ਕੈਨੇਡੀਅਨ ਸਿੰਗਰ ਸ਼ੁਭ ਦੇ ਸ਼ੋਅ ਨੂੰ ਲੈ ਕੇ ਭਖਿਆ ਵਿਵਾਦ, ਰੱਦ ਕਰਨ ਦੀ ਮੰਗ; ਖਾਲਿਸਤਾਨੀ ਸਮਰਥਕ ਹੋਣ ਦਾ ਲੱਗਿਆ ਇਲਜ਼ਾਮ

Published: 

15 Sep 2023 19:04 PM

ਕੈਨੇਡੀਅਨ ਰੈਪਰ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਦੇ ਕੋਰਡੇਲੀਆ ਕਰੂਜ਼ 'ਤੇ ਪ੍ਰਸਤਾਵਿਤ ਸ਼ੋਅ ਨੂੰ ਲੈ ਕੇ ਵਿਵਾਦ ਭੱਖ ਗਿਆ ਹੈ। ਬੀਜੇਵਾਈਐਮ ਨੇ ਮੁੰਬਈ ਵਿੱਚ ਕਰਵਾਏ ਜਾ ਰਹੇ ਸ਼ੋਅ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਬੀਜੇਵਾਈਐਮ ਨੇ ਪੁਲਿਸ ਨੂੰ ਮੰਗ ਪੱਤਰ ਦਿੰਦੇ ਹੋਏ ਸ਼ੋਅ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਗਾਇਕ 'ਤੇ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ।

ਕੈਨੇਡੀਅਨ ਸਿੰਗਰ ਸ਼ੁਭ ਦੇ ਸ਼ੋਅ ਨੂੰ ਲੈ ਕੇ ਭਖਿਆ ਵਿਵਾਦ, ਰੱਦ ਕਰਨ ਦੀ ਮੰਗ; ਖਾਲਿਸਤਾਨੀ ਸਮਰਥਕ ਹੋਣ ਦਾ ਲੱਗਿਆ ਇਲਜ਼ਾਮ
Follow Us On

ਕੈਨੇਡੀਅਨ ਰੈਪਰ ਸਿੰਗਰ ਸ਼ੁਭ ਉਰਫ ਸ਼ੁਬਨੀਤ ਸਿੰਘ ਦਾ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਗਿਆ ਹੈ। ਦੋਸ਼ ਹੈ ਕਿ ਸ਼ੁੱਭ ਸ਼ੋਸ਼ਲ ਮੀਡੀਆ ਰਾਹੀਂ ਖਾਲਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਹਾਲ ਹੀ ‘ਚ ਸ਼ੁਭ ਨੇ ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਗੜਿਆ ਨਕਸ਼ਾ ਪੋਸਟ ਕੀਤਾ ਸੀ। ਅਤੇ ਹੁਣ ਮੁੰਬਈ ਵਿੱਚ ਉਸਦੇ ਲਈ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਭਾਜਪਾ ਦੇ ਮੁੰਬਈ ਵਫਦ ਨੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਦੀ ਅਗਵਾਈ ‘ਚ ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਸਤਿਆਨਾਰਾਇਣ ਚੌਧਰੀ ਨੂੰ ਮੰਗ ਪੱਤਰ ਸੌਂਪਿਆ।

ਭਾਜਪਾ ਨਾਲ ਜੁੜੇ ਕਾਰਕੁਨਾਂ ਨੇ ਖਾਲਿਸਤਾਨ ਪੱਖੀ ਗਾਇਕ ਸ਼ੁਭਨੀਤ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਉਸਦੇ ਸਾਰੇ ਸ਼ੋਅ ਰੱਦ ਕਰਨ ਦੀ ਮੰਗ ਕੀਤੀ ਹੈ। ਸ਼ੋਅ ਦੇ ਪ੍ਰਬੰਧਕਾਂ ਟੀਮ ਇਨੋਵੇਸ਼ਨ, ਪਰਸੈਪਟ ਲਿਮਿਟੇਡ ਅਤੇ ਕੋਰਡੇਲੀਆ ਕਰੂਜ਼ ਨੂੰ ਸ਼ੋਅ ਨੂੰ ਵੀ ਰੱਦ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਬੀਜੇਵਾਈਐਮ ਮੁੰਬਈ ਦੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣਾਂ ਅਤੇ ਖਾਲਿਸਤਾਨ ਦੇ ਸਮਰਥਕਾਂ ਲਈ ਭਾਰਤ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸ਼ੋਅ ਨਹੀਂ ਕਰਨ ਦੇਵਾਂਗੇ।

ਉਨ੍ਹਾਂ ਧਮਕੀ ਦਿੱਤੀ ਕਿ ਅਸੀਂ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਸ਼ੁਭ ਨੂੰ ਭਾਰਤ ਵਿੱਚ ਪਰਫਾਰਮ ਨਹੀਂ ਕਰਨ ਦੇਵਾਂਗੇ। ਹੁਣ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਬੰਧਕਾਂ ਅਤੇ ਮੁੰਬਈ ਪੁਲਿਸ ਨੂੰ ਪ੍ਰੋਗਰਾਮ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਹੈ, ਜੇਕਰ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਇੱਕ ਮੰਗ ਪੱਤਰ ਰਾਹੀਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਨਿਵਾਸੀ ਰੈਪਰ ਸ਼ੁਭ ਵੱਲੋਂ ਭਾਰਤ ਸਰਕਾਰ ਅਤੇ ਦੇਸ਼ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੇ ਦੋਸ਼ ‘ਚ ਐਫਆਈਆਰ ਦਰਜ ਕੀਤੀ ਜਾਵੇ।

ਸਿੰਗਰ ਸ਼ੁਭ ‘ਤੇ ਖਾਲਿਸਤਾਨ ਸਮਰਥਕ ਹੋਣ ਦਾ ਇਲਜ਼ਾਮ

ਟਿਵਾਣਾ ਨੇ ਦੱਸਿਆ ਕਿ ਸ਼ੁੱਭ ਦੇ ਸੋਸ਼ਲ ਮੀਡੀਆ ‘ਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ, ਜਿਨ੍ਹਾਂ ‘ਚ ਭਾਰਤ ਦੇ ਨੌਜਵਾਨ ਵੀ ਉਨ੍ਹਾਂ ਨਾਲ ਜੁੜੇ ਹੋਏ ਹਨ। ਹਾਲ ਹੀ ‘ਚ 23 ਮਾਰਚ 2023 ਨੂੰ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਜੰਮੂ-ਕਸ਼ਮੀਰ ਅਤੇ ਪੰਜਾਬ ਤੋਂ ਬਿਨਾਂ ਭਾਰਤ ਦਾ ਨਕਸ਼ਾ ਪੋਸਟ ਕੀਤਾ ਸੀ।

ਦੂਸਰੀ ਪੋਸਟ ਸਟੋਰੀ “ਪ੍ਰੇਅ ਫਾਰ ਪੰਜਾਬ ” ਦੇ ਨਾਮ ਨਾਲ ਕੀਤੀ ਸੀ। ਇਹ ਪੂਰੀ ਤਰ੍ਹਾਂ ਭਾਰਤ ਦੀ ਅਖੰਡਤਾ ਦੇ ਵਿਰੁੱਧ ਹੈ। ਅਜਿਹੇ ਗੱਦਾਰਾਂ ਦੀ ਸਾਡੇ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਅਤੇ ਮੁੰਬਈ ਪੁਲਿਸ ਤੋਂ ਸਾਡੀ ਮੰਗ ਹੈ ਕਿ ਅਜਿਹੇ ਲੋਕਾਂ ਵਿਰੁੱਧ ਐਫਆਈਆਰ ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।