ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੀ ਰੁਚਿਕਾ ਸਿੰਘ ‘ਤੇ ਦਿੱਲੀ ਪੁਲਿਸ ਨਹੀਂ ਕਰੇਗੀ ਕਾਰਵਾਈ, ਨੋਇਡਾ ‘ਚ ਦਰਜ ਹੋਈ ਸੀ ਜ਼ੀਰੋ FIR

Updated On: 

03 Aug 2026 10:12 AM IST

ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੀ 15 ਸਾਲਾ ਨਾਬਾਲਗ ਲੜਕੀ ਰੁਚਿਕਾ ਸਿੰਘ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਅੱਗੇ ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਰੁਚਿਕਾ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਟਿੱਪਣੀ ਲਈ ਪੂਰੇ ਦੇਸ਼ ਤੋਂ ਮੁਆਫ਼ੀ ਮੰਗੀ ਸੀ।

ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੀ ਰੁਚਿਕਾ ਸਿੰਘ ਤੇ ਦਿੱਲੀ ਪੁਲਿਸ ਨਹੀਂ ਕਰੇਗੀ ਕਾਰਵਾਈ, ਨੋਇਡਾ ਚ ਦਰਜ ਹੋਈ ਸੀ ਜ਼ੀਰੋ FIR

ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੀ ਰੁਚਿਕਾ ਸਿੰਘ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਸੀ। ਹੁਣ ਦਿੱਲੀ ਪੁਲਿਸ ਨੇ ਉਸ ਨੂੰ ਰਾਹਤ ਦਿੰਦਿਆਂ ਫੈਸਲਾ ਕੀਤਾ ਹੈ ਕਿ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਬੀਤੇ ਦਿਨ ਹੀ ਉਸ ਦੀ ਮਾਂ ਨੇ ਵੀ ਉਸ ਖ਼ਿਲਾਫ਼ ਦਰਜ FIR ਵਾਪਸ ਲੈਣ ਦੀ ਅਪੀਲ ਕੀਤੀ ਸੀ।

ਦਿੱਲੀ ਪੁਲਿਸ ਦੇ ਅਨੁਸਾਰ, ਹੁਣ ਤੱਕ ਇਸ ਮਾਮਲੇ ‘ਚ ਕੋਈ FIR ਦਰਜ ਨਹੀਂ ਕੀਤੀ ਗਈ ਤੇ ਨਾ ਹੀ ਅੱਗੇ ਕੋਈ FIR ਦਰਜ ਕੀਤੀ ਜਾਵੇਗੀ। ਨੋਇਡਾ ਪੁਲਿਸ ਨੇ ਇਸ ਮਾਮਲੇ ‘ਚ ਜ਼ੀਰੋ FIR ਦਰਜ ਕਰਕੇ ਕੇਸ ਦਿੱਲੀ ਪੁਲਿਸ ਨੂੰ ਭੇਜਿਆ ਸੀ, ਪਰ ਦਿੱਲੀ ਪੁਲਿਸ ਨੇ ਮਾਮਲੇ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਨਾਬਾਲਗ ਲੜਕੀ ਤੇ ਉਸ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ।

ਰੁਚਿਕਾ ਨੇ ਮੰਗੀ ਸੀ ਮੁਆਫ਼ੀ

ਵੀਡੀਓ ਵਾਇਰਲ ਹੋਣ ਤੋਂ ਬਾਅਦ ਰੁਚਿਕਾ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਸੀ। ਉਸ ਨੇ ਕਿਹਾ ਕਿ ਉਹ ਸਿਰਫ਼ 15 ਸਾਲ ਦੀ ਹੈ ਤੇ ਪ੍ਰਦਰਸ਼ਨ ਸਥਾਨ ‘ਤੇ ਦੂਜਿਆਂ ਦੇ ਭੜਕਾਏ ‘ਚ ਆ ਕੇ ਉਸ ਨੇ ਇਹ ਅਪਮਾਨਜਨਕ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਤੇ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ। ਉਸ ਨੇ ਇਸ ਨੂੰ ਆਪਣੀ ਪਹਿਲੀ ਤੇ ਆਖ਼ਰੀ ਗਲਤੀ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਕੀਤੇ ‘ਤੇ ਸ਼ਰਮਿੰਦਾ ਹੈ ਤੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ ਮੁਆਫ਼

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਸੀ ਕਿ ਜੋ ਬੱਚੇ ਭਟਕ ਗਏ ਹਨ, ਉਨ੍ਹਾਂ ਨੂੰ ਸਜ਼ਾ ਦੇਣ ਜਾਂ ਅਦਾਲਤਾਂ ਦੇ ਚੱਕਰ ਲਗਵਾਉਣ ਨਾਲ ਹਾਲਾਤ ਨਹੀਂ ਬਦਲਣਗੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਬੱਚਿਆਂ ਨੂੰ ਮੁਆਫ਼ ਕਰਨਾ ਚਾਹੁੰਦੇ ਹਨ ਤੇ ਸਮਾਜ ਨੂੰ ਵੀ ਉਨ੍ਹਾਂ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਸੀ।

ਮਾਂ ਨੇ FIR ਵਾਪਸ ਲੈਣ ਦੀ ਕੀਤੀ ਸੀ ਅਪੀਲ

ਬੀਤੇ ਸ਼ਨੀਵਾਰ (2 ਅਗਸਤ) ਨੂੰ ਰੁਚਿਕਾ ਦੀ ਮਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ FIR ਵਾਪਸ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਡੱਪਣ ਦਿਖਾਉਂਦੇ ਹੋਏ ਉਨ੍ਹਾਂ ਦੀ ਧੀ ਨੂੰ ਮੁਆਫ਼ ਕਰ ਦਿੱਤਾ ਤੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ।

ਜੰਤਰ-ਮੰਤਰ ‘ਤੇ ਹੋਇਆ ਸੀ ਪ੍ਰਦਰਸ਼ਨ

ਕੁਝ ਦਿਨ ਪਹਿਲਾਂ ਨੀਟ ਪੇਪਰ ਲੀਕ ਤੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ‘ਚ ਦੇਸ਼ ਦੇ ਕਈ ਰਾਜਾਂ ਤੋਂ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ ਸੀ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਵੀ ਇਸ ਅੰਦੋਲਨ ਦਾ ਸਮਰਥਨ ਕਰਦੇ ਹੋਏ ਭੁੱਖ ਹੜਤਾਲ ਕੀਤੀ ਸੀ।

20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਪ੍ਰਦਰਸ਼ਨ ਤੇਜ਼ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ। ਬਾਅਦ ‘ਚ ਸਰਕਾਰ ਵੱਲੋਂ ਅੰਦੋਲਨਕਾਰੀਆਂ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ 25 ਜੁਲਾਈ ਨੂੰ ਅੰਦੋਲਨ ਖ਼ਤਮ ਕਰ ਦਿੱਤਾ ਗਿਆ।

Follow Us