ਦਿੱਲੀ ਏਅਰਪੋਰਟ ਤੇ ਹਿਰਾਸਤ ‘ਚ ਲਏ ਗਏ ਦਿਪਕੇ-ਸੌਰਵ ਅਤੇ ਆਸ਼ੂਤੋਸ਼ ਰਾਂਕਾ, ਫ਼ਲਾਈਟ ਦੇ ਅੰਦਰ ਪੁਲਿਸ ਦੀ ਕਾਰਵਾਈ

Updated On: 

10 Oct 2026 12:13 PM IST

ਦਿੱਲੀ ਦੇ ਜੰਤਰ-ਮੰਤਰ ਵਿਖੇ ਉਲੀਕੇ ਗਏ ਵਿਰੋਧ-ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਮੁੰਬਈ ਤੋਂ ਦਿੱਲੀ ਪੁੱਜੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਮੁੱਖ ਅਭਿਜੀਤ ਦਿਪਕੇ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਸਵੇਰੇ ਹਵਾਈ ਅੱਡੇ ਤੇ ਉਤਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਪਹਿਲਾਂ ਹੀ ਉਨ੍ਹਾਂ ਦੀ ਲੋਕੇਸ਼ਨ ਨੂੰ ਟਰੈਕ ਕਰ ਰਹੀ ਸੀ।

ਦਿੱਲੀ ਏਅਰਪੋਰਟ ਤੇ ਹਿਰਾਸਤ ਚ ਲਏ ਗਏ ਦਿਪਕੇ-ਸੌਰਵ ਅਤੇ ਆਸ਼ੂਤੋਸ਼ ਰਾਂਕਾ, ਫ਼ਲਾਈਟ ਦੇ ਅੰਦਰ ਪੁਲਿਸ ਦੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਉਲੀਕੇ ਗਏ ਵਿਰੋਧ-ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਮੁੰਬਈ ਤੋਂ ਦਿੱਲੀ ਪੁੱਜੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਮੁੱਖ ਅਭਿਜੀਤ ਦਿਪਕੇ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਸਵੇਰੇ ਹਵਾਈ ਅੱਡੇ ਤੇ ਉਤਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਪਹਿਲਾਂ ਹੀ ਉਨ੍ਹਾਂ ਦੀ ਲੋਕੇਸ਼ਨ ਨੂੰ ਟਰੈਕ ਕਰ ਰਹੀ ਸੀ। ਜਿਵੇਂ ਹੀ ਜਹਾਜ਼ ਦਿੱਲੀ ਏਅਰਪੋਰਟ ਤੇ ਲੈਂਡ ਹੋਇਆ, ਪੁਲਿਸ ਟੀਮ ਸਿੱਧੀ ਫ਼ਲਾਈਟ ਦੇ ਅੰਦਰ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦਿਪਕੇ ਦੇ ਨਾਲ-ਨਾਲ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਕਾਕਰੋਚ ਜਨਤਾ ਪਾਰਟੀ ਦਾ ਤਿੱਖਾ ਪ੍ਰਤੀਕਰਮ

ਦਿੱਲੀ ਪੁਲਿਸ ਦੀ ਇਸ ਕਾਰਵਾਈ ਤੇ ਕਾਕਰੋਚ ਜਨਤਾ ਪਾਰਟੀ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜਹਾਜ਼ ਦੇ ਲੈਂਡ ਹੁੰਦਿਆਂ ਹੀ ਪੁਲਿਸ ਦਾ ਅੰਦਰ ਦਾਖ਼ਲ ਹੋਣਾ ਪੂਰੀ ਤਰ੍ਹਾਂ ਨਾਦਰਸ਼ਾਹੀ ਰਵੱਈਆ ਹੈ। ਪਾਰਟੀ ਦੇ ਬੁਲਾਰੇ ਅਨੁਸਾਰ ਦਿੱਲੀ ਪੁਲਿਸ ਵੱਲੋਂ ਇਨ੍ਹਾਂ ਆਗੂਆਂ ਨੂੰ ਰੋਕਣ ਦੀ ਰਣਨੀਤੀ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਅਤੇ ਵਰਕਰਾਂ ਦਾ ਮਨੋਬਲ ਡੇਗਣ ਲਈ ਹੀ ਸਿਖ਼ਰਲੀ ਲੀਡਰਸ਼ਿਪ ਨੂੰ ਜਹਾਜ਼ ਦੇ ਅੰਦਰੋਂ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।

ਬਿਨਾਂ ਸ਼ਰਤ ਰਿਹਾਈ ਦੀ ਮੰਗ

ਪਾਰਟੀ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਜੰਤਰ-ਮੰਤਰ ਵਿਖੇ ਪੂਰੀ ਤਰ੍ਹਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਗ਼ੈਰ-ਜਮਹੂਰੀ ਢੰਗ ਨਾਲ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ। ਪਾਰਟੀ ਨੇ ਦਿੱਲੀ ਪੁਲਿਸ ਦੀ ਇਸ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਤਿੰਨਾਂ ਆਗੂਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਫ਼ਲਾਈਟ ਅੰਦਰੋਂ ਕੀਤੀ ਗਈ ਇਸ ਕਾਰਵਾਈ ਦੀ ਖ਼ਬਰ ਫੈਲਦਿਆਂ ਹੀ ਦਿੱਲੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਮਾਹੌਲ ਕਾਫ਼ੀ ਗਰਮਾ ਗਿਆ ਹੈ।

ਕਾਰਵਾਈ ਦੌਰਾਨ ਅਭਿਜੀਤ ਦਿਪਕੇ ਹੋਏ ਫੇਸਬੁੱਕ ਲਾਈਵ

ਜਹਾਜ਼ ਅੰਦਰ ਦਾਖ਼ਲ ਹੋਈ ਦਿੱਲੀ ਪੁਲਿਸ ਦੇ ਸਾਹਮਣੇ CJP ਮੁਖੀ ਅਭਿਜੀਤ ਦਿਪਕੇ ਨੇ ਸਖ਼ਤ ਰੁਖ਼ ਦਿਖਾਇਆ। ਕਾਰਵਾਈ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਮੈਂ ਖ਼ੁਦ ਇੱਥੇ ਗ੍ਰਿਫ਼ਤਾਰ ਹੋਣ ਆਇਆ ਹਾਂ, ਤੁਸੀਂ ਮੈਨੂੰ ਗ੍ਰਿਫ਼ਤਾਰ ਕਰੋ।” ਹਾਲਾਂਕਿ, ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਕੋਈ ਰਸਮੀ ਗ੍ਰਿਫ਼ਤਾਰੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਿਰਫ਼ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦਿਪਕੇ ਨੂੰ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਕਾਰਵਾਈ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰ ਰਿਹਾ ਸੀ, ਉਸ ਸਮੇਂ ਅਭਿਜੀਤ ਦਿਪਕੇ ਫੇਸਬੁੱਕ ਤੇ ਲਾਈਵ ਹੋ ਕੇ ਪੂਰੀ ਘਟਨਾ ਨੂੰ ਜਨਤਕ ਕਰ ਰਹੇ ਸਨ।

Loading...
Unable to load recommendations.
Follow Us