Dadasaheb Phalke Award: ਦਿੱਗਜ ਅਦਾਕਾਰਾਂ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਐਲਾਨ
ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ‘ਦਾਦਾ ਸਾਹਿਬ ਫਾਲਕੇ ਐਵਾਰਡ’ ਮਿਲਣ ਜਾ ਰਿਹਾ ਹੈ। ਵਹੀਦਾ ਰਹਿਮਾਨ ਨੇ 60-70 ਦੇ ਦਹਾਕੇ ਵਿੱਚ ਸਿਨੇਮਾ ਉੱਤੇ ਰਾਜ ਕੀਤਾ। ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ, ਡਾਂਸ-ਐਕਟਿੰਗ ਅਤੇ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ। ਵਹੀਦਾ ਰਹਿਮਾਨ ਅਤੇ ਦੇਵ ਆਨੰਦ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ‘ਸੀਆਈਡੀ’ ਤੋਂ ਲੈ ਕੇ ‘ਗਾਈਡ’ ਤੱਕ ਦੋਵਾਂ ਨੇ ਇਕੱਠੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਅਨੁਰਾਗ ਠਾਕੁਰ ਨੇ ਲਿਖਿਆ, ‘ਮੈਂ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਅਤੇ ਸਨਮਾਨ ਮਹਿਸੂਸ ਕਰ ਰਿਹਾ ਹਾਂ ਕਿ ਵਹੀਦਾ ਰਹਿਮਾਨ ਜੀ ਨੂੰ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਸਾਲ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।’
Veteran actor Waheeda Rehman declared the recipient of the prestigious Dadasaheb Phalke Lifetime Achievement Award this year
(file photo) pic.twitter.com/snegUQGr52
— ANI (@ANI) September 26, 2023
ਇਹ ਵੀ ਪੜ੍ਹੋ
ਵਹੀਦਾ ਰਹਿਮਾਨ ਨੇ ਤੇਲਗੂ ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਫਿਲਮਾਂ ‘ਚ ਜ਼ਿਆਦਾ ਆਈਟਮ ਨੰਬਰ ਕਰਦੀ ਸੀ। ਇਕ ਦਿਨ ਗੁਰਦੱਤ ਦੀ ਨਜ਼ਰ ਵਹੀਦਾ ਰਹਿਮਾਨ ‘ਤੇ ਪਈ ਅਤੇ ਉਨ੍ਹਾਂ ਦੀ ਕਿਸਮਤ ਬਦਲ ਗਈ। ਵਹੀਦਾ ਰਹਿਮਾਨ ਨੂੰ ਹਿੰਦੀ ਫ਼ਿਲਮਾਂ ਵਿੱਚ ਲਿਆਉਣ ਵਾਲੇ ਗੁਰਦੱਤ ਸਨ। ਵਹੀਦਾ ਰਹਿਮਾਨ ਨੇ ਦੇਵਾਨੰਦ ਨਾਲ ਫਿਲਮ CID ਵਿੱਚ ਡੈਬਿਊ ਕੀਤਾ ਅਤੇ ਫਿਰ ਪਿਆਸਾ, ਕਾਗਜ਼ ਕੇ ਫੂਲ, ਗਾਈਡ, ਨੀਲ ਕਮਲ, ਤੀਸਰੀ ਕਸਮ, ਰੰਗ ਦੇ ਬਸੰਤੀ ਅਤੇ ਰਾਮ ਔਰ ਸ਼ਿਆਮ ਵਰਗੀਆਂ ਸੁਪਰਹਿੱਟ ਫਿਲਮਾਂ ਕੀਤੀਆਂ।
ਵਹੀਦਾ ਰਹਿਮਾਨ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ ਅਤੇ ਬੰਗਾਲੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਵਹੀਦਾ ਰਹਿਮਾਨ ਨੂੰ ਰਾਸ਼ਟਰੀ ਪੁਰਸਕਾਰ, ਦੋ ਵਾਰ ਫਿਲਮਫੇਅਰ ਪੁਰਸਕਾਰ, ਪਦਮਸ਼੍ਰੀ ਅਤੇ ਪਦਮ ਵਿਭੂਸ਼ਣ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।