ਨਹੀਂ ਰਹੇ ਕਾਮੇਡੀ ਦੇ ਸਰਤਾਜ ‘ਚਾਚਾ ਚਤਰਾ’, ਜਸਵਿੰਦਰ ਭੱਲਾ ਨੇ 65 ਸਾਲ ਦੀ ਉਮਰ ‘ਚ ਲਏ ਆਖਿਰੀ ਸਾਹ
Jaswinder Bhalla Death: ਜਸਵਿੰਦਰ ਭੱਲਾ ਦੇ ਦੇਹਾਂਤ ਤੇ ਉਨ੍ਹਾਂ ਦੇ ਕਰੀਬੀ ਦੋਸਤ ਤੇ ਅਦਾਕਾਰ ਬਾਲ ਮੁਕੰਦ ਸ਼ਰਮਾ ਨੇ ਨੇ ਦੱਸਿਆ ਕਿ ਪਰਸੋਂ ਰਾਤ ਉਨ੍ਹਾਂ ਨੂੰ ਕਿਸੇ ਕਿਸਮ ਦਾ ਅਟੈਕ ਹੋਇਆ ਸੀ। ਭੱਲਾ ਨੇ ਰਾਤ 8 ਤੋਂ 9 ਬਜੇ ਦੀ ਕਰੀਬ ਖਾਣਾ ਖਾਦਾ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਉਲਟੀ ਆਈ ਤੇ ਬੇਹੋਸ਼ੀ ਦਾ ਦੌਰਾ ਹੋਇਆ। ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਪੰਜਾਬੀ ਅਦਾਕਾਰ ਦੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿੱਛਲ ਕਈ ਦਿਨਾਂ ਤੋਂ ਬੇਹੱਦ ਬਿਮਾਰ ਸਨ। ਉਨ੍ਹਾਂ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ, ਪਰ ਸਥਿਤੀ ਬੇਹੱਦ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਦਮ ਤੋੜ੍ਹ ਦਿੱਤਾ। ਉਨ੍ਹਾਂ ਨੇ 65 ਸਾਲ ਦੀ ਉਮਰ ‘ਚ ਆਖਿਰੀ ਸਾਹ ਲਿਆ ਹੈ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ। ਜਸਵਿੰਦਰ ਭੱਲਾ ਦਾ ਕੱਲ੍ਹ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ‘ਚ ਅੰਤਿਮ ਸਸਕਾਰ ਹੋਵੇਗਾ।
ਬ੍ਰੇਨ ਸਟੋਰਕ ਤੋਂ ਬਾਅਦ ਹਸਪਤਾਲ ‘ਚ ਕਰਵਾਇਆ ਸੀ ਭਰਤੀ
ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ, ਉਨ੍ਹਾਂ ਦੇ ਕਰੀਬੀ ਦੋਸਤ ਤੇ ਅਦਾਕਾਰ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਪਰਸੋਂ ਰਾਤ ਭੱਲਾ ਨੂੰ ਕਿਸੇ ਕਿਸਮ ਦਾ ਅਟੈਕ ਹੋਇਆ ਸੀ। ਭੱਲਾ ਨੇ ਰਾਤ 8 ਤੋਂ 9 ਬਜੇ ਦੀ ਕਰੀਬ ਖਾਣਾ ਖਾਦਾ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਉਲਟੀ ਆਈ ਤੇ ਬੇਹੋਸ਼ੀ ਦਾ ਦੌਰਾ ਹੋਇਆ। ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬ੍ਰੇਨ ਸਟੋਰਕ ਹੋਇਆ ਹੈ ਤੇ ਬਲੀਡਿੰਗ (ਖੂਨ) ਪੂਰਾ ਫੈਲ ਗਿਆ। ਸ਼ਰਮਾ ਨੇ ਦੱਸਿਆ ਕਿ ਅਸੀਂ ਸਰਜ਼ਰੀ ਕਰਨ ਲਈ ਕਿਹਾ, ਪਰ ਡਾਕਟਰ ਨੇ ਦੱਸਿਆ ਕਿ ਬਲੀਡਿੰਗ ਕਾਫ਼ੀ ਫੈਲ ਗਈ ਹੈ ਤੇ ਸਥਿਤੀ ਬੇਹੱਦ ਖ਼ਰਾਬ ਹੈ। ਉਨ੍ਹਾਂ ਨੇ ਦੱਸਿਆ ਅੱਜ ਸਵੇਰੇ 4 ਵਜੇ ਦੇ ਕਰੀਬ ਉਨ੍ਹਾਂ ਨੇ ਆਖਿਰੀ ਸਾਹ ਲਏ।
ਡਾਈਬਟਿਜ਼ ਤੋਂ ਸਨ ਪੀੜ੍ਹਤ, ਪਹਿਲੇ ਵੀ ਦਿਲ ਤੇ ਦਿਮਾਗ ‘ਚ ਆਈ ਸੀ ਦਿੱਕਤ
ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਨੂੰ ਸਾਲ-ਡੇਢ ਸਾਲ ਪਹਿਲਾਂ ਡਾਇਬਟੀਜ਼ ਕਰਕੇ ਪਰੇਸ਼ਾਨੀ ਆਉਣੀ ਸ਼ੁਰੂ ਹੋਈ ਸੀ। ਉਹ ਘਰ ਹੀ ਰਹਿੰਦੇ ਸੀ, ਇਸ ਦੌਰਾਨ ਉਨ੍ਹਾਂ ਨੂੰ ਅਸੀਂ ਹਸਪਤਾਲ ਲਿਜਾਉਂਦੇ ਰਹੇ। ਉਨ੍ਹਾਂ ਨੂੰ ਇਸ ਦੌਰਾਨ ਹਾਰਟ ਤੇ ਬ੍ਰੇਨ ਦੀ ਦਿੱਕਤ ਵੀ ਆਈ, ਪਰ ਉਹ ਕਾਫੀ ਰਿਕਵਰ ਕਰ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਬੀਤੇ ਮੰਗਲਵਾਰ ਨੂੰ ਭੱਲਾ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਮੈਨੂੰ ਬੜੇ ਪਿਆਰ ਨਾਲ ਗੱਲੇ ਲਗਾਇਆ। ਉਨ੍ਹਾਂ ਨੇ ਦੱਸਿਆ ਸ਼ਾਇਦ ਜਸਵਿੰਦਰ ਭੱਲਾ ਨੂੰ ਆਕਾਸ਼ਵਾਨੀ ਸੰਕੇਤ ਮਿਲ ਰਹੇ ਸਨ ਕਿ ਮੈਂ ਜ਼ਿਆਦਾ ਸਮੇਂ ਲਈ ਨਹੀਂ ਰਹਿਣਾ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਉਹ ਜਿਹੜਾ ਘਾਟਾ ਆਪਣੇ ਪਰਿਵਾਰ ਨੂੰ, ਮੇਰੇ ਪਰਿਵਾਰ ਨੂੰ, ਪੰਜਾਬੀ ਫਿਲਮ ਇੰਡਸਟਰੀ, ਕਾਮੇਡੀ ਇੰਡਸਟਰੀ ਨੂੰ ਤੇ ਪੂਰੇ ਦੁਨੀਆਂ ਨੂੰ ਪਾ ਗਏ ਹਨ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਜਿਹੜਾ ਪਿਆਰ ਮੈਨੂੰ ਦਿੱਤਾ, ਉਹ ਸਗੇ ਭਰਾਵਾਂ ਨਾਲੋਂ ਵੀ ਵੱਧ ਸੀ। ਉਨ੍ਹਾਂ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਮਾਵਾਂ ਤੋਂ ਜਨਮੇ ਹਾਂ।
