Sidhu Moosewala: ਚਾਰ ਸਾਲ ਬਾਅਦ ਵੀ ਫਿੱਕੀ ਨਹੀਂ ਹੋਈ ਇਸ ਸਿਤਾਰੇ ਦੀ ਚਮਕ

Updated On: 

29 May 2026 16:33 PM IST

Sidhu Moosewala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ਮੌਕੇ ਵੀਰਵਾਰ ਨੂੰ ਮੂਸਾ ਪਿੰਡ 'ਚ ਇੱਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ, ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸਿਆਸਤਦਾਨਾਂ ਨੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ। ਇਸ ਸਮਾਰੋਹ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਖੰਡ ਪਾਠ ਦੇ ਭੋਗ ਪਾਏ ਗਏ।

Sidhu Moosewala:  ਚਾਰ ਸਾਲ ਬਾਅਦ ਵੀ ਫਿੱਕੀ ਨਹੀਂ ਹੋਈ ਇਸ ਸਿਤਾਰੇ ਦੀ ਚਮਕ

Photo Credit: Chatgpt

ਪੰਜਾਬੀ ਸੰਗੀਤ ਜਗਤ ਵਿੱਚ ਕੁਝ ਅਜਿਹੇ ਕਲਾਕਾਰ ਹੋਏ ਹਨ ਜੋ ਸਿਰਫ਼ ਗੀਤ ਨਹੀਂ ਗਾਂਦੇ, ਸਗੋਂ ਇੱਕ ਪੂਰੀ ਪੀੜ੍ਹੀ ਦੀ ਆਵਾਜ਼ ਬਣ ਜਾਂਦੇ ਹਨ। ਸਿੱਧੂ ਮੂਸੇਵਾਲਾ ਇੱਕ ਅਜਿਹਾ ਹੀ ਇੱਕ ਨਾਮ ਸੀ, ਜਿਸ ਨੇ ਆਪਣੀ ਕਲਮ ਅਤੇ ਆਪਣੀ ਆਵਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਅਤੇ ਮੌਤ ਦੇ ਅੱਜ ਚਾਰ ਸਾਲਾਂ ਬਾਅਦ ਵੀ ਇਸ ਸਿਤਾਰੇ ਦੀ ਚਮਕ ਪਹਿਲਾਂ ਵਾਂਗ ਹੀ ਬਰਕਰਾਰ ਹੈ। ਪੰਜਾਬੀ ਸੰਗੀਤ ਇੰਡਸਟਰੀ ਦੇ ਉੱਭਰਦੇ ਸਿਤਾਰੇ ਸਿੱਧੂ ਮੂਸੇਵਾਲਾ ਦਾ ਅੱਜ ਤੋਂ ਠੀਕ ਚਾਰ ਸਾਲ ਪਹਿਲਾਂ ਦਿਨ-ਦਿਹਾੜੇ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 29 ਮਈ, 2022 ਨੂੰ ਮੂਸੇਵਾਲਾ ਜਦੋਂ ਆਪਣੇ ਘਰ ਤੋਂ ਨਿਕਲੇ ਤਾਂ ਫਿਰ ਕਦੇ ਨਹੀਂ ਪਰਤੇ। ਪਹਿਲਾਂ ਤੋਂ ਹੀ ਤਾਕ ਵਿੱਚ ਬੈਠੇ ਕੁਝ ਗੈਂਗਸਟਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਗੱਡੀ ਵਿੱਚ ਗੋਲੀਆਂ ਨਾਲ ਵਿੰਨ੍ਹ ਦਿੱਤਾ।

29 ਮਈ ਦਾ ਦਿਨ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਅਜਿਹਾ ਸਦਮਾ ਲੈ ਕੇ ਆਇਆ ਜਿਸਨੂੰ ਕਦੇ ਵੀ ਭੁੱਲਣਾ ਮੁਸ਼ਕਲ ਹੈ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਸਿਰਫ਼ ਇੱਕ ਕਲਾਕਾਰ ਦੀ ਮੌਤ ਨਹੀਂ ਸੀ, ਸਗੋਂ ਇੱਕ ਅਜਿਹੀ ਆਵਾਜ਼ ਦਾ ਚੁੱਪ ਹੋ ਜਾਣਾ ਸੀ ਜੋ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਨਾ ਸਿਰਫ ਭਾਰਤ ਵਿੱਚ ਰਹਿੰਦੇ ਲੋਕਾਂ ਨੂੰ, ਸਗੋਂ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਲੱਖਾਂ-ਕਰੋੜਾਂ ਫੈਨਸ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ।

ਪੰਜਾਬ ਦੀ ਨੌਜਵਾਨੀ ਦੀ ਆਵਾਜ਼ ਸੀ ਇਹ ਸਿਤਾਰਾ

ਮੂਸੇਵਾਲਾ ਸਿਰਫ਼ ਇੱਕ ਗਾਇਕ ਨਹੀਂ ਸੀ, ਉਹ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਨੌਜਵਾਨਾਂ ਦੇ ਸੁਪਨਿਆਂ ਅਤੇ ਆਪਣੀ ਪਛਾਣ ਲਈ ਲੜਨ ਵਾਲੀ ਸੋਚ ਦਾ ਪ੍ਰਤੀਕ ਸੀ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ, ਜ਼ਿੰਦਗੀ ਦੇ ਤਜਰਬੇ ਅਤੇ ਹਕੀਕਤ ਦੀ ਝਲਕ ਮਿਲਦੀ ਸੀ। ਇਸੇ ਕਰਕੇ ਹੀ, ਬਹੁਤ ਛੋਟੀ ਜਿਹੀ ਉਮਰ ਵਿੱਚ ਹੀ ਉਨ੍ਹਾਂ ਦੀ ਲੋਕਪ੍ਰਿਯਤਾ ਪੰਜਾਬ ਦੀਆਂ ਸਰਹੱਦਾਂ ਤੋਂ ਪਰੇ ਪੂਰੀ ਦੁਨੀਆ ਤੱਕ ਫੈਲ ਗਈ।

ਅੱਜ ਵੀ ਦਿਲਾਂ ਵਿੱਚ ਜ਼ਿੰਦਾ ਹੈ ਸ਼ੁਭਦੀਪ

ਅੱਜ ਵੀ ਜਦੋਂ ਉਨ੍ਹਾਂ ਦੇ ਗੀਤ ਵੱਜਦੇ ਹਨ, ਤਾਂ ਇੰਝ ਲੱਗਦਾ ਹੈ ਕਿ ਜਿਵੇਂ ਇਹ ਸਿਤਾਰਾ ਅਕਾਸ਼ ਤੇ ਨਹੀਂ ਹਾਲੇ ਵੀ ਧਰਤੀ ਤੇ ਮੌਜੂਦ ਹੈ। ਉਨ੍ਹਾਂ ਦੀ ਠੇਠ ਪੰਜਾਬੀ ਆਵਾਜ਼ ਵਿੱਚ ਇੱਕ ਅਜਿਹਾ ਜਾਦੂ ਸੀ ਜੋ ਪਲਕ ਝਪਕਦਿਆਂ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦਾ ਸੀ। ਉਨ੍ਹਾਂ ਦੇ ਗੀਤ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ ਅਤੇ ਇਹ ਅਹਿਸਾਸ ਕਰਵਾਉਂਦੇ ਹਨ ਕਿ ਇਨਸਾਨ ਭਾਵੇਂ ਇਸ ਦੁਨੀਆ ਤੋਂ ਚਲਾ ਜਾਵੇ, ਪਰ ਉਸਦੀ ਕਲਾ ਅਤੇ ਉਸਦੇ ਵਿਚਾਰ ਹਮੇਸ਼ਾ ਜ਼ਿੰਦਾ ਰਹਿੰਦੇ ਹਨ।

ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦਾ ਨਾਮ, ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੇ ਜਾਣਗੇ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਸਦਾ ਜ਼ਿੰਦਾ ਰਹਿਣਗੇ, ਕਿਉਂਕਿ ਕੁਝ ਲੋਕ ਸਰੀਰਕ ਤੌਰ ‘ਤੇ ਭਾਵੇਂ ਦੂਰ ਹੋ ਜਾਂਦੇ ਹਨ, ਪਰ ਆਪਣੀ ਕਲਾ ਰਾਹੀਂ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।

ਪਰਿਵਾਰ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਸਿੱਧੂ ਦੇ ਕਤਲ ਮਾਮਲੇ ਵਿੱਚ ਕੁੱਲ 38 ਮੁਲਜ਼ਮ ਨਾਮਜ਼ਦ ਹਨ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਹੁਣ ਤੱਕ 59 ਸੁਣਵਾਈਆਂ ਕੀਤੀਆਂ ਹਨ, ਅਤੇ ਇਹ ਮਾਮਲਾ ਕਾਫ਼ੀ ਗੁੰਝਲਦਾਰ ਹੋ ਗਿਆ ਹੈ। ਇਸ ਵਿੱਚ ਗੈਂਗਸਟਰ, ਮੁਖਬਰ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਕਈ ਅਪਰਾਧੀ ਸ਼ਾਮਲ ਹਨ। ਇੱਕ ਪਾਸੇ ਤਾਂ ਜਿੱਥੇ ਪਰਿਵਾਰ ਨੇ ਆਪਣਾ ਨੌਜਵਾਨ ਪੁੱਤਰ ਅਤੇ ਚਮਕਦਾ ਸਿਤਾਰਾ ਗਵਾ ਦਿੱਤਾ…ਪਰ ਦੂਜੇ ਪਾਸੇ ਉਨ੍ਹਾਂ ਦੀਆਂ ਮੁਸ਼ਕਲਾਂ ਚਾਰ ਸਾਲਾਂ ਬਾਅਦ ਵੀ ਬਰਕਰਾਰ ਹਨ। ਮੂਸੇਵਾਲਾ ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਇਨਸਾਫ ਮਿਲਣ ਦੀ ਥਾਂ ਉਨ੍ਹਾਂ ਤੇ ਸਮਝੌਤਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

Follow Us