ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ, ਬਿੰਨੂੰ ਢਿੱਲੋਂ-ਗਿੱਪੀ ਗਰੇਵਾਲ ਸਮੇਤ ਕਈ ਕਲਾਕਾਰਾਂ ਨੇ ਜਤਾਇਆ ਦੁੱਖ
Jaswinder Bhalla Death Punjabi Film Industry Reaction:ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਪੰਜਾਬ ਅਦਾਕਾਰ ਬਿੰਨੂ ਢਿੱਲੋਂ, ਗਿੱਪੀ ਗਰੇਵਾਲ, ਨਿਰਮਲ ਰਿਸ਼ੀ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਸਮੇਤ ਪੂਰੀ ਹੀ ਇਡੰਸਟਰੀ ਨੇ ਦੁੱਖ ਜ਼ਾਹਰ ਕੀਤਾ ਹੈ।
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਭੱਲਾ ਦੇ ਕਰੀਬੀ ਦੋਸਤ ਬਾਲ ਮੁਕੰਦ ਸ਼ਰਮਾ ਮੁਤਾਬਕ ਭੱਲਾ ਨੂੰ ਪਰਸੋਂ ਯਾਨੀ ਬੁੱਧਵਾਰ ਨੂੰ ਬ੍ਰੇਨ ਸਟ੍ਰੋਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ, ਕਾਫੀ ਬਲੀਡਿੰਗ ਹੋਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਅੱਜ ਸਵੇਰੇ ਕਰੀਬ 4 ਵਜੇ ਉਨ੍ਹਾਂ ਨੇ ਆਖਿਰੀ ਸਾਹ ਲਏ।
ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਉਨ੍ਹਾਂ ਨੂੰ ਯਾਦ ਕਰ ਰਹੀ ਹੈ। ਬਿੰਨੂ ਢਿੱਲੋਂ, ਗਿੱਪੀ ਗਰੇਵਾਲ, ਨਿਰਮਲ ਰਿਸ਼ੀ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਸਮੇਤ ਪੂਰੀ ਹੀ ਇਡੰਸਟਰੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ।
ਬਿੰਨੂੰ ਢਿੱਲੋਂ ਨੇ ਦੁੱਖ ਪ੍ਰਗਟ ਕੀਤਾ
ਜਸਵਿੰਦਰ ਭੱਲਾ ਨਾਲ ਕੈਰੀ ਆਨ ਜੱਟਾ, ਮਿਸਟਰ ਐਂਡ ਮਿਸੇਜ਼ 420, ਵਧਾਈਆਂ ਜੀ ਵਧਾਈਆਂ ਵਰਗੀਆਂ ਹੋਰ ਵੀ ਕਈ ਫਿਲਮਾਂ ‘ਚ ਕੰਮ ਕਰ ਚੁੱਕੇ, ਬਿੰਨੂੰ ਢਿੱਲੋਂ ਨੇ ਆਪਣੇ ਦੋਸਤ ਤੇ ਸੀਨੀਅਰ ਅਦਾਕਾਰ ਦੇ ਦੇਹਾਂਤ ਤੇ ਇੰਸਟਾਗ੍ਰਾਮ ਪੋਸਟ ਕੀਤੀ।
ਉਨ੍ਹਾਂ ਨੇ ਲਿਖਿਆ, “ਅੱਜ ਮੈਂ ਸਿਰਫ਼ ਇਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇਕ ਪਿਆਰੇ ਦੋਸਤ, ਇਕ ਵੱਡੇ ਭਰਾ, ਇਕ ਰਹਨੁਮਾ ਨੂੰ ਖੋ ਬੈਠਿਆ ਹਾਂ। ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂ। ਸੈੱਟਾਂ ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ। ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ ਜੀ”
ਕਰਮਜੀਤ ਅਨਮੋਲ ਨੇ ਦਿੱਤੀ ਸ਼ਰਧਾਂਜਲੀ
ਕਰਮਜੀਤ ਅਨਮੋਲ ਵੀ ਜਸਵਿੰਦਰ ਭੱਲਾ ਨਾਲ ਕਈ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਪੋਸਟ ਕਰਦੇ ਹੋਏ ਲਿਖਿਆ, “ਅਲਵਿਦਾ!ਭੱਲਾ ਸਾਹਿਬ ਮਨ ਧੁਰ-ਅੰਦਰ ਤੋਂ ਬੇਹੱਦ ਉਦਾਸ, ਗ਼ਮਗੀਨ ਹੈ। ਭੱਲਾ ਸਾਹਿਬ!ਤੁਸੀਂ ਜਿੱਥੇ ਸ਼ਾਨਦਾਰ ਐਕਟਰ ਸੀ, ਉਸ ਤੋਂ ਵੀ ਕਿਤੇ ਵਧੀਆ ਇਨਸਾਨ ਸੀ।ਇਹ ਤੁਹਾਡਾ ਵਡੱਪਣ ਹੀ ਸੀ ਕਿ ਤੁਸੀਂ ਐਨੇ ਵੱਡੇ ਅਹੁਦੇ ਤੇ ਪ੍ਰਸਿੱਧੀ ਦੇ ਸਿਖ਼ਰ ਤੇ ਪਹੁੰਚ ਕੇ ਵੀ ਸਾਨੂੰ ਹਮੇਸ਼ਾ ਆਪਣਿਆਂ ਵਾਂਗ ਰੱਖਿਆ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਹੈ ਤੋਂ ਸੀ ਤਕ ਜੋ ਕੁਝ ਵੀ ਹਾਸਲ ਕੀਤਾ ,ਉਸ ਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਅਲਵਿਦਾ!ਭੱਲਾ ਸਾਹਿਬ…”
ਵਿਸ਼ਵਾਸ਼ ਕਰਨਾ ਬਹੁੱਤ ਔਖਾ- ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਇਸ ‘ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ। ਮੈਨੂੰ ਸਦਮਾ ਲੱਗਾ ਹੈ। ਉਹ ਪੂਰੀ ਇੰਡਸਟਰੀ ਵਿੱਚ ਸਾਡੇ ਲਈ ਇੱਕ ਪਿਤਾ, ਸਲਾਹਕਾਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵਾਂਗ ਸਨ, ਯਾਦਾਂ ਸਿਰਜਦੇ ਸਨ ਅਤੇ ਪਰਿਵਾਰ ਵਾਂਗ ਪਲਾਂ ਦਾ ਆਨੰਦ ਮਾਣਦੇ ਸਨ। ਸਾਡਾ ਰਿਸ਼ਤਾ ਬਹੁਤ ਮਜ਼ਬੂਤ ਸੀ। ਇਹ ਸਭ ਤੋਂ ਬੁਰੀ ਖ਼ਬਰ ਹੈ। ਰੈਸਟ ਇੰਨ ਪੀਸ। ਪਰਿਵਾਰ ਨੂੰ ਮੇਰੀ ਸਾਰੀ ਤਾਕਤ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੰਮ ਰਾਹੀਂ ਜਿਉਂਦੀ ਰਹੇਗੀ, ਅਤੇ ਸਾਡੀ ਜ਼ਿੰਦਗੀ ‘ਤੇ ਉਨ੍ਹਾਂ ਦਾ ਪ੍ਰਭਾਵ ਕਦੇ ਨਹੀਂ ਭੁੱਲੇਗਾ। ਮੈਂ ਉਨ੍ਹਾਂ ਯਾਦਾਂ ਨੂੰ ਯਾਦ ਰੱਖਾਂਗਾ ਜੋ ਅਸੀਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੇ ਮੈਨੂੰ ਜੋ ਵੀ ਸਿਖਾਇਆ ਉਹ ਯਾਦ ਰੱਖਾਂਗਾ। ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਜਸਵਿੰਦਰ ਭੱਲਾ ਪਾਜੀ।”
