ਤਜਰਬੇ ਅਤੇ ਨਵੀਂ ਪੀੜ੍ਹੀ ‘ਤੇ ਵੱਡਾ ਦਾਅ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਕੀ ਹੈ ਸਿਆਸੀ ਫਾਰਮੂਲਾ?

Published: 

17 Aug 2026 20:03 PM IST

ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਕੌਮੀ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ। 65 ਮੈਂਬਰਾਂ ਵਾਲੀ ਇਸ ਨਵੀਂ ਟੀਮ ਵਿੱਚ ਜਥੇਬੰਦੀ ਦੇ ਪੁਰਾਣੇ ਤੇ ਤਜਰਬੇਕਾਰ ਆਗੂਆਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਤਜਰਬੇ ਅਤੇ ਨਵੀਂ ਪੀੜ੍ਹੀ ਤੇ ਵੱਡਾ ਦਾਅ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਕੀ ਹੈ ਸਿਆਸੀ ਫਾਰਮੂਲਾ?

ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਕੌਮੀ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ। 65 ਮੈਂਬਰਾਂ ਵਾਲੀ ਇਸ ਨਵੀਂ ਟੀਮ ਵਿੱਚ ਜਥੇਬੰਦੀ ਦੇ ਪੁਰਾਣੇ ਤੇ ਤਜਰਬੇਕਾਰ ਆਗੂਆਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਕੌਮੀ ਸਕੱਤਰਾਂ ਤੋਂ ਲੈ ਕੇ ਵੱਖ-ਵੱਖ ਮੋਰਚਿਆਂ ਅਤੇ ਮੀਡੀਆ ਤੇ ਸੋਸ਼ਲ ਮੀਡੀਆ ਟੀਮਾਂ ਤੱਕ ਵਿਆਪਕ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੀਂ ਟੀਮ ਦੀ ਔਸਤ ਉਮਰ ਲਗਭਗ 50 ਸਾਲ ਦੇ ਕਰੀਬ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ਨੇ ਸੀਨੀਅਰ ਆਗੂਆਂ ਦੇ ਤਜਰਬੇ ਅਤੇ ਨੌਜਵਾਨ ਪੀੜ੍ਹੀ ਦੀ ਊਰਜਾ ਵਿਚਕਾਰ ਇੱਕ ਮਜ਼ਬੂਤ ਸੰਤੁਲਨ ਕਾਇਮ ਕਰਨ ਦਾ ਯਤਨ ਕੀਤਾ ਹੈ।

ਮਹਿਲਾ ਨੁਮਾਇੰਦਗੀ ‘ਤੇ ਦਿੱਤਾ ਵਿਸ਼ੇਸ਼ ਜ਼ੋਰ

ਨਵੀਂ ਟੀਮ ਵਿੱਚ 12 ਮਹਿਲਾ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਕਿ 65 ਮੈਂਬਰੀ ਟੀਮ ਦਾ ਲਗਭਗ 18.5 ਫ਼ੀਸਦੀ (ਕਰੀਬ 20 ਫ਼ੀਸਦੀ) ਬਣਦਾ ਹੈ। ਕੌਮੀ ਮੀਤ ਪ੍ਰਧਾਨ ਵਜੋਂ ਵਸੁੰਧਰਾ ਰਾਜੇ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਦੋਸ਼ੀ, ਡਾ. ਭਾਰਤੀ ਪਵਾਰ ਅਤੇ ਡਾ. ਮਧੂਚੰਦਰ ਕਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਥੇ ਹੀ ਸਮ੍ਰਿਤੀ ਇਰਾਨੀ ਨੂੰ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਵਿਤਾ ਪਾਟੀਦਾਰ, ਫਾਂਗਨੋਨ ਕੋਨਯਾਕ ਅਤੇ ਸੰਗੀਤਾ ਯਾਦਵ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ, ਜਦਕਿ ਰੂਪ ਕੁਮਾਰੀ ਚੌਧਰੀ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਪ੍ਰੀਤੀ ਗਾਂਧੀ ਨੂੰ ਸੋਸ਼ਲ ਮੀਡੀਆ ਟੀਮ ਵਿੱਚ ਸਹਿ-ਕਨਵੀਨਰ ਦੀ ਜ਼ਿੰਮੇਵਾਰੀ ਮਿਲੀ ਹੈ। ਮਹਿਲਾ ਨੁਮਾਇੰਦਗੀ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਮੋਹਰੀ ਰਿਹਾ ਹੈ, ਜਿੱਥੋਂ ਰੇਖਾ ਵਰਮਾ, ਸਮ੍ਰਿਤੀ ਇਰਾਨੀ ਅਤੇ ਸੰਗੀਤਾ ਯਾਦਵ ਨੂੰ ਅਹਿਮ ਅਹੁਦੇ ਮਿਲੇ ਹਨ।

8 ਜਨਰਲ ਸਕੱਤਰਾਂ ਵਿੱਚੋਂ 6 ਨਵੇਂ ਚਿਹਰੇ ਸ਼ਾਮਲ

ਕੌਮੀ ਜਨਰਲ ਸਕੱਤਰ (ਮਹਾਮੰਤਰੀ) ਦੇ ਪੱਧਰ ‘ਤੇ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਕੁੱਲ 8 ਜਨਰਲ ਸਕੱਤਰਾਂ ਵਿੱਚੋਂ 6 ਨਵੇਂ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਮ੍ਰਿਤੀ ਇਰਾਨੀ, ਬਿਪਲਬ ਦੇਵ, ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ ਅਤੇ ਸੰਜੇ ਭਾਟੀਆ ਸ਼ਾਮਲ ਹਨ। ਦੂਜੇ ਪਾਸੇ ਸੁਨੀਲ ਬੰਸਲ ਅਤੇ ਵਿਨੋਦ ਤਾਵੜੇ ਨੂੰ ਉਨ੍ਹਾਂ ਦੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਤਰ੍ਹਾਂ ਨਵੀਂ ਟੀਮ ਨੂੰ ਅੱਗੇ ਲਿਆਉਣ ਦੇ ਨਾਲ-ਨਾਲ ਜਥੇਬੰਦੀ ਦੇ ਦੋ ਪ੍ਰਮੁੱਖ ਤੇ ਤਜਰਬੇਕਾਰ ਚਿਹਰਿਆਂ ‘ਤੇ ਭਰੋਸਾ ਕਾਇਮ ਰੱਖਿਆ ਗਿਆ ਹੈ।

ਜਥੇਬੰਦਕ ਢਾਂਚੇ ਵਿੱਚ ਨਿਰੰਤਰਤਾ

ਜਥੇਬੰਦੀ ਦੇ ਸਭ ਤੋਂ ਅਹਿਮ ਅਹੁਦੇ ‘ਤੇ ਬੀ.ਐੱਲ. ਸੰਤੋਸ਼ ਨੂੰ ਕੌਮੀ ਜਨਰਲ ਸਕੱਤਰ (ਸੰਗਠਨ) ਵਜੋਂ ਬਰਕਰਾਰ ਰੱਖਿਆ ਗਿਆ ਹੈ। ਸ਼ਿਵਪ੍ਰਕਾਸ਼ ਵੀ ਕੌਮੀ ਸਹਿ-ਸੰਗਠਨ ਜਨਰਲ ਸਕੱਤਰ ਦੀ ਭੂਮਿਕਾ ਵਿੱਚ ਕਾਇਮ ਹਨ। ਇਸ ਦੇ ਨਾਲ ਹੀ ਸੌਦਾਨ ਸਿੰਘ ਦੀ ਸਹਿ-ਸੰਗਠਨ ਜਨਰਲ ਸਕੱਤਰ ਵਜੋਂ ਵਾਪਸੀ ਹੋਈ ਹੈ, ਜੋ ਇਸ ਤੋਂ ਪਹਿਲਾਂ ਕੌਮੀ ਮੀਤ ਪ੍ਰਧਾਨ ਵਜੋਂ ਕਾਰਜਸ਼ੀਲ ਸਨ।

ਕੌਮੀ ਸਕੱਤਰਾਂ ਦੀ ਸੂਚੀ ਵਿੱਚ ਸਭ ਤੋਂ ਵੱਡਾ ਫੇਰਬਦਲ

ਕੌਮੀ ਸਕੱਤਰਾਂ ਦੀ ਸੂਚੀ ਵਿੱਚ ਸਭ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਕੁੱਲ ਬਣਾਏ ਗਏ 16 ਕੌਮੀ ਸਕੱਤਰਾਂ ਵਿੱਚੋਂ 14 ਨਵੇਂ ਚਿਹਰੇ ਹਨ। ਇਨ੍ਹਾਂ ਨਵੇਂ ਚਿਹਰਿਆਂ ਵਿੱਚ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ. ਭੋਲਾ ਸਿੰਘ, ਡਾ. ਪ੍ਰਦੀਪ ਵਰਮਾ, ਜਗਦੀਸ਼ ਈਸ਼ਵਰਭਾਈ ਪਟੇਲ, ਡਾ. ਸੰਦੀਪ ਪਾਠਕ, ਸੰਗੀਤਾ ਯਾਦਵ, ਡਾ. ਐੱਮ. ਵੈਂਕਟੇਸ਼ਨ, ਮਨੋਜ ਤਿੱਗਾ, ਸਿਧਾਰਥ ਸ਼ੰਭੂ, ਡਾ. ਸਵਦੇਸ਼ ਸਿੰਘ, ਮ੍ਰਿਗਾਂਕ ਦੇਵ ਬਰਮਨ, ਰੋਹਨ ਗੁਪਤਾ ਅਤੇ ਜੈ ਪ੍ਰਕਾਸ਼ ਸ਼ਾਮਲ ਹਨ। ਦੂਜੇ ਪਾਸੇ ਫਾਂਗਨੋਨ ਕੋਨਯਾਕ ਅਤੇ ਅਨਿਲ ਐਂਟਨੀ ਨੂੰ ਆਪਣੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਸਕੱਤਰ ਪੱਧਰ ‘ਤੇ ਕਰੀਬ 87 ਫ਼ੀਸਦੀ ਚਿਹਰੇ ਨਵੇਂ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਨਿਤਿਨ ਨਬੀਨ ਨੇ ਜਥੇਬੰਦੀ ਦੇ ਹੇਠਲੇ ਅਤੇ ਦਰਮਿਆਨੇ ਪੱਧਰਾਂ ‘ਤੇ ਨਵੀਂ ਪੀੜ੍ਹੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨੂੰ ਪਹਿਲ ਦਿੱਤੀ ਹੈ।

ਪਿਊਸ਼ ਗੋਇਲ ਬਣੇ ਨਵੇਂ ਖ਼ਜ਼ਾਨਚੀ

ਨਵੀਂ ਟੀਮ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਕੌਮੀ ਖ਼ਜ਼ਾਨਚੀ (ਟ੍ਰੇਜ਼ਰਾਰ) ਬਣਾਇਆ ਜਾਣਾ ਵੀ ਇੱਕ ਵੱਡਾ ਬਦਲਾਅ ਹੈ। ਇਸ ਨਿਯੁਕਤੀ ਨਾਲ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਉਨ੍ਹਾਂ ਦਾ ਕੇਂਦਰੀ ਮੰਤਰੀ ਦਾ ਅਹੁਦਾ ਬਰਕਰਾਰ ਰਹੇਗਾ ਜਾਂ ਨਹੀਂ, ਜਿਸ ‘ਤੇ ਸਥਿਤੀ ਸਪੱਸ਼ਟ ਹੋਣੀ ਅਜੇ ਬਾਕੀ ਹੈ। ਪਿਊਸ਼ ਗੋਇਲ ਦੀ ਟੀਮ ਵਿੱਚ ਰਾਜੇਸ਼ ਮੰਗਲ ਨੂੰ ਸਹਿ-ਖ਼ਜ਼ਾਨਚੀ ਬਣਾਇਆ ਗਿਆ ਹੈ, ਜੋ ਪਿਛਲੇ 12 ਸਾਲਾਂ ਤੋਂ ਪਾਰਟੀ ਦੇ ਵਿੱਤ ਵਿਭਾਗ ਦਾ ਕੰਮਕਾਜ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਤਰੁਣ ਚੁੱਘ ਨੂੰ ਕੌਮੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਤੋਂ ਹਟਾ ਕੇ ਪਾਰਟੀ ਦੇ ਮੁੱਖ ਦਫ਼ਤਰ (ਹੈੱਡਕੁਆਰਟਰ) ਦਾ ਇੰਚਾਰਜ ਬਣਾਇਆ ਗਿਆ ਹੈ। ਹੁਣ ਉਨ੍ਹਾਂ ਦੀ ਭੂਮਿਕਾ ਪਾਰਟੀ ਦੇ ਕੇਂਦਰੀ ਦਫ਼ਤਰ ਅਤੇ ਜਥੇਬੰਦਕ ਕੰਮਕਾਜ ਨਾਲ ਸਿੱਧੇ ਤੌਰ ‘ਤੇ ਜੁੜੀ ਹੋਵੇਗੀ।

ਸਾਰੇ 7 ਮੋਰਚਿਆਂ ਨੂੰ ਮਿਲੇ ਨਵੇਂ ਪ੍ਰਧਾਨ

ਭਾਜਪਾ ਨੇ ਆਪਣੇ ਸਾਰੇ ਸੱਤ ਮੋਰਚਿਆਂ ਦੇ ਪ੍ਰਧਾਨ ਬਦਲ ਦਿੱਤੇ ਹਨ। ਇਸ ਤਹਿਤ ਯੁਵਾ ਮੋਰਚਾ ਦੀ ਜ਼ਿੰਮੇਵਾਰੀ ਡਾ. ਹੇਮਾਂਗ ਜੋਸ਼ੀ, ਮਹਿਲਾ ਮੋਰਚਾ ਦੀ ਰੂਪ ਕੁਮਾਰੀ ਚੌਧਰੀ, ਓ.ਬੀ.ਸੀ. ਮੋਰਚਾ ਦੀ ਅਮਰਪਾਲ ਮੌਰਿਆ, ਕਿਸਾਨ ਮੋਰਚਾ ਦੀ ਬੰਸੀਲਾਲ ਗੁਰਜਰ, ਐੱਸ.ਸੀ. ਮੋਰਚਾ ਦੀ ਸ਼ਿਵੇਸ਼ ਕੁਮਾਰ ਰਾਮ, ਐੱਸ.ਟੀ. ਮੋਰਚਾ ਦੀ ਡਾ. ਮੰਨਾ ਲਾਲ ਰਾਵਤ ਅਤੇ ਘੱਟ ਗਿਣਤੀ ਮੋਰਚਾ ਦੀ ਜ਼ਿੰਮੇਵਾਰੀ ਕੁੰਵਰ ਬਾਸਿਤ ਅਲੀ ਨੂੰ ਸੌਂਪੀ ਗਈ ਹੈ। ਇਹ ਤਬਦੀਲੀ ਦਰਸਾਉਂਦੀ ਹੈ ਕਿ ਪਾਰਟੀ ਨੇ ਨੌਜਵਾਨ, ਮਹਿਲਾ, ਕਿਸਾਨ, ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਘੱਟ ਗਿਣਤੀ ਵਰਗਾਂ ਤੱਕ ਆਪਣੀ ਪਹੁੰਚ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਨਵੀਂ ਟੀਮ ਤਿਆਰ ਕੀਤੀ ਹੈ।

ਮੀਡੀਆ ਅਤੇ ਸੋਸ਼ਲ ਮੀਡੀਆ ਟੀਮਾਂ ‘ਚ ਵੀ ਵਿਆਪਕ ਰੱਦੋ-ਬਦਲ

ਸਭ ਤੋਂ ਅਹਿਮ ਬਦਲਾਅ ਭਾਜਪਾ ਦੀ ਮੀਡੀਆ ਅਤੇ ਸੋਸ਼ਲ ਮੀਡੀਆ ਟੀਮ ਵਿੱਚ ਵੇਖਣ ਨੂੰ ਮਿਲਿਆ ਹੈ। ਅਨਿਲ ਬਲੂਨੀ ਨੂੰ ਮੀਡੀਆ ਮੁਖੀ ਵਜੋਂ ਬਰਕਰਾਰ ਰੱਖਿਆ ਗਿਆ ਹੈ, ਪਰ ਉਨ੍ਹਾਂ ਦੇ ਨਾਲ ਸਹਿ-ਇੰਚਾਰਜ ਰਹੇ ਸੰਜੇ ਮਯੂਖ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਤਿੰਨ ਨਵੇਂ ਸਹਿ-ਕਨਵੀਨਰ ਆਸ਼ੀਸ਼ ਅਗਰਵਾਲ, ਪ੍ਰਦੀਪ ਭੰਡਾਰੀ ਅਤੇ ਸਿਧਾਰਥ ਯਾਦਵ ਬਣਾਏ ਗਏ ਹਨ। ਸੋਸ਼ਲ ਮੀਡੀਆ ਵਿਭਾਗ ਵਿੱਚ ਅਮਿਤ ਮਾਲਵੀਆ ਦੀ ਥਾਂ ਦੀਪਕ ਮਹਾਸਕੇ ਨੂੰ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਨਵੇਂ ਸਹਿ-ਕਨਵੀਨਰ ਪ੍ਰੀਤੀ ਗਾਂਧੀ, ਸ਼ਿਵਾਨੰਦ ਦਿਵੇਦੀ, ਆਲੋਕ ਭੱਟ ਅਤੇ ਅਰੁਣ ਯਾਦਵ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਨਵੀਂ ਟੀਮ ਰਾਹੀਂ ਸੰਗਠਨਾਤਮਕ ਸੁਨੇਹਾ

ਨਿਤਿਨ ਨਬੀਨ ਦੀ ਨਵੀਂ ਟੀਮ ਵਿੱਚ ਸਭ ਤੋਂ ਸਪੱਸ਼ਟ ਸੁਨੇਹਾ ਨਿਰੰਤਰਤਾ ਅਤੇ ਪੀੜ੍ਹੀਗਤ ਤਬਦੀਲੀ ਨੂੰ ਇੱਕਠਿਆਂ ਲੈ ਕੇ ਚੱਲਣ ਦਾ ਹੈ। ਇੱਕ ਪਾਸੇ ਜਿੱਥੇ ਬੀ.ਐੱਲ. ਸੰਤੋਸ਼, ਸੁਨੀਲ ਬੰਸਲ ਅਤੇ ਵਿਨੋਦ ਤਾਵੜੇ ਵਰਗੇ ਤਜਰਬੇਕਾਰ ਆਗੂਆਂ ਨੂੰ ਕਾਇਮ ਰੱਖਿਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੌਮੀ ਸਕੱਤਰਾਂ, ਮੋਰਚਿਆਂ ਅਤੇ ਮੀਡੀਆ-ਸੋਸ਼ਲ ਮੀਡੀਆ ਵਿੱਚ ਵੱਡੀ ਗਿਣਤੀ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। 65 ਮੈਂਬਰੀ ਟੀਮ ਵਿੱਚ 12 ਮਹਿਲਾਵਾਂ, 16 ਕੌਮੀ ਸਕੱਤਰਾਂ ਵਿੱਚ 14 ਨਵੇਂ ਚਿਹਰੇ, 8 ਜਨਰਲ ਸਕੱਤਰਾਂ ਵਿੱਚ 6 ਨਵੇਂ ਚਿਹਰੇ ਅਤੇ ਸਾਰੇ 7 ਮੋਰਚਿਆਂ ਵਿੱਚ ਨਵੇਂ ਪ੍ਰਧਾਨ ਨਿਯੁਕਤ ਕਰਨਾ ਦਰਸਾਉਂਦਾ ਹੈ ਕਿ ਭਾਜਪਾ ਨੇ ਜਥੇਬੰਦੀ ਵਿੱਚ ਵਿਆਪਕ ਤਬਦੀਲੀ ਦੇ ਨਾਲ-ਨਾਲ ਤਜਰਬੇ, ਮਹਿਲਾ ਨੁਮਾਇੰਦਗੀ ਅਤੇ ਖੇਤਰੀ ਸੰਤੁਲਨ ਦਾ ਸ਼ਾਨਦਾਰ ਸੁਮੇਲ ਤਿਆਰ ਕੀਤਾ ਹੈ।

Loading...
Unable to load recommendations.
Follow Us