ਸਿੱਧੂ ਮੂਸੇਵਾਲਾ ਦੇ “ਫੈਂਟਮ” ਗੀਤ ਨੂੰ ਲੈ ਕੇ ਖੜਾ ਹੋਇਆ ਵਿਵਾਦ, ਮਾਪਿਆਂ ਨੇ ਸਾਗਾ ਮਿਊਜ਼ਿਕ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
Sidhu Moosewala Phantom Song Controversy: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਗਾ ਮਿਊਜ਼ਿਕ ਨੇ "ਫੈਂਟਮ" ਗੀਤ ਉਨ੍ਹਾਂ ਦੀ ਇਜਾਜ਼ਤ ਜਾਂ ਅਧਿਕਾਰਤ ਪ੍ਰਵਾਨਗੀ ਤੋਂ ਬਿਨਾਂ ਰਿਲੀਜ਼ ਕਰ ਦਿੱਤਾ ਹੈ।
ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ
ਪੰਜਾਬੀ ਸੰਗੀਤ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਾਰ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਨਵੇਂ ਗੀਤ “ਫੈਂਟਮ” ਦੀ ਰਿਲੀਜ਼ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ, ਬਲਕੌਰ ਸਿੰਘ ਅਤੇ ਚਰਨ ਕੌਰ ਨੇ ਸੰਗੀਤ ਲੇਬਲ ਸਾਗਾ ਮਿਊਜ਼ਿਕ ‘ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਗੀਤ ਰਿਲੀਜ਼ ਕਰਨ ਦਾ ਆਰੋਪ ਲਗਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਗੀਤ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਰਿਲੀਜ਼ ਕੀਤਾ ਗਿਆ ਹੈ ਅਤੇ ਉਹ ਇਸ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੇ ਹਨ।
ਪਰਿਵਾਰ ਨੇ ਜਾਰੀ ਕੀਤਾ ਬਿਆਨ
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਗਾ ਮਿਊਜ਼ਿਕ ਨੇ “ਫੈਂਟਮ” ਗੀਤ ਉਨ੍ਹਾਂ ਦੀ ਇਜਾਜ਼ਤ ਜਾਂ ਅਧਿਕਾਰਤ ਪ੍ਰਵਾਨਗੀ ਤੋਂ ਬਿਨਾਂ ਰਿਲੀਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸੰਗੀਤ ਲੇਬਲ ਨੂੰ ਰਿਲੀਜ਼ ਨੂੰ ਰੋਕਣ ਅਤੇ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ, ਲੇਬਲ ਨੇ ਗੀਤ ਜਾਰੀ ਕਰ ਦਿੱਤਾ।
ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਸਾਗਾ ਮਿਊਜ਼ਿਕ ਕੋਲ ਕੋਈ ਵੀ ਜਾਇਜ਼ ਦਸਤਾਵੇਜ਼ ਨਹੀਂ ਹਨ ਜੋ ਸਾਬਤ ਕਨ ਕਿ ਉਨ੍ਹਾਂ ਨੂੰ ਗੀਤ ਰਿਲੀਜ਼ ਕਰਨ ਦੀ ਇਜਾਜ਼ਤ ਮਿਲੀ ਸੀ। ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ, “ਸਾਗਾ ਮਿਊਜ਼ਿਕ ਸਾਡੀ ਇਜਾਜ਼ਤ ਜਾਂ ਪ੍ਰਵਾਨਗੀ ਤੋਂ ਬਿਨਾਂ ਸਿੱਧੂ ਮੂਸੇਵਾਲਾ ਦਾ ਗੀਤ ‘ਫੈਂਟਮ’ ਰਿਲੀਜ਼ ਕਰ ਰਿਹਾ ਹੈ। ਅਸੀਂ ਉਨ੍ਹਾਂ ਨੂੰ ਰਿਲੀਜ਼ ਨੂੰ ਰੋਕਣ ਅਤੇ ਹੱਲ ‘ਤੇ ਚਰਚਾ ਕਰਨ ਦੀ ਬੇਨਤੀ ਕੀਤੀ, ਪਰ ਇਸ ਦੇ ਬਾਵਜੂਦ, ਸਾਗਾ ਮਿਊਜ਼ਿਕ ਨੇ ਸਾਡੇ ਤੋਂ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਗੀਤ ਰਿਲੀਜ਼ ਕਰ ਦਿੱਤਾ। ਅਸੀਂ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਅਧਿਕਾਰਾਂ ਦੀ ਰੱਖਿਆ ਲਈ ਢੁਕਵੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ।”
ਦੂਜੇ ਗਾਇਕਾਂ ਅਤੇ ਸੰਗੀਤ ਲੇਬਲਸ ਨੂੰ ਅਪੀਲ
ਬਲਕੌਰ ਸਿੰਘ ਅਤੇ ਚਰਨ ਕੌਰ ਨੇ ਇਸ ਮਾਮਲੇ ‘ਤੇ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਦੂਜੇ ਕਲਾਕਾਰਾਂ ਅਤੇ ਸੰਗੀਤ ਲੇਬਲਸ ਨੂੰ ਸੰਦੇਸ਼ ਦਿੱਤਾ ਹੈ, ਜੋ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸਬੰਧਤ ਅਧਿਕਾਰ ਜਾਂ ਦਸਤਾਵੇਜ਼ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਨੇ ਅਜਿਹੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਦੇ ਕਿਸੇ ਵੀ ਗੀਤ ਦਾ ਕੋਈ ਵੀ ਜਨਤਕ ਐਲਾਨ ਕਰਨ ਜਾਂ ਰਿਲੀਜ਼ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸੰਪਰਕ ਜਰੂਰ ਕਰਨ।
ਇਹ ਵੀ ਪੜ੍ਹੋ
ਪਰਿਵਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਗੀਤ ਅਤੇ ਗੀਤਾਂ ਨਾਲ ਸਬੰਧਤ ਸਾਰੇ ਮਾਮਲਿਆਂ ‘ਤੇ ਸਿੱਧੇ ਤੌਰ ‘ਤੇ ਪਰਿਵਾਰ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ। ਉਹ ਆਪਣੇ ਪੁੱਤਰ ਦੀ ਵਿਰਾਸਤ ਅਤੇ ਸੰਬੰਧਿਤ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ।
