ਮੋਗਾ ‘ਚ ਸ਼ਿਵ ਸੈਨਾ ਆਗੂ ਦੇ ਕਤਲ ਦੀ CM ਸ਼ਿੰਦੇ ਨੇ ਕੀਤੀ ਨਿੰਦਾ, ਕੀਤੀ ਇਹ ਮੰਗ
ਮੋਗਾ 'ਚ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾਮ ਮੰਗਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਇੱਕ ਸ਼ਿਵ ਸੈਨਿਕ ਦਾ ਖੁੱਲ੍ਹੇਆਮ ਕਤਲ ਕੀਤਾ ਹੈ ਇਹ ਬਹੁਤ ਖ਼ਤਰਨਾਕ ਹੈ।

CM Eknath Shinde: ਸ਼ਿਵ ਸੈਨਾ ਸ਼ਿੰਦੇ ਧੜੇ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾਮ ਮੰਗਾ ਨੂੰ ਪੰਜਾਬ ਦੇ ਮੋਗਾ ਵਿੱਚ ਗੋਲੀ ਮਾਰ ਦਿੱਤੀ ਗਈ ਤੇ ਇਸ ਘਟਨਾ ‘ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਨੂੰ ਲੈ ਕੇ ਖਾਲਿਸਤਾਨੀ ਸਮਰਥਕਾਂ ਵੱਲੋਂ ਗੋਲੀਬਾਰੀ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ‘ਚ ਰਾਜਨੀਤੀ ਗਰਮਾ ਗਈ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ।
ਏਕਨਾਥ ਸ਼ਿੰਦੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, “ਪੰਜਾਬ ਰਾਜ ਦੇ ਮੋਗਾ ਖੇਤਰ ਵਿੱਚ ਸਾਡੇ ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਮੰਗਤਰਾਮ ਮੰਗਾ ਜੀ ਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਬਹੁਤ ਦੁਖਦਾਈ ਹੈ।” ਸ਼ਿੰਦੇ ਨੇ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਇੱਕ ਸ਼ਿਵ ਸੈਨਿਕ ਦਾ ਖੁੱਲ੍ਹੇਆਮ ਕਤਲ ਸੂਬੇ ਦੀ ਆਮ ਆਦਮੀ ਸਰਕਾਰ ਦੀ ਮਾੜੀ ਕਾਨੂੰਨ ਵਿਵਸਥਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ, ‘ਅਸੀਂ ਪੰਜਾਬ ਦੀ ‘ਆਪ’ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹਾਂ। ਕਤਲ ਦੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ
ਇਸ ਤੋਂ ਇਲਾਵਾ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕ ਮੰਗਤਰਾਮ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਮੰਗਤਰਾਮ ਜੀ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, ‘ਸ਼ਿਵ ਸੈਨਾ ਪਾਰਟੀ ਵੱਲੋਂ, ਮੈਂ ਸਵਰਗੀ ਮੰਗਤਰਾਮ ਜੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਤੁਰੰਤ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਹੈ।’ ਸਵਰਗੀ ਮੰਗਤਰਾਮ ਜੀ ਨੂੰ ਮੇਰੀ ਦਿਲੋਂ ਸ਼ਰਧਾਂਜਲੀ, ਜੋ ਸ਼ਿਵ ਸੈਨਾ ਪਾਰਟੀ ਦੇ ਇੱਕ ਸਮਰਪਿਤ ਅਤੇ ਦੇਸ਼ ਭਗਤ ਜ਼ਿਲ੍ਹਾ ਪ੍ਰਧਾਨ ਅਤੇ ਹਿੰਦੂਤਵ ਪ੍ਰਤੀ ਸਮਰਪਿਤ ਵਿਅਕਤੀ ਸਨ..!
3 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ
ਇਸ ਦੇ ਨਾਲ ਹੀ ਪੁਲਿਸ ਨੇ ਸ਼ਿਵ ਸੈਨਾ ਨੇਤਾ ਮੰਗਤਰਾਮ ਦੇ ਕਤਲ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦਾ ਮਲੋਟ ਬੱਸ ਸਟੈਂਡ ‘ਤੇ ਪੁਲਿਸ ਨਾਲ ਮੁਕਾਬਲਾ ਹੋਇਆ, ਜਿਸ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ 5 ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਟੀਮ ਨੇ ਚਾਰ ਗੋਲੀਆਂ ਚਲਾਈਆਂ ਜਿਸ ‘ਚ ਮੁਲਜ਼ਮ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੀਆਈਏ ਮੋਗਾ ਅਤੇ ਸੀਆਈਏ ਮਲੋਟ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਸੀ।