ਦਿੱਲੀ ਵਿਧਾਨ ਸਭਾ ‘ਚ ਹੰਗਾਮਾ… ਭਾਜਪਾ ਨੇ ਗੁਰੂਆਂ ਦੇ ਅਪਮਾਨ ਦਾ ਲਾਇਆ ਇਲਜ਼ਾਮ, ਆਤਿਸ਼ੀ ਨੇ ਦਿੱਤੀ ਸਫ਼ਾਈ

Updated On: 

07 Jan 2026 23:06 PM IST

ਇਹ ਵਿਵਾਦ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਦਿੱਲੀ ਵਿਧਾਨ ਸਭਾ 'ਚ ਹੋਈ ਵਿਸ਼ੇਸ਼ ਚਰਚਾ ਨਾਲ ਸਬੰਧਤ ਹੈ। ਭਾਜਪਾ ਦਾ ਦੋਸ਼ ਹੈ ਕਿ ਆਤਿਸ਼ੀ ਨੇ ਨਾ ਸਿਰਫ਼ ਇਸ ਮਹੱਤਵਪੂਰਨ ਵਿਸ਼ੇ 'ਤੇ ਕੁੱਝ ਵੀ ਸਕਾਰਾਤਮਕ ਨਹੀਂ ਕਿਹਾ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਆਪਣੇ ਸ਼ਬਦਾਂ ਨਾਲ ਨੌਵੇਂ ਸਿੱਖ ਗੁਰੂ ਦਾ ਅਪਮਾਨ ਵੀ ਕੀਤਾ।

ਦਿੱਲੀ ਵਿਧਾਨ ਸਭਾ ਚ ਹੰਗਾਮਾ... ਭਾਜਪਾ ਨੇ ਗੁਰੂਆਂ ਦੇ ਅਪਮਾਨ ਦਾ ਲਾਇਆ ਇਲਜ਼ਾਮ, ਆਤਿਸ਼ੀ ਨੇ ਦਿੱਤੀ ਸਫ਼ਾਈ

ਆਤਿਸ਼ੀ

Follow Us On

ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਦੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਭਾਜਪਾ ਵਿਧਾਇਕ ਤੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਤਿਸ਼ੀ ਦੀਆਂ ਟਿੱਪਣੀਆਂ ਸਬੰਧੀ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਇੱਕ ਰਸਮੀ ਪੱਤਰ ਲਿਖਿਆ ਹੈ। ਦਿੱਲੀ ਸਰਕਾਰ ਦੇ ਮੰਤਰੀ ਪਰਵੇਸ਼ ਵਰਮਾ ਨੇ ਵੀ ਬਿਆਨ ਜਾਰੀ ਕਰਕੇ ਮੰਗ ਕੀਤੀ ਹੈ ਕਿ ਆਤਿਸ਼ੀ ਸਦਨ ‘ਚ ਪੇਸ਼ ਹੋ ਕੇ ਜਵਾਬ ਦੇਣ ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਇਹ ਵਿਵਾਦ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਦਿੱਲੀ ਵਿਧਾਨ ਸਭਾ ‘ਚ ਹੋਈ ਵਿਸ਼ੇਸ਼ ਚਰਚਾ ਨਾਲ ਸਬੰਧਤ ਹੈ। ਭਾਜਪਾ ਦਾ ਦੋਸ਼ ਹੈ ਕਿ ਆਤਿਸ਼ੀ ਨੇ ਨਾ ਸਿਰਫ਼ ਇਸ ਮਹੱਤਵਪੂਰਨ ਵਿਸ਼ੇ ‘ਤੇ ਕੁੱਝ ਵੀ ਸਕਾਰਾਤਮਕ ਨਹੀਂ ਕਿਹਾ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਆਪਣੇ ਸ਼ਬਦਾਂ ਨਾਲ ਨੌਵੇਂ ਸਿੱਖ ਗੁਰੂ ਦਾ ਅਪਮਾਨ ਵੀ ਕੀਤਾ।

ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਇਸ ਮੁੱਦੇ ‘ਤੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇਸ਼ ਭਰ ‘ਚ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਵਿਧਾਨ ਸਭਾ ‘ਚ ਵੀ ਇੱਕ ਵਿਸ਼ੇਸ਼ ਚਰਚਾ ਹੋਈ। ਹਾਲਾਂਕਿ, ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਨਾ ਤਾਂ ਇਸ ਵਿਸ਼ੇ ‘ਤੇ ਇੱਕ ਸ਼ਬਦ ਕਿਹਾ ਤੇ ਨਾ ਹੀ ਗੁਰੂ ਜੀ ਦੀ ਕੁਰਬਾਨੀ ਦਾ ਸਨਮਾਨ ਕੀਤਾ। ਇਸ ਦੇ ਉਲਟ, ਉਨ੍ਹਾਂ ਨੇ ਜੋ ਸ਼ਬਦ ਵਰਤੇ ਹਨ ਉਹ ਸਾਡੇ ਗੁਰੂਆਂ ਦਾ ਅਪਮਾਨ ਹਨ ਤੇ ਸਾਡੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਆਤਿਸ਼ੀ ਨੇ ਕੀ ਕਿਹਾ?

ਦੂਜੇ ਪਾਸੇ, ਆਤਿਸ਼ੀ ਨੇ ਇਸ ਮਾਮਲੇ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿੱਖ ਭਾਈਚਾਰੇ ਤੇ ਗੁਰੂਆਂ ਨੂੰ ਨਫ਼ਰਤ ਕਰਦੀ ਹੈ, ਤੇ ਅੱਜ ਵੀ, ਉਨ੍ਹਾਂ ਨੇ ਗੁਰੂਆਂ ਦਾ ਅਪਮਾਨ ਕਰਕੇ ਇੱਕ ਘਿਣਾਉਣਾ ਕੰਮ ਕੀਤਾ ਹੈ। ਭਾਜਪਾ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਦੋ ਝੂਠਾਂ ਵਾਲਾ ਇੱਕ ਵੀਡੀਓ ਟਵੀਟ ਕੀਤਾ:

ਉਨ੍ਹਾਂ ਨੇ ਕਿਹਾ ਇਹ ਵੀਡੀਓ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ‘ਤੇ ਚਰਚਾ ਸਮਾਪਤ ਹੋਣ ਤੋਂ ਬਾਅਦ ਲਈ ਗਈ ਸੀ, ਜਦੋਂ ਉਪ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਹੋ ਰਹੀ ਸੀ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵੀਡੀਓ ‘ਚ, ਮੈਂ ਭਾਜਪਾ ਵੱਲੋਂ ਪ੍ਰਦੂਸ਼ਣ ‘ਤੇ ਚਰਚਾ ਕਰਨ ਤੋਂ ਬਚਣ ਤੇ ਅਵਾਰਾ ਕੁੱਤਿਆਂ ਦੇ ਮੁੱਦੇ ‘ਤੇ ਵਿਧਾਨ ਸਭਾ ‘ਚ ਉਨ੍ਹਾਂ ਦੇ ਵਿਰੋਧ ਬਾਰੇ ਕਿਹਾ ਸੀ, “ਤਾਂ ਤੁਹਾਨੂੰ ਚਰਚਾ ਕਰਨੀ ਚਾਹੀਦੀ ਹੈ, ਤੁਸੀਂ ਸਵੇਰ ਤੋਂ ਕਿਉਂ ਭੱਜ ਰਹੇ ਹੋ? ਤੁਸੀਂ ਕਹਿ ਰਹੇ ਹੋ, ‘ਕੁੱਤਿਆਂ ਦਾ ਸਨਮਾਨ ਕਰੋ! ਕੁੱਤਿਆਂ ਦਾ ਸਨਮਾਨ ਕਰੋ! ਸਪੀਕਰ, ਕਿਰਪਾ ਕਰਕੇ ਇਸ ‘ਤੇ ਚਰਚਾ ਕਰੋ।” ਪਰ ਭਾਜਪਾ ਨੇ ਝੂਠੇ ਉਪਸਿਰਲੇਖ ਜੋੜ ਦਿੱਤੇ ਤੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਸ਼ਾਮਲ ਕੀਤਾ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿੱਖਾਂ ਨੂੰ ਇੰਨੀ ਨਫ਼ਰਤ ਕਿਉਂ ਕਰਦੀ ਹੈ ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਨਾਮ ਝੂਠੇ ਢੰਗ ਨਾਲ ਖਿੱਚ ਰਹੇ ਹਨ? ਮੈਂ ਇੱਕ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਵੱਡੇ ਪੁੱਤਰ ਨੇ ਪੀੜ੍ਹੀਆਂ ਤੋਂ ਸਿੱਖ ਧਰਮ ਅਪਣਾਇਆ ਹੈ।ਮੈਂ ਆਪਣੀ ਜਾਨ ਕੁਰਬਾਨ ਕਰ ਸਕਦੀ ਹਾਂ, ਪਰ ਮੈਂ ਗੁਰੂ ਸਾਹਿਬ ਦਾ ਅਪਮਾਨ ਨਹੀਂ ਕਰ ਸਕਦੀ। ਗੁਰੂ ਤੇਗ ਬਹਾਦਰ ਜੀ ਨੇ ਦੂਜੇ ਧਰਮਾਂ ਦੇ ਲੋਕਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕਰ ਰਹੀ ਹੈ? ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।