World Menstrual Hygiene Day: ਪੀਰੀਅਡਸ ਤੇ ਖੁੱਲ੍ਹ ਕੇ ਬੋਲੀਆਂ ਐਕਸਪਰਟਸ, ਦੱਸਿਆ ਕਿਉਂ ਔਰਤਾਂ ਲਈ ਬਦਲਣਾ ਹੋਵੇਗਾ ਵਰਕਪਲੇਸ ਦਾ ਮਾਹੌਲ
World Menstrual Hygiene Day: ਹਰ ਸਾਲ 28 ਮਈ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਮਾਹਵਾਰੀ ਸਵੱਛਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਾਹਵਾਰੀ ਨੂੰ ਸੁਰੱਖਿਅਤ ਅਤੇ ਨਿੱਜੀ ਰੱਖਣਾ ਔਰਤਾਂ ਲਈ ਹਾਲੇ ਵੀ ਚੁਣੌਤੀ ਬਣਿਆ ਹੋਇਆ ਹੈ। ਵਰਕਪਲੇਸ 'ਤੇ ਨੀਤੀਆਂ ਦੀ ਕਮੀ, ਪਖਾਨਿਆਂ ਦੀ ਘਾਟ ਅਤੇ ਸਮਾਜਿਕ ਕਲੰਕ ਮੁੱਖ ਰੁਕਾਵਟਾਂ ਹਨ।
ਹਰ ਸਾਲ 28 ਮਈ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਮਾਹਵਾਰੀ ਸਵੱਛਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਵਿੱਚ ਲੱਖਾਂ ਔਰਤਾਂ ਅਤੇ ਕੁੜੀਆਂ ਲਈ ਮਾਹਵਾਰੀ ਨੂੰ ਸੁਰੱਖਿਅਤ ਅਤੇ ਨਿੱਜੀ ਰੱਖਣਾ ਹਾਲੇ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ। ਸਕੂਲਾਂ ਵਿੱਚ ਪਖਾਨਿਆਂ ਦੀ ਘਾਟ ਤੋਂ ਲੈ ਕੇ ਕੰਮ ਵਾਲੀ ਥਾਂ ‘ਤੇ ਮਾਹਵਾਰੀ ਦੇ ਦਰਦ ਨੂੰ ਸਵੀਕਾਰ ਨਾ ਕਰਨ ਤੱਕ, ਇਹ ਰੁਕਾਵਟਾਂ ਡੂੰਘਾਈ ਨਾਲ ਜੜ੍ਹੀਆਂ ਹੋਈਆਂ ਹਨ। ਇਸ ਦਿਨ ਨੂੰ ਮਨਾਉਣ ਲਈ, News9 ਨੇ “The SHEEconomy Ageda, ਪੀਰੀਅਡ ਪਾਵਰ” ਦਾ ਆਯੋਜਨ ਕੀਤਾ। ਇਸ ਵਿੱਚ ਡਾਕਟਰਾਂ, ਨੀਤੀ ਨਿਰਮਾਤਾਵਾਂ, ਕਾਨੂੰਨੀ ਮਾਹਰਾਂ ਅਤੇ ਐਥਲੀਟਾਂ ਨੂੰ ਇੱਕ ਮੰਚ ਤੇ ਲਿਆ ਕੇ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨ ਲਈ ਇਕੱਠਾ ਕੀਤਾ।
ਖੋਜ ਤੋਂ ਪਤਾ ਲੱਗਦਾ ਹੈ ਕਿ ਮਾਹਵਾਰੀ ਵਰਕਪਲੇਸ ਦੀ ਪ੍ਰੋਡਕਟਿਵਿਟੀ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਫਿਰ ਵੀ, ਦੇਸ਼ ਦੇ ਜ਼ਿਆਦਾਤਰ ਵਰਕਪਲੇਸ ‘ਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਰਸਮੀ ਨੀਤੀਆਂ ਦੀ ਘਾਟ ਹੈ। ਸਮੱਸਿਆ ਸਿਰਫ਼ ਛੁੱਟੀ ਬਾਰੇ ਨਹੀਂ ਹੈ, ਸਗੋਂ ਸਾਫ਼ ਪਖਾਨਿਆਂ, ਡਸਟਬਿਨ, ਲਚਕਦਾਰ ਛੁੱਟੀ, ਅਤੇ ਅਜਿਹੇ ਸੱਭਿਆਚਾਰ ਦੀ ਵੀ ਹੈ ਜਿੱਥੇ ਮਾਹਵਾਰੀ ਬਾਰੇ ਦੱਸਣ ‘ਤੇ ਕੋਈ ਸਜ਼ਾ ਨਾ ਮਿਲੇ।
ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਆਰਗੇਨਾਈਜ਼ੇਸ਼ਨ ਦੀ ਡਾਇਰੈਕਟਰ (ਪ੍ਰੋਗਰਾਮ ਅਤੇ ਐਡਵੋਕੇਸੀ) ਨੀਰਜਾ ਭਟਨਾਗਰ ਨੇ ਕਿਹਾ, “ਸਾਡਾ ਵਰਕ ਕਲਚਰ ਅਜੇ ਵੀ ਜ਼ਿਆਦਾਤਰ ਮਰਦ-ਪ੍ਰਧਾਨ ਹੈ। ਵਰਕਪਲੇਸ ਨੂੰ ਵਧੇਰੇ ਲਿੰਗ-ਸਮਾਵੇਸ਼ੀ ਹੋਣ ਦੀ ਲੋੜ ਹੈ। ਉਨ੍ਹਾਂ ਕੋਲ ਲਚਕਦਾਰ ਕੰਮ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਮਾਹਵਾਰੀ ਛੁੱਟੀ ਵਰਗੀਆਂ ਨੀਤੀਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।”
ਪੀਰੀਅਡ ਲੀਵ ਦਾ ਹੋਵੇ ਪ੍ਰਬੰਧ
ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਗੀਤਾ ਲੂਥਰਾ ਨੇ ਕਿਹਾ, “ਸਵੱਛ ਅਤੇ ਪਹੁੰਚਯੋਗ ਪਖਾਨੇ ਮੁੱਢਲੀ ਲੋੜ ਹਨ। ਜਿਵੇਂ ਕੰਮ ਵਾਲੀਆਂ ਥਾਵਾਂ ‘ਤੇ ਹੋਰ ਕਿਸਮਾਂ ਦੀਆਂ ਛੁੱਟੀਆਂ ਉਪਲਬਧ ਹਨ, ਉਸੇ ਤਰ੍ਹਾਂ ਪੀਰੀਅਡ ਲੀਵ ਵੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।” ਮੈਕਸ ਹੈਲਥਕੇਅਰ ਵਿਖੇ ਆਈਵੀਐਫ ਵਿਭਾਗ ਦੀ ਮੁਖੀ ਡਾ. ਸੁਰਵੀਨ ਘੁੰਮਣ ਸਿੰਧੂ ਨੇ ਮਾਹਵਾਰੀ ਨਾਲ ਜੁੜੇ ਡੂੰਘੇ ਸਮਾਜਿਕ ਕਲੰਕ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਜਦੋਂ ਤੱਕ ਮਾਹਵਾਰੀ ਛੁੱਟੀ ਵਰਗੇ ਪ੍ਰਬੰਧਾਂ ਰਾਹੀਂ ਇਸਨੂੰ ਰਸਮੀ ਤੌਰ ‘ਤੇ ਮਾਨਤਾ ਨਹੀਂ ਮਿਲ ਜਾਂਦੀ, ਲੋਕ ਮਾਹਵਾਰੀ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੇ ਰਹਿਣਗੇ।” ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮਾਹਵਾਰੀ ਜ਼ਿੰਦਗੀ ਦਾ ਇੱਕ ਕੁਦਰਤੀ ਹਿੱਸਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਸ ਮੁੱਦੇ ਨੂੰ ਸੰਬੋਧਿਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ
ਨੀਤੀ ਉਦੇਸ਼ ਅਤੇ ਲਾਗੂਕਰਨ
ਨੀਤੀ ਆਯੋਗ ਦੀ ਸਾਬਕਾ ਨਿਰਦੇਸ਼ਕ ਉਰਵਸ਼ੀ ਪ੍ਰਸਾਦ ਨੇ ਕਿਹਾ, “ਜਾਗਰੂਕਤਾ ਵਧਣ ਦੇ ਬਾਵਜੂਦ, ਨੀਤੀਗਤ ਕਾਰਵਾਈ ਸੀਮਤ ਬਣੀ ਹੋਈ ਹੈ। ਬਹੁਤ ਸਾਰੀਆਂ ਨੀਤੀਆਂ ਲਾਗੂ ਨਹੀਂ ਹੋ ਪਾਉਂਦੀਆਂ ਹਨ। ਅਜੇ ਵੀ ਇੱਕ ਮਾਨਸਿਕਤਾ ਦੀ ਸਮੱਸਿਆ ਹੈ ਜਿੱਥੇ ਔਰਤਾਂ ਲਈ ਸ਼ੁਰੂ ਕੀਤੇ ਗਏ ਉਪਾਵਾਂ ਨੂੰ ਅਕਸਰ ਦੁਰਵਰਤੋਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਹਨਾਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਸਾਨੂੰ ਮਾਨਸਿਕਤਾ ਵਿੱਚ ਤਬਦੀਲੀ ਦੀ ਲੋੜ ਹੈ।” ਦ ਹਿਊਮਨ ਕੈਪੀਟਲ ਕੰਪਨੀ ਦੀ ਸਲਾਹਕਾਰ ਡਾ. ਕਿਰਨਪ੍ਰੀਤ ਕੌਰ ਨੇ ਕਿਹਾ, “ਮਾਹਵਾਰੀ ਸਿਹਤ ਅਤੇ ਸੰਬੰਧਿਤ ਮੁੱਦਿਆਂ ਬਾਰੇ ਲੋਕਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।”
ਸੁਨੀਤਾ ਸਿੰਘ ਚੋਕੇਨ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ
ਸ਼ਾਇਦ ਸਭਤੋਂ ਦਿੱਲ ਨੂੰ ਛੂਹਣ ਵਾਲੀ ਕਹਾਣੀ ਸੁਨੀਤਾ ਸਿੰਘ ਚੋਕੇਨ ਦੀ ਹੈ, ਜਿਨ੍ਹਾਂ ਨੇ ਮਾਊਂਟ ਐਵਰੈਸਟ ਜਿੱਤਿਆ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਐਵਰੈਸਟ ‘ਤੇ ਚੜ੍ਹਨ ਦੌਰਾਨ ਮਾਹਵਾਰੀ ਆ ਰਹੀ ਸੀ ਅਤੇ ਮੁਹਿੰਮ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੀਮਤ ਆਕਸੀਜਨ ਅਤੇ ਸਰੀਰਕ ਚੁਣੌਤੀਆਂ ਦੇ ਬਾਵਜੂਦ, ਮੈਂ ਆਪਣੇ ਆਪ ਨੂੰ ਸਿਖਰ ‘ਤੇ ਪਹੁੰਚਣ ਲਈ ਪ੍ਰੇਰਿਤ ਕੀਤਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਅਕਸਰ ਮਾਹਵਾਰੀ ਦੌਰਾਨ ਅਸਾਧਾਰਨ ਉਪਲੱਬਧੀਆਂ ਹਾਸਿਲ ਕਰਦੀਆਂ ਹਨ, ਪਰ ਉਹਨਾਂ ਨੂੰ ਅਕਸਰ ਢੁਕਵਾਂ ਸਮਰਥਨ ਜਾਂ ਪਛਾਣ ਨਹੀਂ ਮਿਲਦੀ।
