ ਦੀ ਲਪੇਟ ‘ਚ ਆ ਗਏ। ਪੁਲਿਸ ਤੇ ਸਬੰਧਤ ਏਜੰਸੀਆਂ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਕਰੋਲ ਬਾਗ ‘ਚ ਵੀ ਲੱਗੀ ਸੀ ਅੱਗ
ਇਸ ਤੋਂ ਪਹਿਲਾਂ ਸ਼ਨੀਵਾਰ 28 ਨਵੰਬਰ ਨੂੰ ਦਿੱਲੀ ਦੇ ਸਭ ਤੋਂ ਵਿਅਸਤ ਇਲਾਕਿਆਂ ‘ਚੋਂ ਇੱਕ ਕਰੋਲ ਬਾਗ ‘ਚ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਕਰੋਲ ਬਾਗ ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਸ਼ਨੀਵਾਰ ਦੁਪਹਿਰ ਇੱਕ ਗੋਦਾਮ ‘ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਸੀ। ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਸੀ।
ਅਧਿਕਾਰੀਆਂ ਮੁਤਾਬਕ ਸ਼ਨੀਵਾਰ ਦੁਪਹਿਰ ਕਰੀਬ 1:18 ਵਜੇ ਗਲੀ ਨੰਬਰ 2, ਕ੍ਰਿਸ਼ਨਾ ਨਗਰ ਸਥਿਤ ਇੱਕ ਗੋਦਾਮ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦੋ ਵਾਟਰ ਟੈਂਡਰ ਤੇ ਦੋ ਵਾਟਰ ਬਾਊਜ਼ਰ ਸਮੇਤ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਸਨ। ਫਾਇਰ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਤੇ ਦੁਪਹਿਰ ਕਰੀਬ 1:45 ਵਜੇ ਅੱਗ ‘ਤੇ ਕਾਬੂ ਪਾ ਲਿਆ ਸੀ।
ਇਹ ਵੀ ਪੜ੍ਹੋ
Source: TV9Hindi.com
